ਆਸਟ੍ਰੇਲੀਆ ਦੇ ਖ਼ਾਲਿਸਤਾਨੀ ਸੰਗਠਨ ਨਾਲ ਨੇੜਤਾ ਰੱਖਣ ਦੇ ਸ਼ੱਕ 'ਚ ਫੜਿਆ ਮੁਲਜ਼ਮ ਜ਼ਮਾਨਤ 'ਤੇ ਰਿਹਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖ਼ਾਲਿਸਤਾਨੀ ਸੰਗਠਨ ਨਾਲ ਕਥਿਤ ਨੇੜਤਾ ਹੋਣ ਕਰਕੇ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਬਠਿੰਡਾ ਦੇ ਪਿੰਡ ਬੰਗੀ ਨਿਹਾਲ ਸਿੰਘ ਦੇ ਵਸਨੀਕ ਸੰਦੀਪ ਸਿੰਘ (26) ਨੂੰ ਜ਼ਮਾਨਤ ....

Sandeep Singh

ਫ਼ਰੀਦਕੋਟ : ਖ਼ਾਲਿਸਤਾਨੀ ਸੰਗਠਨ ਨਾਲ ਕਥਿਤ ਨੇੜਤਾ ਹੋਣ ਕਰਕੇ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਬਠਿੰਡਾ ਦੇ ਪਿੰਡ ਬੰਗੀ ਨਿਹਾਲ ਸਿੰਘ ਦੇ ਵਸਨੀਕ ਸੰਦੀਪ ਸਿੰਘ (26) ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿਤਾ ਗਿਆ ਹੈ। ਇਹ ਜ਼ਮਾਨਤ ਉਸ ਨੂੰ ਪਿਛਲੇ ਹਫ਼ਤੇ ਮਿਲੀ ਸੀ। ਦਸ ਦਈਏ ਕਿ ਸਥਾਨਕ ਪੁਲਿਸ ਨੇ ਸੰਦੀਪ ਨੂੰ 10 ਮਈ 2018 ਨੂੰ ਉਸ ਦੇ ਇਕ ਸਾਥੀ ਸਮੇਤ ਖ਼ਾਲਿਸਤਾਨੀ ਸੰਗਠਨ ਨਾਲ ਕਥਿਤ ਨੇੜਤਾ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਦਰਅਸਲ ਪੁਲਿਸ ਵਲੋਂ ਉਸ ਨੂੰ ਗਰਮ-ਖ਼ਿਆਲੀ ਸਮਝ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੁਲਿਸ ਨੇ ਸੰਦੀਪ ਅਤੇ ਉਸ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਅਤੇ ਫਿਰ ਪੁਲਿਸ ਨੇ ਤੈਅਸ਼ੁਦਾ 90 ਦਿਨਾਂ ਅੰਦਰ ਚਲਾਨ ਹੀ ਪੇਸ਼ ਨਹੀਂ ਕੀਤਾ ਅਤੇ ਨਾ ਹੀ ਕੋਈ ਦੋਸ਼-ਪੱਤਰ ਆਇਦ ਕੀਤਾ ਗਿਆ। ਇਨ੍ਹਾਂ ਦੋਵਾਂ ਨੂੰ ਹਥਿਆਰਾਂ ਬਾਰੇ ਕਾਨੂੰਨ ਅਧੀਨ ਗ਼ੈਰ-ਕਾਨੂੰਨੀ ਗਤੀਵਿਧੀਆਂ ਦੇ ਦੋਸ਼ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਉਨ੍ਹਾਂ ਕੋਲੋਂ ਦੋ 30 ਬੋਰ ਪਿਸਤੌਲਾਂ ਤੇ 40 ਕਾਰਤੂਸ ਬਰਾਮਦ ਕੀਤੇ ਸਨ। ਜਾਣਕਾਰੀ ਅਨੁਸਾਰ ਸੰਦੀਪ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਦੂਜੇ ਮੁਲਜ਼ਮ ਦਾ ਨਾਂਅ ਅਮਰ ਸਿੰਘ (48) ਵਾਸੀ ਸਿਰਸਾ (ਹਰਿਆਣਾ) ਦਸਿਆ ਜਾ ਰਿਹਾ ਹੈ।

