19 ਸਾਲਾ ਪਾਕਿਸਤਾਨੀ ਨਾਗਰਿਕ 15 ਮਹੀਨਿਆਂ ਬਾਅਦ ਪਰਤਿਆ ਆਪਣੇ ਵਤਨ; ਗਲਤੀ ਨਾਲ ਭਾਰਤੀ ਸਰਹੱਦ ਪਾਰ ਕਰ ਕੇ ਆਇਆ ਸੀ

ਏਜੰਸੀ

ਖ਼ਬਰਾਂ, ਪੰਜਾਬ

ਜ਼ੁਲਕਾਰ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹੈ। ਉਹ 15 ਮਹੀਨਿਆਂ ਬਾਅਦ ਆਪਣੇ ਪਰਿਵਾਰ ਨੂੰ ਮਿਲ ਸਕੇਗਾ।

photo

 

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਅਟਾਰੀ ਵਾਹਗਾ ਸਰਹੱਦ ਰਾਹੀਂ ਅੱਜ ਇੱਕ ਪਾਕਿਸਤਾਨੀ ਨੂੰ ਉਸ ਦੇ ਵਤਨ ਵਾਪਸ ਭੇਜ ਦਿੱਤਾ ਗਿਆ। ਦਸੰਬਰ 2021 'ਚ ਗਲਤੀ ਨਾਲ ਭਾਰਤੀ ਸਰਹੱਦ 'ਚ ਦਾਖਲ ਹੋਏ ਪਾਕਿ ਨਾਗਰਿਕ ਜ਼ੁਲਕਾਰ ਨੈਨ ਨੂੰ ਉਸ ਦੇ ਵਤਨ ਵਾਪਸ ਭੇਜ ਦਿੱਤਾ ਗਿਆ ਹੈ। ਉਸ ਨੂੰ 7 ਮਹੀਨੇ ਦੀ ਸਜ਼ਾ ਹੋਈ ਸੀ ਪਰ ਕਾਗਜ਼ੀ ਕਾਰਵਾਈ ਕਾਰਨ ਉਹ 15 ਮਹੀਨਿਆਂ ਬਾਅਦ ਵਾਪਸ ਆਪਣੇ ਪਰਿਵਾਰ ਨੂੰ ਮਿਲਣ ਚਲਾ ਗਿਆ।

ਜ਼ੁਲਕਾਰ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਪਿੰਡ ਜੰਡੂ ਕਲਾਂ ਮੰਡੀ ਬਹਾਵਲ ਦੀਨ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਜ਼ਦਰ ਇਕਬਾਲੀ ਪੇਸ਼ੇ ਤੋਂ ਡਾਕਟਰ ਹਨ। ਉਹ ਖੁਦ 10ਵੀਂ ਜਮਾਤ ਵਿੱਚ ਪੜ੍ਹਦਾ ਸੀ। ਪੜ੍ਹਾਈ 'ਤੇ ਬਹੁਤ ਜ਼ੋਰ ਸੀ। ਉਸ ਨੂੰ ਦਿਨ ਵਿੱਚ ਦੋ ਵਾਰ ਮਦਰੱਸੇ ਵਿੱਚ ਪੜ੍ਹਨਾ ਪੈਂਦਾ ਸੀ, ਜਿਸ ਕਾਰਨ ਉਹ ਮਦਰੱਸੇ ਤੋਂ ਭੱਜ ਗਿਆ ਸੀ।

ਇਸ ਦੌਰਾਨ ਉਹ ਭਾਰਤ-ਪਾਕਿਸਤਾਨ ਸਰਹੱਦ ਨੇੜੇ ਸੈਰ ਕਰ ਰਿਹਾ ਸੀ ਕਿ ਗਲਤੀ ਨਾਲ ਨਾਰੋਵਾਲ ਤੋਂ ਭਾਰਤੀ ਸਰਹੱਦ ਵੱਲ ਆ ਗਿਆ। ਬੀਐਸਐਫ ਦੇ ਜਵਾਨਾਂ ਨੇ ਉਸ ਨੂੰ ਫੜ ਕੇ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਸ 'ਤੇ ਮੁਕੱਦਮਾ ਚੱਲਿਆ ਅਤੇ ਉਸ ਨੂੰ 7 ਮਹੀਨੇ ਦੀ ਸਜ਼ਾ ਸੁਣਾਈ ਗਈ। ਉਸ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ।

ਜ਼ੁਲਕਾਰ ਨੇ ਦੱਸਿਆ ਕਿ ਉਸ ਦੀ ਸਜ਼ਾ 8 ਮਹੀਨੇ ਪਹਿਲਾਂ ਹੀ ਖ਼ਤਮ ਹੋ ਗਈ ਸੀ ਪਰ ਦੋਹਾਂ ਦੇਸ਼ਾਂ ਵਿਚਾਲੇ ਕਾਗਜ਼ੀ ਕਾਰਵਾਈ 'ਚ ਦੇਰੀ ਕਾਰਨ ਉਸ ਨੂੰ 15 ਮਹੀਨਿਆਂ ਬਾਅਦ ਰਿਹਾਅ ਕਰ ਦਿੱਤਾ ਗਿਆ। ਜ਼ੁਲਕਾਰ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹੈ। ਉਹ 15 ਮਹੀਨਿਆਂ ਬਾਅਦ ਆਪਣੇ ਪਰਿਵਾਰ ਨੂੰ ਮਿਲ ਸਕੇਗਾ।