ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਆਸ-ਪਾਸ ਹੋ ਰਿਹੈ ਨਾਮਧਾਰੀਆਂ ਦਾ ਪ੍ਰਚਾਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਨੇ ਪੈਸੇ ਦੇ ਲਾਲਚ ਵਿਚ ਚੁੱਪੀ ਵੱਟੀ 

Pic-1

ਸ੍ਰੀ ਅਨੰਦਪੁਰ ਸਾਹਿਬ : ਸਿੱਖ ਕੌਮ ਦੇ ਪਾਵਨ ਗੁਰਦਵਾਰਿਆਂ ਦਾ ਸੁਚੱਜਾ ਪ੍ਰਬੰਧ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੇਕਾਂ ਕੁਰਬਾਨੀਆਂ ਪਿਛੋਂ ਹੋਂਦ ਵਿਚ ਆਈ ਸੀ ਪਰ ਅੱਜ ਰਾਜਨੀਤੀ ਦੇ ਗਲਬੇ ਕਾਰਨ ਗੁਰੂ ਘਰਾਂ ਦੇ ਪ੍ਰਬੰਧ ਵਿਚ ਜਿਥੇ ਨਿਘਾਰ ਆਇਆ ਹੈ ਉਥੇ ਅਨਮਤੀਆਂ ਨੂੰ ਗੁਰਦਵਾਰਿਆਂ ਦੀ ਆੜ ਵਿਚ ਆਪੌ ਅਪਣੇ ਮਨਭਾਉਂਦੇ ਸਿਧਾਂਤਾਂ ਦਾ ਪ੍ਰਚਾਰ ਕਰਨ ਦਾ ਮੌਕਾ ਮਿਲ ਰਿਹਾ ਹੈ।

ਪਿਛਲੇ ਦਿਨਾਂ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਕੁੱਝ ਗ਼ੈਰ ਸਿੱਖਾਂ ਵਲੋਂ ਅਪਣੇ ਧਰਮ ਦੇ ਪ੍ਰਚਾਰ ਕਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ ਤੇ ਹੁਣ ਸਿੱਖ ਕੌਮ ਦੇ ਪਾਵਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਆਸ ਪਾਸ ਨਾਮਧਾਰੀਆਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਪਾਸੇ ਨਾ ਤਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦਾ ਧਿਆਨ ਹੈ ਤੇ ਨਾ ਹੀ ਸਿੱਖ ਜਥੇਬੰਦੀਆਂ ਦੇ ਮੁਖੀਆਂ ਦਾ। ਦਸਣਯੋਗ ਹੈ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਿਲਕੁਲ ਨੀਚੇ ਉਤਰਾਈ 'ਤੇ ਨਾਮਧਾਰੀ ਕੁਲਫ਼ੀ ਵੇਚਣ ਦੀ ਆੜ ਵਿਚ ਨਾਮਧਾਰੀਆਂ ਦੇ ਨਾਮ ਨੂੰ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕੁਲਫ਼ੀਆਂ ਅਤੇ ਬਿਸਕੁਟ ਸਸਤੇ ਰੇਟਾਂ ਤੇ ਵੇਚਣ ਦੇ ਨਾਲ ਨਾਮਧਾਰੀ ਸੰਪਰਦਾ ਦਾ ਪ੍ਰਚਾਰ ਕਰ ਕੇ ਸਿੱਖੀ ਦੇ ਜੜ੍ਹੀ ਤੇਲ ਦੇਣ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਥੇ ਹੀ ਬਸ ਨਹੀਂ ਸਗੋਂ ਤਖ਼ਤ ਸਾਹਿਬ ਦੇ ਆਸ-ਪਾਸ ਇਸ ਤਰ੍ਹਾਂ ਦੀਆਂ ਅੱਧੀ ਦਰਜਨ ਦੇ ਕਰੀਬ ਟੈਂਪੂ, ਰੇਹੜੀਆਂ ਲਗਾਈਆਂ ਗਈਆਂ ਹਨ ਜੋ ਨਾਮਧਾਰੀ ਸਸਤੀ ਕੁਲਫ਼ੀ ਅਤੇ ਸਸਤੇ ਬਿਸਕੁਟਾਂ ਦੀ ਆੜ ਵਿਚ ਨਾਮਧਾਰੀ ਸੰਪਰਦਾ ਦਾ ਪ੍ਰਚਾਰ ਕਰ ਰਹੀਆਂ ਹਨ। 

ਇਸ ਸਬੰਧੀ ਗੱਲ ਕਰਨ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਨੇ ਕਿਹਾ ਕਿ ਅਸੀਂ ਤਾਂ ਠੇਕੇਦਾਰ ਨੂੰ ਜਗ੍ਹਾ ਦਾ ਠੇਕਾ ਦਿਤਾ ਹੋਇਆ ਹੈ ਤੇ ਉਸ ਵਲੋਂ ਹੀ ਰੇਹੜੀਆਂ ਲੁਆਈਆਂ ਗਈਆਂ ਹਨ। ਬਾਕੀ ਮੈਂ ਅਜੇ ਬਾਹਰ ਹਾਂ ਆ ਕੇ ਦੇਖ ਲਵਾਂਗੇ। ਇਸ ਸਬੰਧੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿ: ਕੇਵਲ ਸਿੰਘ ਨੇ ਕਿਹਾ ਕਿ ਇਸ ਤੋਂ ਵੱਧ ਅਫ਼ਸੋਸ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਸਿੱਖ ਕੌਮ ਦੇ ਪਾਵਨ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੇ ਨੱਕ ਥੱਲੇ ਅਜਿਹਾ ਕੁਫ਼ਰ ਤੋਲਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਇਸ ਸਬੰਧੀ ਸੰਗਤਾਂ ਅਤੇ ਧਾਰਮਕ ਜਥੇਬੰਦੀਆਂ ਦੇ ਮੁਖੀ ਸੁਚੇਤ ਹੋਣ ਤੇ ਇਥੋਂ ਤੁਰਤ ਅਜਿਹੀਆਂ ਰੇਹੜੀਆਂ ਹਟਾਈਆਂ ਜਾਣ ਜੋ ਨਾਮਧਾਰੀ ਸੰਪਰਦਾ ਦੇ ਪ੍ਰਚਾਰ ਵਿਚ ਸਹਾਈ ਹੋ ਰਹੀਆਂ ਹਨ। ਇਸ ਸਬੰਧੀ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ: ਸੁਰਿੰਦਰ ਸਿੰਘ ਨੇ ਕਿਹਾ ਕਿ ਦੇਹਧਾਰੀ ਨੂੰ ਮੰਨਣ ਵਾਲੇ ਨਾਮਧਾਰੀਏ ਅਪਣੇ ਡੇਰਿਆਂ ਵਿਚ ਜਾ ਕੇ ਵਪਾਰ ਕਰਨ। ਤਖ਼ਤ ਸਾਹਿਬ ਵਿਖੇ ਅਪਣਾ ਪ੍ਰਚਾਰ ਕਰਨਾ ਬੰਦ ਕਰਨ। ਉਨ੍ਹਾਂ ਕਿਹਾ ਇਸ ਸਬੰਧੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਗੱਲ ਕਰ ਕੇ ਨਾਮਧਾਰੀਆਂ ਦੀਆਂ ਰੇਹੜੀਆਂ ਇਥੋਂ ਚੁਕਾਈਆਂ ਜਾਣਗੀਆਂ।