ਇਨ੍ਹਾਂ ਦੋਵਾਂ ਦੀ ਗ੍ਰਿਫ਼ਤਾਰੀ ਵੇਲੇ ਫ਼ਰੀਦਕੋਟ ਪੁਲਿਸ ਨੇ ਆਖਿਆ ਸੀ ਕਿ ਇਨ੍ਹਾਂ ਦੋਵੇਂ ਖ਼ਾਲਿਸਤਾਨੀਆਂ ਨੇ ਅੱਗੇ ਹਥਿਆਰਾਂ ਦੀ ਸਪਲਾਈ ਕੀਤੀ ਸੀ। ਇਨ੍ਹਾਂ ਦੋਵਾਂ ਦੇ ਸੋਸ਼ਲ ਮੀਡੀਆ ਤੇ ਫ਼ੋਨ ਕਾਲਾਂ ਰਾਹੀਂ ਆਪਸ ਵਿਚ ਜੁੜੇ ਹੋਣ ਦੀ ਗੱਲ ਵੀ ਪੁਲਿਸ ਵਲੋਂ ਆਖੀ ਗਈ ਸੀ। ਪੁਲਿਸ ਨੇ ਇਹ ਵੀ ਦਸਿਆ ਸੀ ਕਿ ਪੁਛਗਿਛ ਦੌਰਾਨ ਮੁਲਜ਼ਮ ਨੇ ਇਹ ਖ਼ੁਲਾਸਾ ਕੀਤਾ ਸੀ ਕਿ ਉਹ ਆਸਟ੍ਰੇਲੀਆ ਦੇ ਗੁਰਜੰਟ ਸਿੰਘ ਦੇ ਸੰਪਰਕ ਵਿਚ ਸੀ। ਦਸ ਦਈਏ ਕਿ ਗੁਰਜੰਟ ਸਿੰਘ ਨੇ ਫੇਸਬੁੱਕ 'ਤੇ ਮੂਲਵਾਦ ਦੇ ਹੱਕ ਵਿਚ ਇਕ ਮੁਹਿੰਮ ਵਿੱਢੀ ਹੋਈ ਹੈ। ਉਹ 'ਇੰਟਰਨੈਸ਼ਨਲ ਸਿੱਖ ਫ਼ੈਡਰੇਸ਼ਨ' ਨਾਂਅ ਦੀ ਜੱਥੇਬੰਦੀ ਵੀ ਚਲਾਉਂਦਾ ਹੈ।

ਪੁਲਿਸ ਦਾ ਦਾਅਵਾ ਹੈ ਕਿ ਗੁਰਜੰਟ ਨੇ ਹੀ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਨੂੰ ਵਿੱਤੀ ਮਦਦ ਮੁਹੱਈਆ ਕਰਵਾਈ ਸੀ ਤੇ ਜਨਵਰੀ 2016 ਤੋਂ ਲੈ ਕੇ ਅਕਤੂਬਰ 2017 ਦੌਰਾਨ 8 ਹਮਲੇ/ਕਤਲ ਮਿੱਥ ਕੇ ਕੀਤੇ ਗਏ ਸਨ। ਸੰਦੀਪ ਨੂੰ ਜ਼ਮਾਨਤ ਮਿਲਣ ਤੋਂ ਘਬਰਾਈ ਪੁਲਿਸ ਨੇ ਹੁਣ ਬੀਤੀ 13 ਅਗਸਤ ਨੂੰ ਇਕ ਅਰਜ਼ੀ ਦਾਖ਼ਲ ਕਰ ਕੇ ਅਦਾਲਤ ਤੋਂ ਚਾਲਾਨ ਭਰਨ ਲਈ ਹੋਰ ਸਮਾਂ ਮੰਗਿਆ ਹੈ। ਅਦਾਲਤ ਨੇ 14 ਅਗਸਤ ਨੂੰ ਇਸ ਕੰਮ ਲਈ ਪੁਲਿਸ ਨੂੰ ਹੋਰ 60 ਦਿਨਾਂ ਦਾ ਸਮਾਂ ਦੇ ਦਿਤਾ ਹੈ। ਇਸ ਦੌਰਾਨ ਦੂਜੇ ਮੁਲਜ਼ਮ ਅਮਰ ਸਿੰਘ ਦੀ ਜ਼ਮਾਨਤ ਅਰਜ਼ੀ ਅਦਾਲਤ ਵਲੋਂ ਰੱਦ ਕਰ ਦਿਤੀ ਗਈ ਸੀ।

Related Stories