ਅਜਾਇਬ ਘਰ 'ਚ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਦੇ ਚਿੱਤਰ ਸਥਾਪਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਦੇਸ਼.............

Dr. Roop Singh and Others

ਅੰਮ੍ਰਿਤਸਰ : ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸੰਗਤ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ। ਇੰਨ੍ਹੀ ਦਿਨੀਂ ਜਿਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਖ਼ੁਦ ਮੁੰਬਈ ਦੀ ਸੰਗਤ ਅਤੇ ਉਥੋਂ ਦੇ ਮੋਹਤਬਰ ਸਿੱਖਾਂ ਨਾਲ ਇਸ ਸਬੰਧ ਵਿਚ ਵਿਚਾਰ ਵਟਾਂਦਰਾ ਕਰ ਕੇ ਆਏ ਹਨ, ਉਥੇ ਹੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਤਿੰਨ ਮੈਂਬਰ ਸ. ਸੁਖਵਰਸ਼ ਸਿੰਘ ਪੰਨੂ, ਸ. ਰਾਮਪਾਲ ਸਿੰਘ ਬਹਿਣੀਵਾਲ ਤੇ ਸ. ਮਨਜੀਤ ਸਿੰਘ ਬੱਪੀਆਣਾ

ਵੀ ਪੰਜਾਬ ਤੋਂ ਬਾਹਰਲੇ ਕੁੱਝ ਸੂਬਿਆਂ ਵਿਚ ਸੰਗਤਾਂ ਨੂੰ ਪ੍ਰੇਰਿਤ ਕਰ ਰਹੇ ਹਨ। ਅੱਜ ਇਸ ਸਬੰਧ ਵਿਚ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਖੇ ਸਥਿਤ ਸ਼੍ਰੋਮਣੀ ਕਮੇਟੀ ਦੇ ਸਿੱਖ ਮਿਸ਼ਨ ਦੇ ਇੰਚਾਰਜ ਗਿਆਨੀ ਗੁਰਮੀਤ ਸਿੰਘ ਸੈਣੀ ਦੇ ਉਪਰਾਲੇ ਨਾਲ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਵਿਚ ਧਰਮ ਪ੍ਰਚਾਰ ਕਮੇਟੀ ਦੇ ਇਨ੍ਹਾਂ ਤਿੰਨੇ ਮੈਂਬਰਾਂ ਸਮੇਤ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਸ਼ਮੂਲੀਅਤ ਕੀਤੀ ਅਤੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਦੇਖ-ਰੇਖ ਹੇਠ ਚਲ ਰਹੇ ਗੁਰੂ ਤੇਗ ਬਹਾਦਰ ਅਜਾਇਬਘਰ ਵਿਖੇ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਉਧਮ ਸਿੰਘ ਦੇ ਵੱਡ ਆਕਾਰੀ ਚਿੱਤਰਾਂ ਤੋਂ ਵੀ ਪਰਦਾ ਹਟਾਇਆ ਗਿਆ।

ਇਸ ਤੋਂ ਇਲਾਵਾ ਛੱਤੀਸਗੜ੍ਹ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਹਾਇਤਾ ਰਾਸ਼ੀ ਦੇ ਚੈੱਕ ਵੀ ਦਿਤੇ ਗਏ। ਰਾਏਪੁਰ ਤੋਂ ਡਾ. ਰੂਪ ਸਿੰਘ ਨੇ ਜਾਣਕਾਰੀ ਦਿਤੀ ਕਿ ਧਰਮ ਪ੍ਰਚਾਰ ਦੇ ਮੰਤਵ ਨਾਲ ਰਾਏਪੁਰ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਮਿਸ਼ਨ, ਅਜਾਇਬਘਰ ਅਤੇ ਗੁਰਮਤਿ ਵਿਦਿਆਲਾ ਚਲਾਏ ਜਾ ਰਹੇ ਹਨ। ਗੁਰੂ ਤੇਗ ਬਹਾਦਰ ਸਾਹਿਬ ਅਜਾਇਬਘਰ ਗਵਰਨਰ ਹਾਊਸ ਦੇ ਬਿਲਕੁਲ ਸਾਹਮਣੇ ਹੈ, ਜਿਸ ਵਿਚ ਸਿੱਖ ਗੁਰੂ ਸਾਹਿਬਾਨ ਅਤੇ ਮਹਾਨ ਸਿੱਖ ਯੋਧਿਆਂ ਦੀਆਂ ਤਸਵੀਰਾਂ ਸੁਸ਼ੋਭਿਤ ਹਨ। ਇਸ ਅਜਾਇਬਘਰ ਵਿਚ ਅੱਜ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਉਧਮ ਸਿੰਘ ਦੇ ਚਿੱਤਰ ਸਥਾਪਤ ਕੀਤੇ ਗਏ ਹਨ।

ਮੁੱਖ ਸਕੱਤਰ ਨੇ ਦਸਿਆ ਕਿ ਦੋਵਾਂ ਹੀ ਸ਼ਹੀਦਾਂ ਨੂੰ ਦਸਤਾਰ ਵਾਲੇ ਸਰੂਪ ਨਾਲ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦਸਿਆ ਕਿ ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਵਲੋਂ ਬੀਤੇ ਕੁੱਝ ਦਿਨਾਂ ਤੋਂ ਵੱਖ-ਵੱਖ ਗੁਰਦਵਾਰਾ ਸਾਹਿਬਾਨ ਵਿਖੇ ਜਾ ਕੇ ਸੰਗਤਾਂ ਨੂੰ ਜਿਥੇ ਪਹਿਲੇ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਸਬੰਧੀ ਉਤਸ਼ਾਹਤ ਕੀਤਾ ਗਿਆ ਉਥੇ ਹੀ ਸੰਗਤਾਂ ਦੀ ਮੁਸ਼ਕਲਾਂ ਵੀ ਸੁਣੀਆਂ ਗਈਆਂ। ਇਸ ਮੌਕੇ ਸ. ਵਰਿੰਦਰ ਸਿੰਘ ਠਰੂ, ਗਿਆਨੀ ਗੁਰਮੀਤ ਸਿੰਘ ਸੈਣੀ, ਐਡਵੋਕੇਟ ਤੇਜਪਾਲ ਸਿੰਘ, ਸ. ਸਰਵਣ ਸਿੰਘ, ਸ. ਇੰਦਰਜੀਤ ਸਿੰਘ, ਸ. ਅਮਰਜੀਤ ਸਿੰਘ, ਸ. ਬਹਾਦਰ ਸਿੰਘ, ਬੀਬੀ ਜਗਜੀਤ ਕੌਰ ਸਮੇਤ ਹੋਰ ਮੌਜੂਦ ਸਨ।