ਨਾਮਧਾਰੀਆਂ ਵਲੋਂ ਸਿੱਖ ਇਤਿਹਾਸ ਨਾਲ ਛੇੜਛਾੜ ਦੀ ‘ਸਿੱਖ ਇਤਿਹਾਸ ਰਿਸਰਚ ਬੋਰਡ’ ਵਲੋਂ ਪੁਸ਼ਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਧਰਮ ਪ੍ਰਚਾਰ ਕਮੇਟੀ ਦੇ ਮਤੇ ’ਤੇ ਅਕਾਲ ਤਖ਼ਤ ਵਲੋਂ ਕਾਰਵਾਈ ਦੇ ਆਦੇਸ਼

Sikh History Research Board

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਨਾਮਧਾਰੀ ਸੰਪਰਦਾ ਵਲੋਂ ‘ਨਾਮਧਾਰੀ ਨਿਤ-ਨੇਮ’ ਹੇਠ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਛੇੜਛਾੜ ਕੀਤੇ ਜਾਣ ਦੀ ਸ਼੍ਰੋਮਣੀ ਕਮੇਟੀ ਨੂੰ ਕੀਤੀ ਗਈ ਇਕ ਸ਼ਿਕਾਇਤ ’ਤੇ ਮੁਕੰਮਲ ਕਾਰਵਾਈ ਨਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਬਲਦੇਵ ਸਿੰਘ ਸਿਰਸਾ ਵਲੋਂ ਆਰਟੀਆਈ ਤਹਿਤ ਸ਼੍ਰੋਮਣੀ ਕਮੇਟੀ ਕੋਲੋਂ ਹਾਸਲ ਜਾਣਕਾਰੀ ਵਿਚ ਕਈ ਅਹਿਮ ਪ੍ਰਗਟਾਵੇ ਹੋਏ ਹਨ। ਜਿਨ੍ਹਾਂ ਮੁਤਾਬਕ ਸਿਰਸਾ ਦੀ ਸ਼ਿਕਾਇਤ ’ਤੇ ਸ਼੍ਰੋਮਣੀ ਕਮੇਟੀ ਵਲੋਂ ਇਹ ਮਾਮਲਾ ਕਰੀਬ ਇਕ ਸਾਲ ਪਹਿਲਾਂ ਅਪਣੇ ‘ਸਿੱਖ ਰਿਸਰਚ ਬੋਰਡ’ ਨੂੰ ਪੜਤਾਲ ਲਈ ਭੇਜਿਆ ਗਿਆ ਸੀ। 

ਬੋਰਡ ਦੇ ਮਾਹਰਾਂ ਨੇ ਨਾਮਧਾਰੀ ਨਿਤ-ਨੇਮ ਪੁਸਤਕ ਦੇ ਪੰਨਾ ਨੰਬਰ-1 ਤੋਂ 100 ਤਕ ਦੀ ਘੋਖ ਪੜਤਾਲ ਕੀਤੀ, ਜਿਸ ਮਗਰੋਂ ਬੋਰਡ ਵਲੋਂ ‘ਆਫ਼ਿਸ ਨੋਟ’ ਸਿਰਲੇਖ ਤਹਿਤ ਤਿੰਨ ਪੰਨਿਆਂ ਦੀ ਸੌਂਪੀ ਗਈ ਰੀਪੋਰਟ ਵਿਚ ਘੋਖੇ ਗਏ ਉਕਤ 100 ਪੰਨਿਆਂ ਵਿਚ ਕਰੀਬ 34 ਥਾਵਾਂ ’ਤੇ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਘੋਰ ਛੇੜਛਾੜ ਅਤੇ ਗ਼ਲਤੀ ਕੀਤੀ ਗਈ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਬੋਰਡ ਨੇ ਅਪਣੀ ਰੀਪੋਰਟ ਵਿਚ ਸਪਸ਼ਟ ਕਿਹਾ ਹੈ

