ਮੁਸਲਮਾਨ ਆਗੂਆਂ ਨੂੰ ਖੁੰਜੇ ਲਾਉਣ ਤੋਂ ਬਾਅਦ ਭਾਜਪਾ ਦੀ ਨਜ਼ਰ ਹੁਣ ਅਕਾਲੀ ਦਲ ‘ਤੇ
ਭਾਜਪਾ ਦੀ ਪੰਜਾਬ ਦੀ ਯੂਨਿਟ ਸੁਖਬੀਰ ਤੋਂ ਕਾਫ਼ੀ ਔਖੀ...
ਮਾਨਸਾ : ਆਰਐਸਐਸ ਦੀ ਅਗਵਾਈ 'ਚ ਭਾਜਪਾ ਕਸ਼ਮੀਰ ਦੇ ਮੁਸਲਿਮ ਆਗੂਆਂ ਦਾ ਸਿਆਸੀ ਕਤਲੇਆਮ ਕਰਨ ਤੋਂ ਬਾਅਦ ਹੁਣ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਣ ਲਈ ਜ਼ਮੀਨ ਤਿਆਰ ਕਰਨ ਲੱਗੀ ਹੋਈ ਹੈ। ਭਾਜਪਾ ਵਲੋਂ ਆਰੰਭੇ 'ਮਿਸ਼ਨ ਪੰਜਾਬ' ਦੀ ਧਮਕ ਨਾਲ ਬਾਦਲਾਂ ਦੇ ਸਿਆਸੀ ਕਿਲ੍ਹੇ ਦੀਆਂ ਕੰਧਾਂ ਕੰਬਣ ਲੱਗੀਆਂ ਹਨ। ਪੰਜਾਬ 'ਚ ਆਰਐਸਐਸ ਤੇ ਭਾਜਪਾ ਵਲੋਂ ਅਪਣਾ ਦਾਇਰਾ ਵਧਾਉਣ ਲਈ ਵੱਖ-ਵੱਖ ਪ੍ਰਕਾਰ ਦੀਆਂ ਐਨ.ਜੀ.ਓਜ਼ ਰਾਹੀਂ ਪਿੰਡਾਂ 'ਚ ਆਰੰਭੀਆਂ ਸਰਗਰਮੀਆਂ ਦੀਆਂ ਜੋ ਰਿਪੋਰਟਾਂ ਐਸਜੀਪੀਸੀ ਦੇ ਮੁੱਖ ਦਫ਼ਤਰ ਤਕ ਪਹੁੰਚ ਰਹੀਆਂ ਹਨ।
ਉਸ ਨਾਲ ਅਕਾਲੀ ਲੀਡਰਸ਼ਿਪ ਅੰਦਰੋ ਅੰਦਰੀ ਘਬਰਾਹਟ 'ਚ ਆਈ ਹੋਈ ਹੈ। ਸਿਆਸੀ, ਧਾਰਮਕ ਤੇ ਸਮਾਜਕ ਖੇਤਰ 'ਚ ਆਰਐਸਐਸ ਵਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੀਆਂ ਇਹ ਰਿਪੋਰਟਾਂ ਸ਼ੋਮਣੀ ਕਮੇਟੀ ਦੇ ਕੁੱਝ ਪ੍ਰਚਾਰਕਾਂ ਦੁਆਰਾ ਤਿਆਰ ਕਰ ਕੇ ਮੁੱਖ ਦਫਤਰ ਨੂੰ ਭੇਜੀਆਂ ਗਈਆਂ ਹਨ ਜੋ ਕਮੇਟੀ ਵਲੋਂ ਦਬਾਈਆਂ ਜਾ ਰਹੀਆਂ ਹਨ। ਐਸਜੀਪੀਸੀ ਦੇ ਅਧਿਕਾਰੀ ਅਪਣੀ ਸੀਟ ਖੁੱਸਣ ਦੇ ਡਰੋਂ ਕੁੱਝ ਵੀ ਬੋਲਣ ਲਈ ਤਿਆਰ ਨਹੀਂ।
ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਸਿਆਸੀ ਅਸਫਲਤਾ ਤੋਂ ਬਾਆਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਦੀ ਨਿਰਾਸ਼ ਕਾਰਗੁਜ਼ਾਰੀ ਕਰ ਕੇ ਪੰਜਾਬ ਅੰਦਰ ਪੈਦਾ ਹੋਏ ਸਿਆਸੀ ਖਲਾਅ 'ਚ ਭਾਜਪਾ ਅਪਣੀ ਸਥਿਤੀ ਮਜ਼ਬੂਤ ਕਰਨ 'ਚ ਜੁਟੀ ਹੋਈ ਹੈ। ਸਿਆਸਤ ਨਾਲ ਸਬੰਧ ਰੱਖਣ ਵਾਲੇ ਬੁੱਧੀਜੀਵੀ ਹਲਕਿਆਂ 'ਚ ਇਹ ਚਰਚਾ ਹੈ ਕਿ 2022 'ਚ ਪੰਜਾਬ ਅੰਦਰ ਭਾਜਪਾ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਦਾ ਅਹੁਦਾ ਹਾਸਲ ਕਰਨ ਦੀ ਦੌੜ 'ਚ ਹੈ, ਜਿਸ ਦੇ ਰਸਤੇ 'ਚ ਸੱਭ ਤੋਂ ਵੱਡਾ ਰੋੜਾ ਸੁਖਬੀਰ ਬਾਦਲ ਨੂੰ ਸਮਝਿਆ ਜਾਂਦਾ ਹੈ।
ਭਾਜਪਾ ਨੇ ਪਹਿਲਾਂ 1997 ਅਤੇ ਫਿਰ 2007 'ਚ ਅਕਾਲੀ ਦਲ ਕੋਲੋਂ ਉਪ ਮੁੱਖ ਮੰਤਰੀ ਦਾ ਅਹੁਦਾ ਮੰਗਿਆ ਸੀ ਜੋ ਉਨ੍ਹਾਂ ਨੂੰ ਨਹੀ ਦਿਤਾ ਗਿਆ। ਅਕਾਲੀ ਦਲ ਪੰਜਾਬ ਭਾਜਪਾ ਯੂਨਿਟ ਨੂੰ ਇਹ ਵੀ ਸਿਆਸੀ ਰੰਜ਼ ਹੈ ਕਿ ਜਦੋਂ ਦੀ ਅਕਾਲੀ ਦਲ ਦੀ ਲੀਡਰਸ਼ਿਪ ਸੁਖਬੀਰ ਬਾਦਲ ਦੇ ਹੱਥ ਆਈ ਹੈ, ਉਸ ਨੇ ਪੰਜਾਬ ਦੇ ਸਾਰੇ ਨਿਗਮਾਂ ਅਤੇ ਨਗਰ ਕੌਂਸਲਾਂ 'ਚੋਂ ਭਾਜਪਾ ਦਾ ਸਫ਼ਾਇਆ ਕਰ ਕੇ ਸਾਰੇ ਸ਼ਹਿਰਾਂ ਦੀਆਂ ਨਿਗਮਾਂ ਤੇ ਕੌਂਸਲ ਪ੍ਰਧਾਨਗੀਆਂ ਉਤੇ ਅਕਾਲੀ ਦਲ ਦਾ ਕਬਜ਼ਾ ਕਰਵਾ ਦਿਤਾ ਹੋਇਆ ਹੈ। ਹੁਣ ਭਾਜਪਾ ਨੇ ਅਕਾਲੀ ਦਲ ਨੂੰ ਇੱਕੀ ਦੀ ਇਕੱਤੀ ਪਾਉਣ ਲਈ ਅਪਣਾ ਰੁਖ਼ ਪਿੰਡਾਂ ਵਲ ਕਰ ਲਿਆ ਹੈ।
