ਅਕਾਲੀ-ਭਾਜਪਾ ਵਲੋਂ ਪ੍ਰਧਾਨ ਮੰਤਰੀ ਮੋਦੀ ਵਾਸਤੇ ਮਲੋਟ ਵਿਖੇ ਧਨਵਾਦ ਰੈਲੀ 11 ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸਾਉਣੀ ਦੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ ਕੀਤੇ ਗਏ.........

Sukhbir Singh Badal And Other Akali Dal Leaders

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸਾਉਣੀ ਦੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ ਕੀਤੇ ਗਏ ਬੇਮਿਸਾਲ ਇਤਿਹਾਸਕ ਵਾਧੇ ਦੀ ਖੁਸ਼ੀ ਵਿਚ ਪਾਰਟੀ ਵਲੋਂ 11 ਜੁਲਾਈ ਨੂੰ ਇੱਕ ਧੰਨਵਾਦੀ ਰੈਲੀ ਕੀਤੀ ਜਾਵੇਗੀ, ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਕਰਨਗੇ। ਇਥੇ ਪਾਰਟੀ ਦੇ ਮੁੱਖ ਦਫ਼ਤਰ ਵਿਚ ਪਾਰਟੀ ਵਿਧਾਇਕਾਂ, ਉਮੀਦਵਾਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮਲੋਟ ਵਿਖੇ ਆਯੋਜਤ ਕੀਤੀ ਜਾਣ ਵਾਲੀ ਇਸ ਰੈਲੀ ਵਿਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨ ਭਾਗ ਲੈਣਗੇ।

ਸਰਦਾਰ ਬਾਦਲ ਨੇ ਕਿਹਾ ਕਿ ਪੈਦਾਵਰੀ ਲਾਗਤਾਂ ਉੱਤੇ 50 ਫੀਸਦੀ ਮੁਨਾਫੇ ਨੂੰ ਯਕੀਨੀ ਬਣਾਉਣ ਵਾਲੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦਾ ਦਲੇਰਾਨਾ ਫੈਸਲਾ ਲੈਣ ਵਾਲੇ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ ਕਰਨ ਲਈ ਪੰਜਾਬ ਦੇ ਕਿਸਾਨ ਅਤੇ ਅਕਾਲੀ ਦਲ ਦੇ ਆਗੂ ਅਤੇ ਵਰਕਰ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਉਹਨਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਵਲੋਂ ਸਾਂਝੇ ਤੌਰ 'ਤੇ ਆਯੋਜਤ ਕੀਤੀ ਜਾਣ ਵਾਲੀ ਇਸ ਰੈਲੀ ਵਿਚ ਗੁਆਂਢੀ ਰਾਜਾਂ ਤੋਂ ਵੀ ਹਜ਼ਾਰਾਂ ਕਿਸਾਨ ਭਾਗ ਲੈਣਗੇ। ਉਹਨਾਂ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਇਹ ਇਕ ਇਤਿਹਾਸਕ ਮੌਕਾ ਹੋਵੇਗਾ, ਜਿਥੇ ਕਿਸਾਨਾਂ ਨੂੰ ਦਿਤੇ ਵੱਡੇ ਲਾਭ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਨ ਲਈ ਸਮੁੱਚਾ ਕਿਸਾਨ ਭਾਈਚਾਰੇ ਇਕ ਪਲੇਟਫ਼ਾਰਮ ਉੱਤੇ ਇਕੱਠਾ ਹੋਵੇਗਾ।