ਲੁੱਕ ਆਊਟ ਨੋਟਿਸ ਜਾਰੀ ਮਗਰੋਂ ਰਾਜਜੀਤ ਨੇ ਪਾਸਪੋਰਟ ਜਮ੍ਹਾਂ ਕਰਵਾਉਣ ਦੀ ਗੱਲ ਆਖੀ
ਪੰਜਾਬ ਵਿਚ ਇਸ ਸਮੇਂ ਨਸ਼ਿਆਂ ਦਾ ਮਾਮਲਾ ਕਾਫ਼ੀ ਗਰਮਾਇਆ ਹੋਇਆ ਹੈ, ਜਿਸ ਵਿਚ ਕਈ ਪੁਲਿਸ ਅਫ਼ਸਰਾਂ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ। ਇਸੇ ਨੂੰ ਧਿਆਨ ਵਿਚ ਰਖਦਿਆਂ ਪੰਜਾਬ ਸਰ
ਅੰਮ੍ਰਿਤਸਰ : ਪੰਜਾਬ ਵਿਚ ਇਸ ਸਮੇਂ ਨਸ਼ਿਆਂ ਦਾ ਮਾਮਲਾ ਕਾਫ਼ੀ ਗਰਮਾਇਆ ਹੋਇਆ ਹੈ, ਜਿਸ ਵਿਚ ਕਈ ਪੁਲਿਸ ਅਫ਼ਸਰਾਂ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ। ਇਸੇ ਨੂੰ ਧਿਆਨ ਵਿਚ ਰਖਦਿਆਂ ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ਵਿਰੁਧ ਸਖ਼ਤਾਈ ਹੋਰ ਵਧਾ ਦਿਤੀ ਹੈ। ਮੋਗਾ ਦੇ ਸਾਬਕਾ ਐਸਐਸਪੀ ਰਾਜਜੀਤ ਸਿੰਘ ਦਾ ਨਾਮ ਵੀ ਨਸ਼ਾ ਤਸਕਰੀ ਦੇ ਮਾਮਲੇ ਵਿਚ ਸਾਹਮਣੇ ਆ ਚੁਕਾ ਹੈ, ਜਿਸ ਦਾ ਇਸ ਤੋਂ ਬਾਅਦ ਤਬਾਦਲਾ ਕਰ ਦਿਤਾ ਗਿਆ ਸੀ ਪਰ ਹੁਣ ਜਦੋਂ ਉਨ੍ਹਾਂ ਦੇ ਵਿਦੇਸ਼ ਫ਼ਰਾਰ ਹੋਣ ਦੀਆਂ ਖ਼ਬਰਾਂ ਨੇ ਜੋੜ ਫੜਿਆ ਤਾਂ ਪੰਜਾਬ ਪੁਲਿਸ ਵਿਜੀਲੈਂਸ ਬਿਊਰੋ ਨੇ ਕੱਲ੍ਹ ਰਾਤ ਰਾਜਜੀਤ ਸਿੰਘ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕਰ ਦਿਤਾ।
ਵਿਜੀਲੈਂਸ ਬਿਊਰੋ ਵਲੋਂ ਜਾਰੀ ਕੀਤਾ ਲੁੱਕ-ਆਊਟ ਨੋਟਿਸ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਬਿਊਰੋ ਨੂੰ ਭੇਜ ਦਿਤਾ ਗਿਆ ਹੈ, ਜਿਸ ਨੂੰ ਅੱਗੇ ਵੱਖ-ਵੱਖ ਹਵਾਈ ਅੱਡਿਆਂ ਅਤੇ ਮੁਲਕ ਤੋਂ ਬਾਹਰ ਜਾਣ ਵਾਲੀਆਂ ਹੋਰ ਥਾਵਾਂ 'ਤੇ ਭੇਜਿਆ ਜਾਵੇਗਾ, ਤਾਂ ਜੋ ਰਾਜਜੀਤ ਪੁੱਛਗਿੱਛ ਤੋਂ ਬਚਣ ਲਈ ਭਾਰਤ ਤੋਂ ਬਾਹਰ ਵਿਦੇਸ਼ ਵਿਚ ਨਾ ਜਾ ਸਕੇ। ਲੁੱਕ ਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ ਰਾਜਜੀਤ ਸਿੰਘ ਨੇ ਵੀ ਇਕ ਵੀਡੀਓ ਜ਼ਰੀਏ ਅਪਣਾ ਬਿਆਨ ਜਾਰੀ ਕੀਤਾ ਹੈ, ਜਿਸ ਵਿਚ ਰਾਜਜੀਤ ਨੇ ਕਿਹਾ ਹੈ ਕਿ ''ਮੈਂ ਵੀ ਇਕ ਦੇਸ਼ ਭਗਤ ਪਰਵਾਰ ਨਾਲ ਸਬੰਧ ਰੱਖਦਾ ਹੈ ਅਤੇ ਅਪਣੇ ਭਾਰਤ ਦੇਸ਼ ਦਾ ਇਕ ਵਫ਼ਾਦਾਰ ਸਿਪਾਹੀ ਹਾਂ, ਮੈਂ ਕਿਤੇ ਵੀ ਭੱਜ ਕੇ ਹੀ ਨਹੀਂ ਜਾਵਾਂਗਾ।
