ਖ਼ਾਲਿਸਤਾਨੀ ਸਮਰਥਕਾਂ ਵਲੋਂ ਖੁੱਲ੍ਹੇਆਮ 'ਆਪ' ਲਈ ਫੰਡਿੰਗ ਤੇ ਪ੍ਰਚਾਰ ਕਰਨ ਦਾ ਦਾਅਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖ਼ਾਲਿਸਤਾਨ ਦੇ ਸਮਰਥਕ ਖੁੱਲ੍ਹੇਆਮ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਪੰਜਾਬ ਚੋਣਾਂ ਦੌਰਾਨ ਆਮ ਆਦਮੀ ਪਾਰਟੀ (ਆਪ) ਲਈ ਫੰਡ ਦਿਤਾ ਸੀ ਅਤੇ ਪਾਰਟੀ ਲਈ ਪ੍ਰਚਾਰ ...

Khalistani supporter openly claims they funded and campaigned for aap

ਚੰਡੀਗੜ੍ਹ : ਖ਼ਾਲਿਸਤਾਨ ਦੇ ਸਮਰਥਕ ਖੁੱਲ੍ਹੇਆਮ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਪੰਜਾਬ ਚੋਣਾਂ ਦੌਰਾਨ ਆਮ ਆਦਮੀ ਪਾਰਟੀ (ਆਪ) ਲਈ ਫੰਡ ਦਿਤਾ ਸੀ ਅਤੇ ਪਾਰਟੀ ਲਈ ਪ੍ਰਚਾਰ ਵੀ ਕੀਤਾ ਸੀ। ਰਿਪਬਲਿਕ ਟੀਵੀ ਦੇ ਇਕ ਸੀਨੀਅਰ ਪੱਤਰਕਾਰ ਸ਼ਵਾਨ ਸੇਨ ਨੇ ਗੁਪਤ ਕੈਮਰੇ ਰਾਹੀਂ ਇਕ ਸਟਿੰਗ ਅਪਰੇਸ਼ਨ ਕੀਤਾ ਹੈ, ਜਿਸ ਵਿਚ ਖ਼ਾਲਿਸਤਾਨੀ ਸੰਗਠਨਾਂ ਵਲੋਂ ਸ਼ੁਰੂ ਕੀਤੇ ਗਏ 'ਬ੍ਰੇਕ ਇੰਡੀਆ' ਅੰਦੋਲਨ ਦਾ ਪਰਦਾਫਾਸ਼ ਹੋਇਆ ਹੈ। ਇਸ ਸਟਿੰਗ ਅਪਰੇਸ਼ਨ ਵਿਚ ਇਹ ਵੀ ਸਾਫ਼ ਹੋਇਆ ਹੈ ਕਿ ਉਹ ਭਾਰਤ ਵਿਚ ਤਬਾਹੀ ਮਚਾਉਣ ਲਈ ਚੀਨ, ਪਾਕਿਸਤਾਨ ਅਤੇ ਮਾਓਵਾਦੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ। 

ਖ਼ਾਲਿਸਤਾਨੀ ਗਰੁੱਪਾਂ ਦੇ ਇਕ ਮੋਹਰੀ ਮੋਰਚੇ 'ਨੈਸ਼ਨਲ ਸਿੱਖ ਯੂਥ ਫੈਡਰੇਸ਼ਨ' ਦੇ ਸ਼ਮਸ਼ੇਰ ਸਿੰਘ ਨੂੰ ਵੀਡੀਓ ਰਿਕਾਰਡਿੰਗ ਵਿਚ ਇਤਰਾਜ਼ਯੋਗ ਖ਼ੁਲਾਸੇ ਕਰਦੇ ਹੋਏ ਫੜਿਆ ਗਿਆ ਸੀ। ਵੀਡੀਓ ਵਿਚ ਉਹ ਨਕਸਲੀ, ਮਾਓਵਾਦੀਆਂ ਅਤੇ ਹੋਰ ਸਮਾਨ ਵਿਚਾਰਧਾਰਾ ਵਾਲੇ ਲੋਕਾਂ ਨੂੰ ਅਪਣੇ ਨਾਲ ਰਲਾ ਕੇ 'ਭਾਰਤ ਨੂੰ ਤੋੜਨਾ' ਚਾਹੁੰਦੇ ਹਨ। ਇਸ ਨੂੰ ਸੰਪੂਰਨ ਕੱਟੜਪੰਥੀ ਅੰਦੋਲਨ ਦਸਦੇ ਹੋਏ ਸ਼ਮਸ਼ੇਰ ਸਿੰਘ ਨੇ ਕਿਹਾ “ਅਸੀਂ ਨਕਸਲੀਆਂ ਨੂੰ ਮੁਕਤ ਦੇਖਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਮਾਓਵਾਦੀ ਆਜ਼ਾਦ ਹੋਣ ਕਿਉਂਕਿ ਸਾਡਾ ਦੁਸ਼ਮਣ ਇਕੋ ਹੈ ਅਤੇ ਉਹ ਹੈ ਦਿੱਲੀ।''

