ਨਰਸਿੰਗ ਸਟਾਫ਼ ਵਲੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਹਸਪਤਾਲ ਦੀ ਛੱਤ ‘ਤੇ ਰੋਸ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰੀ ਰਜਿੰਦਰਾ ਹਸਪਤਾਲ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਦੀ ਛੱਤ ‘ਤੇ ਨਰਸਿੰਗ ਸਟਾਫ਼ ਵਲੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ...

Nursing Staff Protest

ਪਟਿਆਲਾ : ਸਰਕਾਰੀ ਰਜਿੰਦਰਾ ਹਸਪਤਾਲ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਦੀ ਛੱਤ ‘ਤੇ ਨਰਸਿੰਗ ਸਟਾਫ਼ ਵਲੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਮੂਹ ਨਰਸਿੰਗ ਸਟਾਫ਼ ਨੇ ਮੰਗ ਕਰਦੇ ਹੋਏ ਕਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਪੱਕੇ ਤੌਰ ‘ਤੇ ਨਿਯੁਕਤੀ ਪੱਤਰ ਨਹੀਂ ਮਿਲ ਜਾਂਦੇ ਉਦੋਂ ਤੱਕ ਉਨ੍ਹਾਂ ਵਲੋਂ ਦਫ਼ਤਰ ਦੀ ਛੱਤ ‘ਤੇ ਇਸੇ ਤਰ੍ਹਾਂ ਪ੍ਰਦਰਸ਼ਨ ਜਾਰੀ ਰਹੇਗਾ। ਨਾਲ ਹੀ ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਕੀਤੀ ਗਈ ਤਾਂ ਨਰਸਾਂ ਛੱਤ ਤੋਂ ਛਾਲ ਮਾਰ ਦੇਣਗੀਆਂ।

ਦੱਸ ਦਈਏ ਕਿ ਨਰਸਿੰਗ ਸਟਾਫ਼ ਵਲੋਂ ਬੀਤੇ ਦਿਨੀਂ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਨੂੰ ਸਿਹਤ ਮੰਤਰੀ ਨਾਲ ਪੈਨਲ ਮੀਟਿੰਗ ਦਾ ਭਰੋਸਾ ਵੀ ਦਿਤਾ ਗਿਆ ਸੀ ਪਰ ਇਸ ਤੋਂ ਸਹਿਮਤ ਨਾ ਹੁੰਦਿਆਂ ਅੱਜ ਨਰਸਾਂ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਦੀ ਛੱਤ ‘ਤੇ ਬੈਠ ਗਈਆਂ ਹਨ। ਇਸ ਦੌਰਾਨ ਨਰਸਿੰਗ ਸਟਾਫ਼ ਦੀ ਪ੍ਰਧਾਨ ਕਰਮਜੀਤ ਔਲਖ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਨਰਸਾਂ ਠੇਕੇ ਉਤੇ ਹਸਪਤਾਲ ਵਿਚ ਡਿਊਟੀ ਕਰ ਰਹੀਆਂ ਹਨ।

ਪਿਛਲੀ ਸਰਕਾਰ ਸਮੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਰਸਾਂ ਨੂੰ ਭਰੋਸਾ ਦਿਤਾ ਸੀ ਕਿ ਤਿੰਨ ਸਾਲਾਂ ਬਾਅਦ ਉਨ੍ਹਾਂ ਨੂੰ ਪੱਕਾ ਕਰ ਦਿਤਾ ਜਾਵੇਗਾ ਪਰ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਪਾਸੇ ਕੋਈ ਧਿਆਨ ਨਹੀਂ ਦਿਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਜਲਦੀ ਤੋਂ ਜਲਦੀ ਲਾਗੂ ਨਾ ਕੀਤੀਆਂ ਗਈਆਂ ਤਾਂ ਛੱਤ ‘ਤੇ ਬੈਠੀਆਂ ਨਰਸਾਂ ਵਲੋਂ ਛੱਤ ‘ਤੋਂ ਛਾਲ ਮਾਰ ਦਿਤੀ ਜਾਵੇਗੀ।