ਨਸ਼ਾ ਤਸਕਰੀ ਮਾਮਲੇ 'ਚ ਖਹਿਰਾ ਨੂੰ ਰਾਹਤ, ਸੰਮਨਾਂ 'ਤੇ ਰੋਕ ਬਰਕਰਾਰ
ਨਸ਼ਾ ਤਸਕਰੀ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਬਰਕਰਾਰ ਹੈ............
ਨਵੀਂ ਦਿੱਲੀ : ਨਸ਼ਾ ਤਸਕਰੀ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਬਰਕਰਾਰ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਉਹ ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ ਤੈਅ ਕਰੇਗੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਫ਼ਾਜ਼ਿਲਕਾ ਅਦਾਲਤ ਵਲੋਂ ਜਾਰੀ ਸੰਮਨ 'ਤੇ ਰੋਕ ਲਗਾ ਦਿਤੀ ਸੀ। ਖਹਿਰਾ ਨੇ ਫ਼ਾਜ਼ਿਲਕਾ ਅਦਾਲਤ ਦੇ ਸੰਮਨ ਨੂੰ ਸੁਪਰੀਮ ਕੋਰਟ ਵਿਚ ਚੁਨੌਤੀ ਦਿਤੀ ਹੋਈ ਹੈ। ਡਰੱਗ ਤਸਕਰੀ ਕੇਸ ਵਿਚ ਸੁਖਪਾਲ ਖਹਿਰਾ ਵਿਰੁਧ ਫ਼ਾਜ਼ਿਲਕਾ ਅਦਾਲਤ ਨੇ ਸੰਮਨ ਜਾਰੀ ਕੀਤੇ ਸਨ।
ਸੰਮਨ ਜਾਰੀ ਹੋਣ ਤੋਂ ਬਾਅਦ ਖਹਿਰਾ ਨੇ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਇਸ 'ਤੇ ਰੋਕ ਲਗਾਉਣ ਲਈ ਪਟੀਸ਼ਨ ਦਾਇਰ ਕੀਤੀ ਸੀ ਪਰ ਹਾਈ ਕੋਰਟ ਨੇ ਵੱਡਾ ਝਟਕਾ ਦਿੰਦਿਆਂ ਪਟੀਸ਼ਨ ਨੂੰ ਰੱਦ ਕਰ ਦਿਤਾ ਸੀ। ਫ਼ਿਲਹਾਲ ਇਸ ਮਾਮਲੇ ਵਿਚ ਖਹਿਰਾ ਨੂੰ ਰਾਹਤ ਮਿਲ ਗਈ ਹੈ ਕਿਉਂਕਿ ਅਦਾਲਤ ਨੇ ਸੰਮਨ 'ਤੇ ਲਗਾਈ ਗਈ ਰੋਕ ਨੂੰ ਬਰਕਰਾਰ ਰਖਿਆ ਹੈ। ਇਹ ਮਾਮਲਾ ਪੰਚ ਮਾਰਚ 2015 ਦਾ ਹੈ
ਜਦ ਜਲਾਲਾਬਾਦ ਪੁਲਿਸ ਨੇ ਨਸ਼ੀਲੇ ਪਦਾਰਥਾਂ ਅਤੇ ਸੋਨੇ ਦੀ ਤਸਕਰੀ ਦੇ ਦੋਸ਼ ਵਿਚ ਇਕ ਮਹਿਲਾ ਸਣੇ ਅੱਠ ਵਿਅਕਤੀਆਂ ਵਿਰੁਧ ਕੇਸ ਦਰਜ ਕੀਤਾ ਸੀ। ਇਸ ਗਿਰੋਹ ਦਾ ਸਰਗਣਾ ਕਪੂਰਥਲਾ ਜ਼ਿਲ੍ਹੇ ਦੇ ਭੁਲੱਥ ਦੀ ਮਾਰਕੀਟ ਕਮੇਟੀ ਦਾ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਦਸਿਆ ਗਿਆ ਸੀ ਜੋ ਸੁਖਪਾਲ ਸਿੰਘ ਖਹਿਰਾ ਦਾ ਉਸ ਵੇਲੇ ਤੋਂ ਕਰੀਬੀ ਸੀ ਜਦ ਉਹ ਕਾਂਗਰਸੀ ਸਨ। (ਏਜੰਸੀ)