ਇਸੇ ਤਰ੍ਹਾਂ ਦੀ ਗੱਲ ਨੂੰ ਦੁਹਰਾਉਂਦੇ ਹੋਏ ਪਾਬੰਦੀਸ਼ੁਦਾ ਸੰਗਠਨ ਦਲ ਖ਼ਾਲਸਾ ਦੇ ਮੈਂਬਰ ਗੁਰਚਰਨ ਸਿੰਘ ਨੇ ਕਿਹਾ “ਇਹ ਇਕ ਸਧਾਰਨ ਗੱਲ ਹੈ ਕਿ ਤੁਹਾਡੇ ਦੁਸ਼ਮਣ ਦਾ ਦੁਸ਼ਮਣ ਤੁਹਾਡਾ ਮਿੱਤਰ ਹੈ ਅਤੇ ਦੂਜੀ ਗੱਲ ਇਹ ਹੈ ਕਿ ਜਦ ਸੰਗਠਨ ਛੋਟੇ ਹਿੱਸਿਆਂ ਵਿਚ ਟੁੱਟ ਗਿਆ ਹੈ ਤਾਂ ਸਾਨੂੰ ਅਜਿਹੇ ਸਮੂਹਾਂ ਨਾਲ ਗਠਜੋੜ ਦੀ ਜ਼ਰੂਰਤ ਹੋਵੇਗੀ।'' ਉਨ੍ਹਾਂ ਨੇ ਇਕ ਹੈਰਾਨੀਕੁਨ ਪ੍ਰਗਟਾਵਾ ਕਰਦਿਆਂ ਜ਼ਿਕਰ ਕੀਤਾ ਕਿ ਭਾਰਤ ਦੇ ਹਰੇਕ ਸੂਬੇ ਵਿਚ ਉਨ੍ਹਾਂ ਦੇ ਸਬੰਧ ਹਨ ਅਤੇ ਉਹ ਭਾਰਤ ਵਿਚ ਹਰ ਤਰ੍ਹਾਂ ਦੀ ਅਤਿਵਾਦੀ ਗਤੀਵਿਧੀ ਨੂੰ ਫੰਡਿੰਗ ਕਰ ਰਹੇ ਹਨ।

ਗੁਰਚਰਨ ਸਿੰਘ ਨੇ ਕਈ ਹੋਰ ਸਨਸਨੀਖੇਜ਼ ਦਾਅਵਿਆਂ ਵਿਚ ਇਹ ਵੀ ਦਾਅਵਾ ਕੀਤਾ ਕਿ ਦਲ ਖ਼ਾਲਸਾ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹਮਾਇਤ ਅਤੇ ਉਸ ਨੂੰ ਫੰਡਿੰਗ ਕੀਤੀ ਸੀ। ਰਿਪਬਲਿਕ ਟੀਵੀ ਅਨੁਸਾਰ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਸੰਗਠਨ ਨੇ ਮੁਹਿੰਮ ਚਲਾਈ ਸੀ ਅਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ (ਆਪ) ਨੂੰ ਵੀ ਫੰਡ ਵੀ ਦਿਤੇ ਹਨ। ਬਾਅਦ ਵਿਚ ਉਨ੍ਹਾਂ ਇਹ ਵੀ ਆਖਿਆ ਕਿ 'ਆਮ ਆਦਮੀ ਪਾਰਟੀ ਸਿਰਫ਼ ਇਕ ਸਾਧਨ ਸੀ। ਉਨ੍ਹਾਂ ਅੱਗੇ ਕਿਹਾ, “ਅਸੀਂ 'ਆਪ' ਨੂੰ ਰਾਜਨੀਤਕ ਵਿਵਸਥਾ ਅਤੇ ਚੋਣ ਮਸ਼ੀਨਾਂ ਦਾ ਪਰਦਾਫਾਸ਼ ਕਰਨ ਲਈ ਇਕ 'ਟੂਲ' ਵਜੋਂ ਵਰਤਿਆ।''

