ਅਕਾਲੀ ਦਲ ਦੋਫਾੜ ਹੋਣ ਦੇ ਕੰਢੇ ਪੁੱਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਅੰਦਰਲਾ ਸੰਕਟ ਹੋਰ ਡੂੰਘਾ ਹੋ ਗਿਆ ਹੈ ਅਤੇ ਇਹ ਦੋਫਾੜ ਹੋਣ ਦੇ ਕੰਢੇ ਪੁੱਜ ਗਿਆ ਹੈ..........

Parkash Singh Badal

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅੰਦਰਲਾ ਸੰਕਟ ਹੋਰ ਡੂੰਘਾ ਹੋ ਗਿਆ ਹੈ ਅਤੇ ਇਹ ਦੋਫਾੜ ਹੋਣ ਦੇ ਕੰਢੇ ਪੁੱਜ ਗਿਆ ਹੈ। ਅਕਾਲੀ ਦਲ ਦੇ ਟਕਸਾਲੀ ਬਾਗ਼ੀ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਨੂੰ ਵੀ ਨਾਮਨਜ਼ੂਰ ਕਰ ਦਿਤਾ ਹੈ। ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਬਾਦਲ ਪ੍ਰਵਾਰ ਵਲੋਂ ਭੇਜੇ ਏਲਚੀਆਂ ਨੂੰ ਬੇਰੰਗ ਮੋੜਦਿਆਂ ਸੁਲਾਹ ਕਰਨ ਤੋਂ ਸਾਫ਼ ਨਾਂਹ ਕਰ ਦਿਤੀ ਹੈ। ਦਲ ਦੇ ਅੰਦਰੂਨੀ ਸੂਤਰ ਦਸਦੇ ਹਨ ਕਿ ਢੀਂਡਸਾ ਨੇ ਏਲਚੀਆਂ ਨੂੰ ਅਸਿੱਧੇ ਤੌਰ 'ਤੇ ਇਹ ਵੀ ਇਸ਼ਾਰਾ ਕੀਤਾ ਹੈ

ਕਿ ਉਹ ਬਾਦਲਾਂ ਦੀਆਂ ਖੂੰਜੇ ਲਾ ਕੇ ਰੱਖਣ ਦੀਆਂ ਨੀਤੀਆਂ ਝੱਲਣ ਤੋਂ ਅਸਮਰੱਥ ਹਨ। ਸੂਤਰ ਤਾਂ ਇਹ ਵੀ ਦਾਅਵਾ ਕਰਦੇ ਹਨ ਕਿ ਬਾਗ਼ੀ ਟਕਸਾਲੀ ਨੇਤਾਵਾਂ ਦਾ 'ਰੀਮੋਟ ਕੰਟਰੋਲ' ਢੀਂਡਸਾ ਦੇ ਹੱਥ ਵਿਚ ਆ ਗਿਆ ਹੈ। ਮਾਝੇ ਦੇ ਤਿੰਨ ਟਕਸਾਲੀ ਨੇਤਾਵਾਂ, ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਨੇ ਅਕਾਲੀ ਦਲ ਦੀ 7 ਅਕਤੂਬਰ ਦੀ ਰੈਲੀ ਵਿਚ ਸ਼ਾਮਲ ਹੋਣ ਤੋਂ ਨਾਂਹ ਕਰ ਦਿਤੀ ਹੈ। ਤਿੰਨਾਂ ਨੇਤਾਵਾਂ ਨੇ ਕਈ ਦਿਨ ਪਹਿਲਾਂ ਵੀ ਬਗ਼ਾਵਤ ਦੇ ਸੰਕੇਤ ਦਿਤੇ ਸਨ। ਪਰ ਪ੍ਰੈੱਸ ਕਾਨਫ਼ਰੰਸ ਕਰਨ ਤੋਂ ਪਹਿਲਾਂ ਹੀ ਵੱਡੇ ਬਾਦਲ ਨੇ ਪਤਿਆ ਲਿਆ ਸੀ।