ਕਿ ਇਨ੍ਹਾਂ ਪੰਨਿਆਂ ਦੀ ਸਮੀਖਿਆ ਤੋਂ ਸਪਸ਼ਟ ਪਤਾ ਲੱਗਦਾ ਹੈ ਕਿ ਇਸ ਸਮੁੱਚੀ ਪੁਸਤਕ ਅੰਦਰ ਬਹੁਤਾਤ ਵਿਚ ਗੁਰਬਾਣੀ, ਭਾਈ ਗੁਰਦਾਸ ਅਤੇ ਸਿੱਖ ਸਰੋਤ ਗ੍ਰੰਥਾਂ ਵਿਚੋਂ ਅਪਣੇ ਮਤਲਬ ਦੀਆਂ ਪੰਕਤੀਆਂ/ਹਵਾਲੇ ਲੈ ਕੇ ਉਨ੍ਹਾਂ ਦੇ ਅਰਥ ਅਪਣੇ ਮਨਸੂਬੇ ਮੁਤਾਬਕ ਕੀਤੇ ਗਏ ਹਨ। ਇਸ ਪੁਸਤਕ ਵਿਚ ਗੁਰਬਾਣੀ, ਸਿੱਖ ਸਿਧਾਂਤ ਅਤੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ, ਜੋ ਪੂਰਨ ਤੌਰ ’ਤੇ ਗੁਰਮਤਿ ਵਿਰੁਧ ਹੈ। 

ਰੀਪੋਰਟ ਅਗਲੇਰੀ ਕਾਰਵਾਈ ਹਿਤ ਪੇਸ਼ ਹੈ। ਬੋਰਡ ਦੀ ਇਸ ਰੀਪੋਰਟ ’ਤੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ 17 ਅਕਤੂਬਰ 2018 ਨੂੰ ਬਕਾਇਦਾ ਤੌਰ ’ਤੇ ਇਕੱਤਰਤਾ ਸੱਦੀ ਗਈ, ਜਿਸ ’ਤੇ ਬਕਾਇਦਾ ਤੌਰ ’ਤੇ ਮਤਾ ਨੰਬਰ 460 ਪਾਉਂਦੇ ਹੋਏ ਕਿਹਾ ਗਿਆ ਹੈ ਕਿ ਪ੍ਰਵਾਨ ਹੋਇਆ ਕਿ ਉਕਤ ਪੁਸਤਕ ਵਿਚ ਇਤਰਾਜ਼ਾਂ ਸਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮਿ੍ਰਤਸਰ ਦੀ ਸੇਵਾ ਵਿਚ ਪੇਸ਼ ਕਰ ਕੇ ਆਦੇਸ਼ ਪ੍ਰਾਪਤ ਕੀਤੇ ਜਾਣ। 

ਧਰਮ ਪ੍ਰਚਾਰ ਕਮੇਟੀ ਦੇ ਇਸ ਮਤੇ ’ਤੇ ਕਾਰਵਾਈ ਅੱਗੇ ਤੋਰਦਿਆਂ ਸਕੱਤਰ ਅਕਾਲ ਤਖ਼ਤ ਸਾਹਿਬ ਵਲੋਂ 24 ਦਸੰਬਰ 2018 ਨੂੰ ਬਕਾਇਦਾ ਤੌਰ ’ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਆਦੇਸ਼ ਦੇ ਹਵਾਲੇ ਨਾਲ ਪੁਸਤਕ ‘ਨਾਮਧਾਰੀ ਨਿਤ ਨੇਮ’ ਸਬੰਧੀ ਪੜਤਾਲੀਆ ਰੀਪੋਰਟ ਅਤੇ ਧਰਮ ਪ੍ਰਚਾਰ ਕਮੇਟੀ ਦੇ ਮਤੇ ਮੁਤਾਬਕ ਕਾਨੂੰਨੀ ਕਾਰਵਾਈ ਕਰਨ/ਕਰਵਾਉਣ ਲਈ ਕਹਿ ਦਿਤਾ ਗਿਆ ਜਿਸ ’ਤੇ ਸ਼੍ਰੋਮਣੀ ਕਮੇਟੀ ਦੀ ਇਕ ਸਬ ਕਮੇਟੀ ਨੇ ਅਗਲੀ ਇਕੱਤਰਤਾ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ 28 ਮਾਰਚ 2019 ਨੂੰ ਸੱਦੀ।

