ਸੁੱਖੀ ਰੰਧਾਵਾ ਅਤੇ ਜਸਟਿਸ ਰਣਜੀਤ ਸਿੰਘ ਵਿਰੁਧ ਸੀ.ਬੀ.ਆਈ. ਜਾਂਚ ਹੋਵੇ : ਮਜੀਠੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਸੰਵੇਦਨਸ਼ੀਲ ਮੁੱਦਿਆਂ 'ਤੇ ਝੂਠੀਆਂ ਰਿਪੋਰਟਾਂ ਤਿਆਰ ਕਰਦਿਆਂ...............

Bikram Singh Majithia

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਸੰਵੇਦਨਸ਼ੀਲ ਮੁੱਦਿਆਂ 'ਤੇ ਝੂਠੀਆਂ ਰਿਪੋਰਟਾਂ ਤਿਆਰ ਕਰਦਿਆਂ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਖੇਰੂੰ ਖੇਰੂੰ ਕਰਨ ਅਤੇ ਮਾਹੌਲ ਖ਼ਰਾਬ ਕਰਨ ਦੀਆਂ ਸਾਜ਼ਿਸ਼ਾਂ ਰਚਨ ਲਈ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਜਸਟਿਸ ਰਣਜੀਤ ਸਿੰਘ ਵਿਰੁਧ ਪਰਚਾ ਦਰਜ ਕਰਦਿਆਂ ਸੀ ਬੀ ਆਈ ਤੋਂ ਅਤੇ ਬੇਅਦਬੀ ਮਾਮਲਿਆਂ ਦੀ ਪੜਤਾਲ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ।  

ਸ. ਮਜੀਠੀਆ ਹਲਕਾ ਬਾਬਾ ਬਕਾਲਾ ਦੇ ਪਾਰਟੀ ਇੰਚਾਰਜ ਸ. ਮਲਕੀਅਤ ਸਿੰਘ ਏ ਆਰ ਦੀ ਪ੍ਰੇਰਣਾ ਸਦਕਾ ਅਕਾਲੀ ਦਲ ਵਿਚ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਵਪਾਰ ਵਿੰਗ ਦੇ ਸੈਕਟਰ ਇੰਚਾਰਜ ਸ. ਪੂਰਨ ਸਿੰਘ ਗਿੱਲ ਖ਼ਰਚੀਆਂ ਅਤੇ ਜ਼ੋਨਲ ਇੰਚਾਰਜ ਗੁਰਮੀਤ ਸਿੰਘ ਪਨੇਸਰ ਦੇ ਸੈਂਕੜੇ ਸਾਥੀਆਂ ਦੇ ਸਵਾਗਤ ਲਈ ਖਰਚੀਆਂ ਵਿਖੇ ਰੱਖੀ ਗਈ ਪ੍ਰਭਾਵਸ਼ਾਲੀ ਰੈਲੀ ਨੂੰ ਸੰਬੋਧਨ ਕਰਨ ਆਏ ਸਨ। ਇਸ ਮੌਕੇ ਲੋਕ ਸਭਾ ਮੈਂਬਰ ਸ: ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਮੰਤਰੀ ਜਥੇ. ਗੁਲਜ਼ਾਰ ਸਿੰਘ ਰਣੀਕੇ ਵੀ ਮੌਜੂਦ ਸਨ। 