ਅਪਣੇ ਦੇਸ਼ ਛੱਡਣ ਦੀ ਗੱਲ 'ਤੇ ਰਾਜਜੀਤ ਨੇ ਕਿਹਾ ਕਿ ਉਹ ਖੁਦ ਆਪਣਾ ਪਾਸਪੋਰਟ ਜਮ੍ਹਾਂ ਕਰਵਾਉਣਗੇ ਤਾਂ ਜੋ ਉਹਨਾਂ 'ਤੇ ਲਾਈਆਂ ਜਾ ਰਹੀਆਂ ਅਟਕਲਾਂ 'ਤੇ ਵਿਰਾਮ ਲੱਗ ਸਕੇ।ਰਾਜਜੀਤ ਨੇ ਕਿਹਾ ਕਿ ਉਹ ਸੋਮਵਾਰ ਨੂੰ ਖ਼ੁਦ ਆਈਜੀ ਜਤਿੰਦਰ ਸਿੰਘ ਔਲਖ ਨੂੰ ਚੰਡੀਗੜ੍ਹ ਦੇ 9 ਸੈਕਟਰ ਵਿਚ ਸਥਿਤ ਪੁਲਿਸ ਹੈੱਡ ਕੁਆਰਟਰ ਵਿਚ ਅਪਣਾ ਪਾਸਪੋਰਟ ਸੌਂਪਣਗੇ। ਰਾਜਜੀਤ ਸਿੰਘ ਮੋਗਾ ਤੋਂ ਬਦਲੀ ਕਰਨ ਉਪਰੰਤ ਇਸ ਵੇਲੇ ਚੌਥੀ ਬਟਾਲੀਅਨ ਮੁਹਾਲੀ ਵਿਖੇ ਕਮਾਂਡੈਂਟ ਵਜੋਂ ਤਾਇਨਾਤ ਹੈ। ਦਸ ਦਈਏ ਕਿ ਮੋਗਾ ਵਿਚ ਰਾਜਜੀਤ ਸਿੰਘ ਦੀ ਥਾਂ 'ਤੇ ਕਮਲਜੀਤ ਸਿੰਘ ਢਿੱਲੋਂ ਨੂੰ ਐਸਐਸਪੀ ਲਗਾਇਆ ਗਿਆ ਸੀ ਪਰ ਹੁਣ ਕਮਲਜੀਤ ਸਿੰਘ ਢਿੱਲੋਂ ਦੇ ਵਿਰੁਧ ਵੀ ਕਈ ਮਾਮਲੇ ਸਾਹਮਣੇ ਆਏ ਹਨ.
ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿਚ ਢਿੱਲੋਂ ਦੇ ਵਿਰੁਧ ਇਕ ਜਾਂਚ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਤਬਾਦਲਾ ਕਰਨ ਬਾਰੇ ਕਿਹਾ ਸੀ। ਦਸਿਆ ਜਾ ਰਿਹਾ ਹੈ ਐਸਐਸਪੀ ਮੋਗਾ ਕਮਲਜੀਤ ਸਿੰਘ ਢਿੱਲੋਂ ਨੂੰ ਬਦਲ ਕੇ ਏਆਈਜੀ ਅਪਰਾਧ ਸ਼ਾਖਾ ਵਜੋਂ ਤਾਇਨਾਤ ਕਰ ਦਿਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾ ਉਹਨਾਂ 'ਤੇ ਰਿਸ਼ਵਤਖੋਰੀ ਦੇ ਇਲਜ਼ਾਮ ਲੱਗੇ ਹੋਏ ਸਨ ਜਿਨ੍ਹਾਂ ਕਰਕੇ ਉਹਨਾਂ ਦਾ ਤਬਾਦਲਾ ਕਰ ਦਿਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ 'ਤੇ ਗੁਰਪ੍ਰੀਤ ਸਿੰਘ ਤੂਰ ਨੂੰ ਮੋਗਾ ਦਾ ਨਵਾਂ ਐਸਐਸਪੀ ਲਗਾਇਆ ਗਿਆ ਹੈ।