'ਰੋਜ਼ਾਨਾ ਸਪੋਕਸਮੈਨ' ਸੁਣਾਉਂਦੈ ਸੱਚ, ਅਕਾਲੀਆਂ 'ਚ ਨਹੀਂ ਸੱਚ ਸੁਣਨ ਦਾ ਮਾਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੀਡੀਆ ਹਾਊਸ 'ਤੇ ਅਕਾਲੀ ਦਲ ਦੇ ਹਮਲੇ ਉਪਰ ਬੋਲੇ ਨਵਜੋਤ ਸਿੱਧੂ......

Navjot Singh Sidhu Addressing the press

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ''ਰੋਜ਼ਾਨਾ ਸਪੋਕਸਮੈਨ' ਤੇ 'ਜ਼ੀ ਮੀਡੀਆ' ਸੱਚ ਦੀ ਆਵਾਜ਼ ਉਠਾਉਂਦੇ ਨੇ ਅਤੇ ਅਕਾਲੀਆਂ ਵਿਚ ਸੱਚ ਨੂੰ ਸੁਣਨ ਦਾ ਮਾਦਾ ਨਹੀਂ ਰਿਹਾ।'' ਇਹ ਸ਼ਬਦ ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪੰਜਾਬ ਦੇ ਨਾਮਵਰ ਅਖਬਾਰ ਅਤੇ ਵੈਬ ਟੀਵੀ 'ਸਪੋਕਸਮੈਨ' ਉਤੇ ਬੋਲੇ ਹਾਲੀਆ ਹਮਲੇ ਉਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਦਿੱਤੇ ਹਨ। ਉਹ ਅੱਜ ਇਥੇ ਇਕ ਹੰਗਾਮੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਪ੍ਰਧਾਨ ਖੁਦ ਇਕ ਮੀਡੀਆ ਹਾਊਸ ਦਾ ਮਾਲਕ ਹੋਣ ਅਤੇ ਮਹਿਜ਼ ਜਲਾਲਾਬਾਦ ਹਲਕੇ ਤੋਂ ਇਕ ਵਿਧਾਇਕ ਦੀ ਹੈਸੀਅਤ ਵਿਚ ਹੈ। ਅਜਿਹੇ ਵਿਚ ਇਕ ਤਾਂ ਵੱਡੇ ਮੀਡੀਆ ਹਾਊਸਾਂ ਬਾਰੇ ਬੋਲਣਾ ਉਸ ਨੂੰ ਸੋਭਦਾ ਨਹੀਂ ਅਤੇ ਦੂਜਾ ਉਹ ਭੁਲੇਖਾ ਪਾਲ ਬੈਠਾ ਹੈ ਕਿ ਸਮੁੱਚਾ ਮੀਡੀਆ ਉਸ ਦੇ ਪ੍ਰਾਈਵੇਟ ਮਾਲਕੀ ਵਾਲੇ ਮੀਡੀਆ ਵਾਂਗੂ ਸਿਰਫ ਅਤੇ ਸਿਰਫ ਉਸ ਬਾਰੇ ਅਤੇ ਉਸ ਦੀ ਪਸੰਦ ਦੀਆਂ ਖਬਰਾਂ  ਹੀ ਚਲਾਵੇ ਅਤੇ ਲਿਖੇ। 

ਦੱਸਣਯੋਗ ਹੈ ਕਿ ਅਕਾਲੀ ਦਲ ਦੀ ਐਤਵਾਰ ਨੂੰ ਪਟਿਆਲਾ ਰੈਲੀ ਦੌਰਾਨ ਅਪਣੇ ਸੰਬੋਧਨ ਵਿਚ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਕੈਬਿਨਟ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਜਗੀਰ ਕੌਰ ਅਤੇ ਆਖ਼ਰਕਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 'ਰੋਜ਼ਾਨਾ ਸਪੋਕਸਮੈਨ' ਅਤੇ ਕੌਮੀ ਮੀਡੀਆ ਹਾਊਸ 'ਜੀ ਨਿਊਜ਼' ਉਤੇ ਬੜੇ ਘਟੀਆ ਲਹਿਜੇ ਵਿਚ ਤਿੱਖੇ ਸ਼ਬਦੀ ਹਮਲੇ ਕੀਤੇ ਸਨ। ਅਕਾਲੀਆਂ ਦੀ ਇਸ 'ਭਬਕੀ ਨੁਮਾ ਲਲਕਾਰ' ਨੂੰ ਵੰਗਾਰਦੇ ਹੋਏ ਜਿਥੇ 'ਸਪੋਕਸਮੈਨ' ਅਦਾਰੇ ਵਲੋਂ ਪਹਿਲਾਂ ਹੀ ਬੜਾ ਨਿੱਗਰ ਅਤੇ ਨਿਡਰ ਪ੍ਰਤੀਕਰਮ ਦਿੱਤਾ ਜਾ ਚੁੱਕਾ ਹੈ