ਬਦਲੇ ਸਿਆਸੀ ਹਾਲਾਤ 'ਚ ਪਹਿਲਾਂ ਨਾਲੋਂ ਵੱਧ ਤਾਕਤਵਰ ਹੋਈ ਭਾਜਪਾ ਸੂਬੇ 'ਚ ਇਕ ਤੋਂ ਵੱਧ ਸਿਆਸੀ ਗਰੁੱਪਾਂ ਨਾਲ ਤਾਲਮੇਲ ਕਰ ਕੇ ਚੱਲ ਰਹੀ ਹੈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਕਸ਼ਮੀਰ ਮੁੱਦੇ ਉੱਤੇ ਆਮ ਆਦਮੀ ਪਾਰਟੀ ਵਲੋਂ ਭਾਜਪਾ ਦਾ ਸਮਰਥਨ ਕਰਨਾ ਡੂੰਘੇ ਸਿਆਸੀ ਸੰਕੇਤ ਦੇ ਗਿਆ ਹੈ। ਧਾਰਾ 370 ਮੁੱਦੇ 'ਤੇ ਅਕਾਲੀ ਦਲ ਨੂੰ ਦਾਅ ਉਤੇ ਲਾ ਕੇ ਸੁਖਬੀਰ ਨੇ ਅਪਣਾ ਬਚਾਉ ਕਰਨ ਦਾ ਯਤਨ ਤਾਂ ਕੀਤਾ ਹੈ ਪਰ ਪਾਰਟੀ ਅਤੇ ਸਿੱਖ ਇਤਿਹਾਸ ਨੂੰ ਕਲੰਕਿਤ ਕਰ ਗਿਆ। ਮਿਲੀ ਜਾਣਕਾਰੀ ਅਨੁਸਾਰ 'ਮਿਸ਼ਨ ਪੰਜਾਬ' ਦੀ ਪ੍ਰਾਪਤੀ ਲਈ ਆਰਐਸਐਸ ਨੇ ਹੁਣ ਇਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਭਾਜਪਾ ਨੂੰ ਪੰਜਾਬ ਦੇ ਪਿੰਡਾਂ 'ਚ ਪਾਰਟੀ ਮੈਂਬਰਸ਼ਿਪ ਲਈ ਨਿਸ਼ਚਿਤ ਕੋਟਾ ਪੂਰਾ ਕਰਨ ਦਾ ਟੀਚਾ ਦਿਤਾ ਹੈ ਜਿਸ ਨੂੰ ਪੂਰਾ ਕਰਨਾ ਲਾਜ਼ਮੀ ਹੈ।
ਮਾਲਵੇ ਦੇ ਪਿੰਡਾਂ 'ਚ ਮੈਂਬਰਸ਼ਿਪ ਮੁੱਦੇ 'ਤੇ ਭਾਜਪਾ ਤੇ ਅਕਾਲੀ ਦਲ ਦੇ ਪੇਂਡੂ ਆਗੂਆਂ 'ਚ ਆਪਸ 'ਚ ਹੀ ਜ਼ੋਰ ਕਰਨ ਲੱਗ ਗਏ ਹਨ। ਕਈ ਥਾਵਾਂ 'ਤੇ ਤਾਂ ਅਕਾਲੀ ਆਗੂਆਂ ਨੇ ਭਾਜਪਾਈਆਂ ਨੂੰ ਘੂਰਿਆ ਵੀ ਹੈ ਪਰ ਸੱਤਾ ਦੇ ਘੋੜੇ 'ਤੇ ਸਵਾਰ ਹਰ ਹਾਲਤ 'ਚ ਸੁਖਬੀਰ ਨੂੰ ਠਿੱਬੀ ਲਾਉਣ ਨੂੰ ਫਿਰਦੀ ਹੈ। ਹੁਣ ਇਹ ਆਉਣ ਵਾਲੇ ਸਮੇਂ 'ਚ ਪਤਾ ਕਿ ਭਾਜਪਾ ਦੇ ਤੀਰ ਤੋਂ ਸੁਖਬੀਰ ਕਿਵੇਂ ਬਚਦਾ ਹੈ।