ਮੁਆਫ਼ੀ ਨੂੰ ਲੈ ਕੇ ਅਕਾਲੀ ਦਲ ਦੇ ਹੱਕ 'ਚ ਨਿੱਤਰੀ ਭਾਜਪਾ
ਸ੍ਰੀ ਦਰਬਾਰ ਸਾਹਿਬ ਵਿਖੇ ਅਕਾਲੀ ਦਲ ਦੇ ਭੁੱਖ ਬਖ਼ਸਾਓ ਸਮਾਗਮ ਨੂੰ ਲੈ ਕੇ ਵਿਰੋਧੀਆਂ ਵਲੋਂ ਲਗਾਤਾਰ ਬਾਦਲਾਂ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ, ਪਰ ਇਸ...
ਚੰਡੀਗੜ੍ਹ (ਭਾਸ਼ਾ) : ਸ੍ਰੀ ਦਰਬਾਰ ਸਾਹਿਬ ਵਿਖੇ ਅਕਾਲੀ ਦਲ ਦੇ ਭੁੱਖ ਬਖ਼ਸਾਓ ਸਮਾਗਮ ਨੂੰ ਲੈ ਕੇ ਵਿਰੋਧੀਆਂ ਵਲੋਂ ਲਗਾਤਾਰ ਬਾਦਲਾਂ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ, ਪਰ ਇਸ ਦੌਰਾਨ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਦਾ ਕਹਿਣੈ ਕਿ ਅਪਣੀ ਭੁੱਲ ਚੁੱਕ ਲਈ ਮੁਆਫ਼ੀ ਮੰਗਣਾ ਹਰ ਸਿੱਖ ਦਾ ਹੱਕ ਹੈ। ਇਸ ਸਬੰਧੀ ਬੋਲਦਿਆਂ ਭਾਜਪਾ ਆਗੂ ਆਰ ਪੀ ਸਿੰਘ ਨੇ ਆਖਿਆ ਕਿ ਆਮ ਵਿਅਕਤੀ ਹਰ ਰੋਜ਼ ਗੁਰਦੁਆਰੇ ਜਾ ਕੇ ਅਪਣੀਆਂ ਭੁੱਲਾਂ ਬਖ਼ਸ਼ਾਉਂਦੇ ਹਨ ਅਤੇ ਜੇਕਰ ਕੋਈ ਸਿਆਸੀ ਆਗੂ ਗੁਰੂ ਘਰ ਵਿਚ ਜਾ ਕੇ ਮੁਆਫ਼ੀ ਮੰਗਦਾ ਹੈ ਤਾਂ ਇਸ ਵਿਚ ਕੁੱਝ ਵੀ ਗ਼ਲਤ ਨਹੀਂ ਹੈ।
ਪਰ ਨਾਲ ਹੀ ਉਨ੍ਹਾਂ ਬੇਅਦਬੀ ਕਾਂਡਾਂ ਵਿਚ ਸਰਕਾਰ ਦੀ ਅਣਗਹਿਲੀ ਦੀ ਗੱਲ ਵੀ ਮੰਨੀ। ਦਸ ਦਈਏ ਕਿ ਬਾਦਲਾਂ ਦੇ ਭੁੱਲ ਬਖ਼ਸ਼ਾਓ ਪ੍ਰੋਗਰਾਮ ਨੂੰ ਲੈ ਕੇ ਕਾਫ਼ੀ ਸਿਆਸਤ ਗਰਮਾਈ ਹੋਈ ਹੈ, ਜਿਸ ਦੇ ਚਲਦੇ ਜਿੱਥੇ ਅਕਾਲੀ ਦਲ ਦੇ ਵਿਰੋਧੀਆਂ ਵਲੋਂ ਕਿਹਾ ਜਾ ਰਿਹਾ ਹੈ ਕਿ ''ਬਾਦਲਾਂ ਨੇ ਮੁਆਫ਼ੀ ਮੰਗ ਕੇ ਸਾਬਤ ਕਰ ਦਿਤਾ ਹੈ ਕਿ ਉਨ੍ਹਾਂ ਨੇ ਗੁਨਾਹ ਕੀਤੇ ਹਨ।'' ਪਰ ਹੁਣ ਦੇਖਣਾ ਹੋਵੇਗਾ ਕਿ ਬਾਦਲਾਂ ਦੀ ਇਹ ਮੁਆਫ਼ੀ ਉਨ੍ਹਾਂ ਨੂੰ ਕਿੰਨੀ ਕੁ ਰਾਸ ਆਉਂਦੀ ਹੈ?