ਸ. ਮਜੀਠੀਆ ਨੇ ਪ੍ਰੈੱਸ ਨੂੰ ਦਸਿਆ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਮੰਤਰੀ ਸੁਖੀ ਰੰਧਾਵਾ ਦੇ ਝੂਠ ਦਾ ਪ੍ਰਗਟਾਵਾ ਹਿੰਮਤ ਸਿੰਘ ਵਲੋਂ ਕੀਤੇ ਜਾਣ ਨਾਲ ਪੂਰੀ ਸਾਜਸ਼ ਬੇਨਕਾਬ ਹੋ ਕੇ ਸੱਚਾਈ ਸੱਭ ਦੇ ਸਾਹਮਣੇ ਆ ਚੁਕੀ ਹੈ। ਉਨ੍ਹਾਂ ਦਸਿਆ ਕਿ ਸਾਜ਼ਿਸ਼ ਪਿੱਛੇ ਅਕਾਲੀ ਦਲ ਨੂੰ ਬਦਨਾਮ ਕਰਨ ਅਤੇ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਜਮਾਉਣ ਦੀਆਂ ਕਾਂਗਰਸ ਦੀਆਂ ਲਾਲਸਾਵਾਂ ਹਨ ਜਿਸ ਪ੍ਰਤੀ ਮਰਹੂਮ ਇੰਦਰਾ ਗਾਂਧੀ ਕਾਮਯਾਬ ਨਹੀਂ ਹੋ ਸਕੀ, ਉਸ ਦੇ ਸੁਪਨੇ ਨੂੰ ਪੂਰਾ ਕਰਨ ਦੇ ਫ਼ਿਰਾਕ 'ਚ ਅਜਿਹੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ ਅਤੇ ਅਖੌਤੀ ਜਥੇਦਾਰ ਖੜੇ ਕੀਤੇ ਗਏ ਹਨ। 

ਉਨ੍ਹਾਂ ਕਿਹਾ ਕਿ ਉਹ ਸੁਖੀ ਰੰਧਾਵਾ ਦੇ ਪਿਤਾ ਅਤੇ ਪੰਜਾਬ ਕਾਂਗਰਸ ਦੇ ਤਤਕਾਲੀ ਪ੍ਰਧਾਨ ਸੰਤੋਖ ਸਿੰਘ ਰੰਧਾਵਾ ਹੀ ਸਨ ਜਿਨ੍ਹਾਂ ਸ੍ਰੀ ਦਰਬਾਰ ਸਾਹਿਬ 'ਤੇ ਤੋਪਾਂ ਟੈਂਕਾਂ ਨਾਲ ਕੀਤੇ ਗਏ ਹਮਲੇ ਲਈ ਇੰਦਰਾ ਗਾਂਧੀ ਨੂੰ ਸ਼ਰੇਆਮ ਵਧਾਈ ਦਿਤੀ ਸੀ। ਹੁਣ ਸੁਖੀ ਰੰਧਾਵਾ ਆਪਣੀਆਂ ਹਰਕਤਾਂ ਨਾਲ ਗਾਂਧੀ ਪਰਿਵਾਰ ਨੂੰ ਖ਼ੁਸ਼ ਕਰਨ 'ਤੇ ਤੁਲਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਹਿੰਮਤ ਸਿੰਘ ਤੋਂ ਸੁਖੀ ਰੰਧਾਵੇ ਵੱਲੋਂ ਅੰਗਰੇਜ਼ੀ ਵਿਚ ਆਪੇ ਲਿਖੇ ਲਿਖਾਏ ਪੇਪਰਾਂ 'ਤੇ ਸਾਈਨ ਕਰਵਾ ਲਏ ਗਏ ਅਤੇ ਹਿੰਮਤ ਸਿੰਘ ਨੂੰ ਨਾਲ ਭੇਜ ਕੇ ਕਮਿਸ਼ਨ ਨੂੰ ਸੌਂਪ ਦਿਤੇ ਗਏ। ਜਦ ਕਿ ਉਹ ਅੰਗਰੇਜ਼ੀ ਭਾਸ਼ਾ ਤੋਂ ਪੂਰੀ ਤਰਾਂ ਅਣ ਜਾਣ ਹਨ। ਉਨ੍ਹਾਂ ਕਿਹਾ ਕਿ ਸੁਖੀ ਰੰਧਾਵਾ ਖ਼ੁਦ ਕਬੂਲ ਕਰ ਚੁੱਕਿਆ ਹੈ ਕਿ ਉਸ ਦੀ ਜਸਟਿਸ ਰਣਜੀਤ ਸਿੰਘ ਨਾਲ ਕਈ ਵਾਰ ਗੱਲ ਹੋਈ ਹੈ।