“ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਮਾਰਟ ਸਿਟੀ ਲਈ ਭੇਜਿਆ 850 ਕਰੋੜ ਗਿਆ ਕਿਥੇ?”
ਮੈਂ ਚੁੱਪ ਕਰਕੇ ਬੈਠਣ ਵਾਲਿਆਂ ‘ਚੋਂ ਨਹੀਂ, ਖੁੱਡਾ ‘ਚੋਂ ਕੱਢ ਕੇ ਲਿਆਵਾਂਗਾ ਇਹ ਪੈਸੇ: ਇੰਦਰ ਇਕਬਾਲ ਸਿੰਘ ਅਟਵਾਲ
ਜਲੰਧਰ (ਚਰਨਜੀਤ ਸਿੰਘ ਸੁਰਖ਼ਾਬ/ਕਮਲਜੀਤ ਕੌਰ): ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ਼ਿਆ ਹੋਇਆ ਹੈ। ਸੂਬੇ ਦੀ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਲਈ ਇਹ ਸੀਟ ਵੱਕਾਰ ਦਾ ਸਵਾਲ ਬਣੀ ਹੋਈ ਹੈ। ਇਸ ਦੌਰਾਨ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਕਿਹਾ ਕਿ ਜਲੰਧਰ ਦੇ ਲੋਕ ਇਕ ਨਵੀਂ ਉਮੀਦ ਨੂੰ ਵੋਟ ਪਾਉਣਗੇ, ਇਹ ਉਮੀਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਗਾਈ ਹੈ। ਲੋਕ ਕਹਿੰਦੇ ਹਨ ਕਿ ਜੇਕਰ ਅਸੀ ਬਾਕੀ ਪਾਰਟੀਆਂ ਨੂੰ ਪਰਖਿਆ ਹੈ ਤਾਂ ਇਸ ਵਾਰ ਨਰਿੰਦਰ ਮੋਦੀ ਜੀ ਨੂੰ ਮੌਕਾ ਦੇਣਾ ਚਾਹੀਦਾ ਹੈ। ਲੋਕ ਉਨ੍ਹਾਂ ਨੂੰ ਸਤਿਕਾਰ ਦੇਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ: ਜਲੰਧਰ ਦੇ ਲੋਕ ਸਾਡੇ ਕੰਮਾਂ ਨੂੰ ਦੇਖ ਕੇ ਦਿਵਾਉਣਗੇ ਹੂੰਝਾ ਫੇਰ ਜਿੱਤ : ਕੈਬਨਿਟ ਮੰਤਰੀ ਅਮਨ ਅਰੋੜਾ
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਲਈ 850 ਕਰੋੜ ਰੁਪਏ ਭੇਜੇ ਗਏ ਸਨ। ਪੁਰਾਣੇ ਸੰਸਦ ਮੈਂਬਰ ਦਾ ਹੱਕ ਬਣਦਾ ਸੀ ਕਿ ਇਹ ਪੈਸਾ ਹਲਕੇ ਦੇ ਵਿਕਾਸ ਉਤੇ ਖਰਚਿਆ ਜਾਵੇ। ਇਹ 850 ਕਰੋੜ ਕਿਥੇ ਗਏ ਸੱਭ ਤੋਂ ਵੱਡਾ ਸਵਾਲ ਇਹ ਹੈ। ਮੈਂ ਚੁੱਪ ਕਰਕੇ ਬੈਠਣ ਵਾਲਿਆਂ ‘ਚੋਂ ਨਹੀਂ ਹਾਂ, ਚੌਂਕੀਦਾਰ ਬਣ ਕੇ ਖੁੱਡਾ ‘ਚੋਂ 850 ਕਰੋੜ ਰੁਪਏ ਕੱਢ ਕੇ ਲਿਆਵਾਂਗਾ ਅਤੇ ਜਲੰਧਰ’ਚ ਲਗਾਵਾਂਗਾ। ਇੰਦਰ ਇਕਬਾਲ ਸਿੰਘ ਅਟਵਾਲ ਨੇ ਕਿਹਾ ਭਾਜਪਾ ਵਲੋਂ ਕੀਤੇ ਗਏ ਰੋਡ ਸ਼ੋਅ ਨੇ ਸਾਬਤ ਕਰ ਦਿਤਾ ਕਿ ਲੋਕ ਕੀ ਚਾਹੁੰਦੇ ਹਨ। ਇਹ ਲੋਕਾਂ ਵਲੋਂ ਕੀਤਾ ਗਿਆ ਰੋਡ ਸ਼ੋਅ ਸੀ, ਕੋਈ ਬਾਹਰੋਂ ਬੰਦੇ ਨਹੀਂ ਲਿਆਂਦੇ। ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਅਟਵਾਲ ਨੇ ਕਿਹਾ ਕਿ ਉਹ ਤਾਂ ਬਾਹਰੋਂ ਬੰਦੇ ਲਿਆ ਕੇ ਵੀ ਅਜਿਹੇ ਰੋਡ ਸ਼ੋਅ ਨਹੀਂ ਕਰ ਸਕੇ।
ਇਹ ਵੀ ਪੜ੍ਹੋ: ਕਾਂਗਰਸ ਡਰੀ ਨਹੀਂ, ਇਹ ਵਿਰੋਧੀਆਂ ਦੀਆਂ ਅੱਖਾਂ 'ਤੇ ਪਿਆ ਪਰਦਾ ਹੈ ਜੋ ਚੋਣ ਨਤੀਜੇ ਤੋਂ ਬਾਅਦ ਹਟ ਜਾਵੇਗਾ : ਪ੍ਰੋ. ਕਰਮਜੀਤ ਕੌਰ ਚੌਧਰੀ
ਅਟਵਾਲ ਨੇ ਕਿਹਾ ਕਿ ਜੇਕਰ ਕਿਸੇ ਪ੍ਰਧਾਨ ਮੰਤਰੀ ਨੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਸ਼ੁਰੂ ਕੀਤੀ ਤਾਂ ਉਹ ਨਰਿੰਦਰ ਮੋਦੀ ਹਨ। ਇਕ ਨਵੀਂ ਸ਼ੁਰੂਆਤ ਹੋਈ ਹੈ, ਜਿਹੜੀ ਪਿਛਲੀਆਂ ਸਰਕਾਰਾਂ ਜਾਂ ਪ੍ਰਧਾਨ ਮੰਤਰੀਆਂ ਵਲੋਂ ਨਹੀਂ ਕੀਤੀ ਗਈ। ਪੰਜਾਬੀਆਂ ਵਿਚ ਉਮੀਦ ਦੀ ਕਿਰਨ ਜਾਗੀ ਹੈ। ਉਹ ਮਹਿਸੂਸ ਕਰਦੇ ਨੇ ਕਿ ਸਾਡੀ ਪੰਥਕ ਵਿਚਾਰਧਾਰਾ ਕਾਇਮ ਰਹਿਣੀ ਚਾਹੀਦੀ ਹੈ। ਇਸ ਲਈ ਉਨ੍ਹਾਂ ਦਾ ਭਾਜਪਾ ਵਲ ਜ਼ਿਆਦਾ ਝੁਕਾਅ ਹੈ। ਉਨ੍ਹਾਂ ਕਿਹਾ ਕਿ ਸਿਰਫ਼ ‘ਰੈਜੀਮੈਂਟ’ ਹੀ ਬਦਲੀ ਹੈ, ਰਹਾਂਗੇ ਤਾਂ ਅਸੀ ‘ਸਿਪਾਹੀ’ ਹੀ, ਸਾਡੀ ਸੋਚ ਨਹੀਂ ਬਦਲੀ। ਅਸੀ ਸਿੱਖਾਂ, ਪੰਜਾਬੀਆਂ ਅਤੇ ਸੂਬੇ ਦੀ ਏਕਤਾ ਲਈ ਕੰਮ ਕਰਾਂਗੇ। ਸੇਵਾ ਕਿਸੇ ਵੀ ਰੂਪ ਵਿਚ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: WTC ਫਾਈਨਲ 'ਚੋਂ ਬਾਹਰ ਹੋਏ ਕੇਐਲ ਰਾਹੁਲ, ਇਸ ਖਿਡਾਰੀ ਨੂੰ ਮਿਲਿਆ ਮੌਕਾ
ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੇ ਨਾਨਕ ਨਾਮ ਲੇਵਾ ਸਿੱਖ ਕਈ ਸਾਲਾਂ ਤੋਂ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਲਈ ਅਰਦਾਸਾਂ ਕਰਦੇ ਸਨ ਪਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਉਣ ਦੀ ਸੇਵਾ ਨਰਿੰਦਰ ਮੋਦੀ ਜੀ ਕੋਲੋਂ ਹੋਈ ਹੈ। ਇਸ ਸੱਚ ਤੋਂ ਕੋਈ ਭੱਜ ਨਹੀਂ ਸਕਦਾ। ਲਾਲ ਕਿਲ੍ਹੇ ’ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਦਿਹਾੜਾ ਮਨਾਉਣਾ ਅਤੇ ਵੀਰ ਬਾਲ ਦਿਵਸ ਦਾ ਐਲਾਨ ਕਰਕੇ ਨਵੀਂ ਸ਼ੁਰੂਆਤ ਹੋਈ ਹੈ। ਆਮ ਆਦਮੀ ਪਾਰਟੀ ਬਾਰੇ ਅਟਵਾਲ ਨੇ ਕਿਹਾ ਕਿ ‘ਆਪ’ ਸਰਕਾਰ ਨੇ ਸੂਬੇ ਵਿਚ ਕੋਈ ਨਵਾਂ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਹ ‘ਆਮ ਆਦਮੀ ਪਾਰਟੀ’ ਨਹੀਂ ਸਗੋਂ ਸੱਭ ਤੋਂ ‘ਖ਼ਾਸ ਪਾਰਟੀ’ ਹੈ।
ਇਹ ਵੀ ਪੜ੍ਹੋ: ਗੁਰਦਾਸਪੁਰ ਦੇ ਨੌਜਵਾਨ ਨੇ ਇਲੈਕਟ੍ਰਿਕ ਸਾਈਕਲ ਰਾਹੀਂ ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਦਾ ਸਫ਼ਰ ਕੀਤਾ ਪੂਰਾ
ਇੰਦਰ ਇਕਬਾਲ ਸਿੰਘ ਅਟਵਾਲ ਨੇ ਕਿਹਾ ਕਿ ਅਸੀ ਲੋਕਾਂ ਦੀ ਕਚਹਿਰੀ ਵਿਚ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ। ਫ਼ੈਸਲਾ ਲੋਕਾਂ ਨੇ ਕਰਨਾ ਹੈ, ਇਸ ਲਈ ਉਨ੍ਹਾਂ ਨੂੰ ਸਵਾਲ ਪੁਛਣ ਦਾ ਹੱਕ ਵੀ ਦਿਤਾ ਜਾਣਾ ਚਾਹੀਦਾ ਹੈ। ਇੰਦਰ ਇਕਬਾਲ ਸਿੰਘ ਅਟਵਾਲ ਨੇ ਦਾਅਵਾ ਕੀਤਾ ਕਿ ਜਲੰਧਰ ਵਿਚ ਭਾਜਪਾ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ। ਇਹ ਭਾਜਪਾ ਦੀ ਨਹੀਂ ਸਗੋਂ ਜਲੰਧਰ ਅਤੇ ਸਮੂਹ ਪੰਜਾਬੀਆਂ ਦੀਆਂ ਉਮੀਦਾਂ ਦੀ ਜਿੱਤ ਹੋਵੇਗੀ। ਦੁਆਬੇ ਦੀ ਪਵਿੱਤਰ ਧਰਤੀ ਤੋਂ ਭਾਜਪਾ ਦੀ ਨਵੀਂ ਸ਼ੁਰੂਆਤ ਹੋਵੇਗੀ।