ਗੁਆਂਢੀ ਰਾਜਾਂ ਤੋਂ ਪੰਜਾਬ ਵਿਚ ਪੈਟਰੌਲ-ਡੀਜ਼ਲ ਤਸਕਰੀ ਜ਼ੋਰਾਂ 'ਤੇ
ਰਾਜ ਵਿਚ ਵੈਟ ਵੱਧ ਹੋਣ ਕਾਰਨ ਵਿਕਰੀ 'ਚ ਭਾਰੀ ਗਿਰਾਵਟ
ਚੰਡੀਗੜ (ਨੀਲ ਭਲਿੰਦਰ ਸਿੰਘ): ਪੰਜਾਬ ਵਿਚ ਡਰੱਗ, ਸ਼ਰਾਬ ਆਦਿ ਦੀ ਤਸਕਰੀ ਮਗਰੋਂ ਹੁਣ ਪੈਟਰੌਲ ਅਤੇ ਡੀਜ਼ਲ ਦੀ ਤਸਕਰੀ ਧੜੱਲੇ ਨਾਲ ਜਾਰੀ ਹ। ਇਸਦਾ ਸਿੱਧਾ ਅਸਰ ਸਰਕਾਰੀ ਖਜ਼ਾਨੇ ਨੂੰ ਹੋਣ ਵਾਲੀ ਵੈਟ ਆਮਦਨ ਵਿਚ ਹਾਲੀਆ ਦਿਨਾਂ ਦੌਰਾਨ ਆਈ ਭਾਰੀ ਗਿਰਾਵਟ ਅਤੇ ਗੁਆਂਢੀ ਸੂਬਿਆਂ ਨੇੜਲੇ ਇਲਾਕਿਆਂ ਦੇ ਬਹੁਤੇ ਪੈਟਰੌਲ ਪੰਪਾਂ ਉਤੇ ਪਸਰੀ ਸੁੰਨ ਦੇ ਰੂਪ ਵਿਚ ਵੇਖਿਆ ਜਾ ਸਕਦਾ ਹੈ।
ਇਕ ਪਾਸੇ ਜਿਥੇ ਪੰਜਾਬ ਸਰਕਾਰ ਸੂਬੇ ਅੰਦਰ ਪੈਟਰੌਲ ਅਤੇ ਡੀਜ਼ਲ ਦੀ ਰੀਸੇਲ ਉਤੇ ਲਾਗੂ ਉੱਚ ਵੈਟ ਦਰ ਨੂੰ ਘਟਾਉਣ ਸਬੰਧੀ ਅੜੀਅਲ ਰਵੱਈਆ ਅਪਣਾਈ ਬੈਠੀ ਹੈ ਉਥੇ ਪੈਟਰੋਲੀਅਮ ਪਦਾਰਥ ਤਸਕਰਾਂ ਵਿਰੁਧ ਛਾਪੇਮਾਰੀ ਅਤੇ ਕਾਰਵਾਈ ਦੀ ਘਾਟ ਕਾਰਨ ਇਹ ਗ਼ੈਰਕਾਨੂੰਨੀ ਧੰਦਾ ਵੱਧ ਫੁਲ ਰਿਹਾ ਹੈ। ਰਾਜ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਉਤੇ ਗੁਆਂਢੀ ਰਾਜਾਂ ਮੁਕਾਬਲੇ ਬੇਹੱਦ ਉੱਚ ਦਰ ਵੈਟ (2017-18 ਵਿਚ 17 ਫੀਸਦੀ) ਇਹ ਸੋਚ ਕੇ ਠੋਕੀ ਹੋਈ ਹੈ ਕਿ ਸਰਕਾਰੀ ਖਜ਼ਾਨੇ ਵਿਚ ਇਜ਼ਾਫਾ ਹੋਵੇਗਾ ਪਰ ਅੰਕੜੇ ਕੁਝ ਹੋਰ ਹੀ ਗਵਾਹੀ ਭਰ ਰਹੇ ਹਨ ਜੋ ਇਸ ਪ੍ਰਕਾਰ ਹਨ:-