ਗੁਰਬਚਨ ਸਿੰਘ ਕਰਮੂਵਾਲਾ, ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਸਣੇ ਸ਼੍ਰੋਮਣੀ ਕਮੇਟੀ ਮੈਂਬਰ ਮਨਜੀਤ ਸਿੰਘ (ਅੰਤਰਿੰਗ ਕਮੇਟੀ ਮੈਂਬਰ), ਰਜਿੰਦਰ ਸਿੰਘ ਮਹਿਤਾ, ਭਗਵੰਤ ਸਿੰਘ ਸਿਆਲਕਾ ਤੋਂ ਇਲਾਵਾ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਅਤੇ ਸਕੱਤਰ ਧਰਮ ਪ੍ਰਚਾਰ ਕਮੇਟੀ (ਕੋਆਰਡੀਨੇਟਰ) ਮੌਜੂਰ ਰਹੇ। ਜਿਨ੍ਹਾਂ ਕਾਰਵਾਈ ਤਹਿਤ ਸਪਸ਼ਟ ਕੀਤਾ ਕਿ ਨਾਮਧਾਰੀ ਨਿਤ ਨੇਮ ਵਿਚ ਪਾਏ ਗਏ ਇਤਰਾਜ਼ਾਂ ਬਾਰੇ ਜਥੇਦਾਰ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਸਬੰਧਤਾਂ ਵਿਰੁਧ ਕਾਰਵਾਈ ਕਰਨੀ ਚਾਹੀਦੀ ਹੈ।
 

ਆਰਟੀਆਈ ਤਹਿਤ ਸੂਚਨਾ ਵਿਚ ਇਸ ਤੋਂ ਅੱਗੇ ਇਸ ਮੁੱਦੇ ਉਤੇ ਸ਼੍ਰੋਮਣੀ ਕਮੇਟੀ ਵਲੋਂ ਕੋਈ ਕਾਰਵਾਈ ਕੀਤੀ ਗਈ ਹੋਣ ਦੀ ਕੋਈ ਜਾਣਕਾਰੀ ਮੁਹਈਆ ਨਹੀਂ ਕਰਵਾਈ ਗਈ ਹੈ ਜਿਸ ’ਤੇ ਬਲਦੇਵ ਸਿੰਘ ਸਿਰਸਾ ਵਲੋਂ 3 ਸਤੰਬਰ 2019 ਨੂੰ ਐਡਵੋਕੇਟ ਸੁਖਚੈਨ ਸਿੰਘ ਭੱਟੀ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਇਕ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ਜਿਸ ਤਹਿਤ ਕਿਹਾ ਗਿਆ ਹੈ, ਇਸ ਕਾਨੂੰਨੀ ਨੋਟਿਸ ਰਾਹੀਂ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ ਤਕ ਆਪ ਜੀ ਦੇ ਅਦਾਰੇ ਵਲੋਂ ਕੋਈ ਵੀ ਉਕਤ ਗੁਰਬਾਣੀ ਦੇ ਗੁਟਕੇ ਦੇ ਪ੍ਰਕਾਸ਼ਤ, ਲੇਖਕ ਅਤੇ ਨਾਮਧਾਰੀ ਸੰਸਥਾ ਦੇ ਮੁਖੀ ਵਿਰੁਧ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ।

ਇਸ ਲਈ ਆਪ ਜੀ ਨੂੰ ਇਸ ਨੋਟਿਸ ਰਾਹੀਂ ਅਗਾਹ ਕੀਤਾ ਜਾਂਦਾ ਹੈ ਕਿ ਉਕਤ ਗੁਰਬਾਣੀ ਦੇ ਗੁਟਕੇ ਨੂੰ ਪ੍ਰਕਾਸ਼ਤ ਕਰਨ ਵਿਚ ਸਬੰਧਤ ਪ੍ਰਕਾਸ਼ਤ, ਲੇਖਕ ਅਤੇ ਨਾਮਧਾਰੀ ਸੰਸਥਾ ਦੇ ਮੁਖੀ ਵਿਰੁਧ ਇਸ ਨੋਟਿਸ ਦੇ 15 ਦਿਨਾਂ ਦੇ ਅੰਦਰ-ਅੰਦਰ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੇਕਰ ਤੁਸੀਂ ਅਜਿਹਾ ਕਰਨ ਵਿਚ ਅਸਮਰਥ ਰਹੇ ਤਾਂ ਤੁਹਾਨੂੰ ਵੀ ਬਰਾਬਰ ਦੇ ਦੋਸ਼ੀ ਮੰਨਦੇ ਹੋਏ, ਤੁਹਾਡੇ ਵਿਰੁਧ ਵੀ ਮੇਰੇ ਮੁਅਕਲ ਵਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਦੀ ਪੂਰੀ ਜ਼ੁੰਮੇਵਾਰੀ ਤੁਹਾਡੀ ਖ਼ੁਦ ਦੀ ਹੋਵੇਗੀ।