ਗੁਰਚਰਨ ਸਿੰਘ ਨੇ ਕਿਹਾ “ਪੰਜਾਬ ਨੂੰ ਵੇਖੋ, ਜਿੱਥੇ ਆਪ ਨੇ 95 ਸੀਟਾਂ ਜਿੱਤੀਆਂ। ਅਸੀਂ ਪਾਰਟੀ ਲਈ ਜ਼ਮੀਨੀ ਪੱਧਰ 'ਤੇ ਮੁਹਿੰਮ ਚਲਾਈ ਅਤੇ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਨੂੰ ਇਹ ਦਿਖਾਉਣ ਲਈ ਫੰਡ ਦਿਤਾ ਕਿ ਇਕ ਮੁਹਿੰਮ ਨਾਲ ਕੀ ਫ਼ਰਕ ਪੈਂਦਾ ਹੈ ਅਤੇ ਇਸ ਇਕ ਫ਼ਰਕ ਪਿਆ ਵੀ, ਲੋਕਾਂ ਨੇ 'ਆਪ' ਲਈ ਵੋਟ ਪਾਈ।  ਹਾਲਾਂਕਿ ਉਨ੍ਹਾਂ ਨੂੰ ਜਿੱਤ ਨਹੀਂ ਮਿਲ ਸਕੀ। ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਸਟਿੰਗ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ।

ਮਨੀਸ਼ ਸਿਸੋਦੀਆ ਨੇ ਰਿਪਬਲਿਕ ਟੀਵੀ ਨੂੰ ਨਕਾਰਦਿਆਂ ਕਿਹਾ ''ਸੁਣੋ, ਤੁਸੀਂ ਅਤੇ ਤੁਹਾਡਾ ਚੈਨਲ ਕਦੇ ਵੀ ਸਿੱਖਿਆ ਨੂੰ ਕਦੇ ਨਹੀਂ ਸਮਝ ਸਕਦੇ, ਇਸ ਲਈ ਕਿਰਪਾ ਕਰਕੇ ਗੱਲ ਨਾ ਕਰੋ। ਅਸੀਂ ਤੁਹਾਡੇ ਚੈਨਲ ਵਾਂਗ 'ਦਲਾਲੀ' ਨਹੀਂ ਕਰਦੇ, ਅਸੀਂ ਤੁਹਾਡੇ ਵਰਗੇ 'ਦਲਾਲ' ਚੈਨਲ ਤੋਂ ਨਾਖ਼ੁਸ਼ ਹਾਂ। ਭਾਵੇਂ ਆਮ ਆਦਮੀ ਪਾਰਟੀ 'ਤੇ ਪਹਿਲਾਂ ਵੀ ਇਸ ਤਰ੍ਹਾਂ ਦੋਸ਼ ਲਗਦੇ ਰਹੇ ਹਨ ਪਰ ਇਸ ਵਾਰ ਇਹ ਸਨਸਨੀਖੇਜ਼ ਖ਼ੁਲਾਸਾ ਇਕ ਸਟਿੰਗ ਅਪਰੇਸ਼ਨ ਦੌਰਾਨ ਹੋਇਆ ਹੈ।

'ਆਪ' ਦੇ ਖ਼ਾਲਿਸਤਾਨੀਆਂ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਇਹ ਖ਼ੁਲਾਸਾ ਅਜਿਹੇ ਸਮੇਂ ਹੋਇਆ ਹੈ ਜਦੋਂ ਦੇਸ਼ ਦੀਆਂ ਸਾਰੀਆਂ ਪਾਰਟੀਆਂ ਅਗਾਮੀ ਲੋਕ ਸਭਾ ਚੋਣਾਂ ਦੀ ਤਿਆਰੀ ਵਿਚ ਜੁਟੀਆਂ ਹੋਈਆਂ ਹਨ। ਆਮ ਆਦਮੀ ਪਾਰਟੀ ਨੂੰ ਲੈ ਕੇ ਹੋਏ ਇਸ ਖ਼ੁਲਾਸੇ ਤੋਂ ਬਾਅਦ ਕੀ ਉਸ 'ਤੇ ਵੋਟ ਬੈਂਕ 'ਤੇ ਕੋਈ ਅਸਰ ਪਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।