ਇਨ੍ਹਾਂ ਨੇ ਪਟਿਆਲਾ ਰੈਲੀ ਵਿਚ ਸ਼ਾਮਲ ਨਾ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਬਾਦਲਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਸਮੇਤ ਸੌਦਾ ਸਾਧ ਨੂੰ ਮਾਫ਼ੀ ਦੇਣ ਦੇ ਦੋਸ਼ਾਂ ਵਿਚੋਂ ਬਰੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਦਲਾਂ ਨੇ ਸ਼ਹੀਦਾਂ ਦੀ ਪਾਰਟੀ ਨੂੰ ਵੱਡੀ ਢਾਹ ਲਾਈ ਹੈ ਅਤੇ ਬਦਨਾਮ ਵੀ ਕੀਤਾ ਹੈ। ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫ਼ੇ ਤੋਂ ਬਾਅਦ ਤਿੰਨ ਟਕਸਾਲੀ ਨੇਤਾਵਾਂ ਨੂੰ ਚਾਹੇ ਪਤਿਆ ਲਿਆ ਸੀ ਪਰ ਅੱਜ ਸੰਕਟ ਏਨਾ ਡੂੰਘਾ ਹੋ ਗਿਆ ਹੈ ਕਿ ਪਹਿਲੀ ਕਤਾਰ ਦੇ ਨੇਤਾ ਅਤੇ ਸਿੱਖ ਜਥੇਬੰਦੀਆਂ ਪ੍ਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਨੂੰ ਚੁਨੌਤੀ ਦੇਣ ਲੱਗ ਪਈਆਂ ਹਨ।

ਪ੍ਰਕਾਸ਼ ਸਿੰਘ ਬਾਦਲ, ਜਿਹੜੇ ਕਿ ਪੰਜ ਵਾਰੀ ਮੁੱਖ ਮੰਤਰੀ ਬਣ ਚੁੱਕੇ ਹਨ ਅਤੇ ਜਿਨ੍ਹਾਂ ਦੀ ਦਹਾਕਿਆਂ ਬੱਧੀ ਤੂਤੀ ਬੋਲਦੀ ਰਹੀ ਹੈ, ਉਨ੍ਹਾਂ ਨੂੰ ਅਪਣੀ ਜ਼ਿੰਦਗੀ ਦੇ ਆਖ਼ਰੀ ਪੜਾਅ ਦੌਰਾਨ ਅਜਿਹੇ ਦਿਨ ਵੇਖਣੇ ਪੈਣਗੇ, ਕਿਸੇ ਨੇ ਚਿਤਵਿਆ ਵੀ ਨਹੀਂ ਹੋਣਾ। ਇਕ ਹੋਰ ਜਾਣਕਾਰੀ ਅਨੁਸਾਰ ਟਕਸਾਲੀ ਆਗੂ ਰਤਨ ਸਿੰਘ ਅਜਨਾਲਾ ਨੇ ਮੁੜ ਤੋਂ ਬਗ਼ਾਵਤ ਦਾ ਝੰਡਾ ਬੁਲੰਦ ਕਰਦਿਆਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਉਤੇ ਸਵਾਲ ਖੜੇ ਕਰ ਦਿਤੇ ਹਨ ਅਤੇ ਉਸ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ਕਰ ਦਿਤੀ ਹੈ।

ਕੁਲ ਮਿਲਾ ਕੇ ਅਕਾਲੀ ਦਲ ਦਾ ਵੱਡਾ ਕੇਡਰ ਦੋਵੇਂ ਬਾਦਲਾਂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਲਾਂਭੇ ਕਰਨ 'ਤੇ ਆ ਗਿਆ ਹੈ।
ਪਟਿਆਲਾ ਰੈਲੀ ਦੀ ਤਿਆਰੀ ਮੀਟਿੰਗ ਲਈ ਸੰਗਰੂਰ ਵਿਖੇ ਮੀਟਿੰਗ ਕਰਨ ਗਏ ਸੁਖਬੀਰ ਸਿੰਘ ਬਾਦਲ ਦਾ ਕੱਲ ਸਿੱਖ ਜਥੇਬੰਦੀਆਂ ਨੇ ਵਿਰੋਧ ਕੀਤਾ ਸੀ। ਅੱਜ ਪ੍ਰਕਾਸ਼ ਸਿੰਘ ਬਾਦਲ ਜਦੋਂ ਤਲਵੰਡੀ ਸਾਬੋ ਵਿਖੇ ਤਿਆਰੀ ਮੀਟਿੰਗ ਲਈ ਪਹੁੰਚੇ ਤਾਂ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਅਤੇ ਜ਼ੋਰਦਾਰ ਨਾਹਰੇਬਾਜ਼ੀ ਕੀਤੀ। ਪੁਲਿਸ ਸਖ਼ਤੀ ਦੌਰਾਨ ਚਾਰ ਵਰਕਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। 

Related Stories