1. ਇਹ ਖਬਰ ਲਿਖੇ ਜਾਣ ਵੇਲੇ ਚੰਡੀਗੜ ਦੇ ਮੁਕਾਬਲੇ ਪੰਜਾਬ ਵਿਚ ਪੈਟਰੌਲ 10.55 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 3.91 ਰੁਪਏ ਪ੍ਰਤੀ ਲੀਟਰ ਮਹਿੰਗਾ ਰਿਹਾ।
2. ਪੈਟਰੋਲੀਅਮ ਮੰਤਰਾਲੇ ਦੇ ਅੰਕੜਿਆਂ ਮੁਤਾਬਿਕ ਸਾਲ 2008 ਵਿਚ ਡੀਜ਼ਲ ਉਤੇ 8.80 ਫੀਸਦੀ ਵੈਟ ਲਾਗੂ ਰਿਹਾ ਜਿਸ ਦੌਰਾਨ 3110498 ਕਿਲੋ ਲੀਟਰ ਵਿਕਰੀ ਦਰਜ ਕੀਤੀ ਗਈ।
3. ਸਾਲ 2015-16 ਦੌਰਾਨ ਪੰਜਾਬ ਵਿਚ ਡੀਜ਼ਲ ਉਤੇ ਵੈਟ ਬੇਹੱਦ ਸਿਖ਼ਰਲੀ ਦਰ 17.67 ਫੀਸਦੀ ਕਰ ਦਿੱਤਾ ਜਾਂਦਾ ਹੈ, ਸਰਕਾਰ ਦੇ ਵੱਧ ਕਰ ਕਮਾਈ ਦੇ ਅਨੁਮਾਨ ਮੁਤਾਬਿਕ ਉਸ ਸਾਲ ਵਿਕਰੀ 3786631 ਕਿਲੋ ਲੀਟਰ ਤੱਕ ਅੱਪੜ ਗਈ।
4. ਸਾਲ 2016-17 ਦੌਰਾਨ ਰਾਜ ਸਰਕਾਰ ਮਾਮੂਲੀ ਫਰਕ ਨਾਲ ਵੈਟ ਦਰ 17.33 ਫੀਸਦੀ ਰੱਖਦੀ ਹੈ ਪਰ 2008 ਮਗਰੋਂ ਇਸ ਸਾਲ ਪਹਿਲੀ ਵਾਰ ਪੰਜਾਬ ਵਿਚ ਡੀਜ਼ਲ ਦੀ ਸਾਲਾਨਾ ਵਿਕਰੀ ਵਿਚ ਗਿਰਾਵਟ ਦਰਜ ਹੋਈ।
5. ਸਾਲ 2017 -18 ਵਿਚ ਸਰਕਾਰ ਨੇ ਰਤਾ ਹੋਰ ਮਾਮੂਲੀ ਫਰਕ 17.00 ਫੀਸਦੀ ਵਜੋਂ ਪਾਇਆ ਪਰ ਵਿਕਰੀ ਵਿਚ ਗਿਰਾਵਟ ਨਹੀਂ ਰੁਕੀ ਅਤੇ ਸਾਲਾਨਾ ਵਿਕਰੀ 3358828 ਕਿਲੋ ਲੀਟਰ 'ਤੇ ਆ ਡਿੱਗੀ, ਜੋ ਗਰੋਥ ਪੱਖੋਂ ਹੋਰ ਨਿਗਾਰ (-10.5 ਫੀ ਸਦੀ) ਚ ਚਲੀ ਗਈ. ਇੰਨਾ ਹੀ ਨਹੀਂ ਇਸ ਸਾਲ ਹਾਲੀਆ ਸਾਲਾਂ ਦੌਰਾਨ ਮਾਲੀਆ ਗਰੋਥ ਪੱਖੋਂ ਵੀ -175 ਕਰੋੜ ਤੇ ਗਿਰਾਵਟ ਵੱਲ ਦਰਜ ਕੀਤਾ ਗਿਆ।