ਉਥੇ ਸਿੱਧੂ ਨੇ ਅੱਜ ਮੀਡੀਆ ਨਾਲ ਖਚਾਖਚ ਭਰੀ ਪ੍ਰੈਸ ਮਿਲਣੀ ਦੌਰਾਨ ਅਕਾਲੀਆਂ ਦੇ ਇਸ 'ਮੀਡੀਆ ਦਬਕੇ' ਨੂੰ ਹੋਛੀ ਕਾਰਵਾਈ ਕਰਾਰ ਦਿੰਦਿਆਂ ਕਿਹਾ, ''ਵੱਡੇ ਸਰੀਰਾਂ ਵਾਲੇ ਅਕਾਲੀਆਂ ਦੇ ਦਿਲ ਅੰਦਰੋਂ ਚਿੜੇ (ਤਾੜੀ ਦੇ ਖੜਾਕ ਨਾਲ ਉੱਡ ਜਾਣ ਵਾਲੇ ਪੰਛੀ ਦੀ ਇਕ ਕਿਸਮ) ਜਿੰਨੇ ਹਨ।'' ਉਨ੍ਹਾਂ ਕਿਹਾ, ''ਖੁਦ ਇਕ ਮੀਡੀਆ ਕਾਰੋਬਾਰੀ ਬਣ ਚੁੱਕੇ ਸੁਖਬੀਰ ਦੇ ਨਿਜੀ ਚੈਨਲ ਵਾਲੀ ਖ਼ਬਰ ਅਕਾਲੀਆਂ ਨੂੰ ਠੀਕ ਲਗਦੀ ਹੈ

ਪਰ ਜੇ ਸਪੋਕਸਮੈਨ ਅਤੇ ਜ਼ੀ ਨਿਊਜ਼ ਸੱਚ ਦੀ ਅਵਾਜ ਉਠਾਉਂਦੇ ਹਨ ਤਾਂ ਅਕਾਲੀਆਂ 'ਚ ਉਨ੍ਹਾਂ ਦਾ ਸੱਚ ਸੁਣਨ ਦਾ ਮਾਦਾ ਨਹੀਂ ਰਿਹਾ।'' ਸਿੱਧੂ ਨੇ ਹੋਰ ਕਿਹਾ, ''ਅਜੇ ਤਕ ਸੁਖਬੀਰ ਦਾ ਹੰਕਾਰ ਨਹੀਂ ਉਤਰਿਆ, ਦਸ ਸਾਲ ਇਸੇ ਹੰਕਾਰ ਵਿਚ ਰਾਜ ਕੀਤਾ ਹੋਣ ਕਾਰਨ ਹੀ ਲੋਕਾਂ ਨੇ ਅਕਾਲੀ ਮਹਿਜ਼ 13 ਸੀਟਾਂ ਤੱਕ ਸੀਮਤ ਕਰ ਦਿਤੇ ਹਨ। ਜੇਕਰ ਹੁਣ ਵੀ ਬਾਜ ਨਹੀਂ ਆਏ ਤੇ ਮੀਡੀਆ ਨੂੰ ਇਹ ਦਬਕੇ ਮਾਰਦੇ ਰਹੇ ਤਾਂ ਇਹ 13 ਸੀਟਾਂ ਵੀ ਨਹੀਂ ਰਹਿਣਗੀਆਂ।''

Related Stories