ਸਿੱਧੂ ਵਲੋਂ ਨੋਟਬੰਦੀ 'ਗਿਣ-ਮਿਥ ਕੇ ਮਾਰੀ ਡਕੈਤੀ' ਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੋਦੀ ਸਰਕਾਰ ਦੀ ਚਰਚਿਤ ਨੋਟਬੰਦੀ (8 ਨਵੰਬਰ 2016) ਨੂੰ ਇਕ ''ਗਿਣ-ਮਿਥ ਕੇ ਮਾਰੀ ਗਈ ਡਕੈਤੀ'' ਕਰਾਰ ਦਿਤਾ ਹੈ..........

Navjot Singh Sidhu During Press Conference

ਚੰਡੀਗੜ੍ਹ  (ਨੀਲ ਭਲਿੰਦਰ ਸਿੰਘ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੋਦੀ ਸਰਕਾਰ ਦੀ ਚਰਚਿਤ ਨੋਟਬੰਦੀ (8 ਨਵੰਬਰ 2016) ਨੂੰ ਇਕ ''ਗਿਣ-ਮਿਥ ਕੇ ਮਾਰੀ ਗਈ ਡਕੈਤੀ'' ਕਰਾਰ ਦਿਤਾ ਹੈ। ਸਿੱਧੂ ਨੇ ਸਰਕਾਰੀ ਨਿਵਾਸ 'ਤੇ ਖਚਾਖਚ ਭਰੀ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਫ਼ੈਸਲੇ ਨੇ ਦੇਸ਼ ਦੀ ਮਾਲੀ ਹਾਲਤ ਅਤੇ ਦੇਸ਼  ਦੇ ਗ਼ਰੀਬਾਂ ਦੀ ਰੀੜ੍ਹ ਦੀ ਹੱਡੀ ਤੋੜ ਦਿਤੀ ਅਤੇ ਇਸ ਤੋਂ ਸਿਰਫ਼ 'ਚੋਣਵੇਂ ਲੋਕਾਂ' ਨੂੰ ਹੀ ਫ਼ਾਇਦਾ ਹੋਇਆ ਹੈ। ਸਿੱਧੂ ਨੇ ਮੋਦੀ  ਸਰਕਾਰ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਜੇ ਮੋਦੀ  ਨੂੰ ਗ਼ਰੀਬ ਲੋਕਾਂ ਦੀ ਏਨੀ ਹੀ ਫ਼ਿਕਰ ਸੀ ਤਾਂ 2000 ਦਾ ਨੋਟ ਕੱਢਣ ਦੀ ਬਜਾਏ ਪਹਿਲਾਂ 200 ਦਾ ਨੋਟ ਕੱਢਦੇ। 

ਸਿੱਧੂ ਨੇ ਦੁਨੀਆਂ ਭਰ 'ਚ ਹੋਈਆਂ ਵਡੀਆਂ ਨੋਟਬੰਦੀਆਂ ਦੇ ਹਵਾਲੇ ਦਿੰਦੇ ਹੋਏ ਕਿਹਾ ਕਿ ਨੋਟਬੰਦੀ ਦਾ ਇਤਿਹਾਸ ਰਿਹਾ ਹੈ ਕਿ ਵੱਖ ਵੱਖ ਮੁਲਕਾਂ  ਨੇ ਵੱਡੀ ਕਰੰਸੀ ਮਾਰਕੀਟ 'ਚੋਂ ਵਾਪਸ ਲੈ ਕੇ ਛੋਟੇ ਨੋਟ ਜਾਰੀ ਕੀਤੇ। ਅਜਿਹਾ ਹੀ ਇੰਦਰਾ ਗਾਂਧੀ ਵੇਲੇ ਭਾਰਤ ਵਿਚ ਵੀ ਕੀਤਾ ਗਿਆ ਤਾਕਿ ਕਰੰਸੀ ਦੇ ਕੱਚੇ ਲੈਣ ਦੇਣ 'ਚ ਕਠਿਨਾਈਆਂ ਖੜੀਆਂ ਕੀਤੀਆਂ ਜਾ ਸਕਣ। ਸਿੱਧੂ ਨੇ ਹੈਰਾਨੀ ਪ੍ਰਗਟ ਕੀਤੀ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਉਲਟਾ ਕੀਤਾ ਕਿ ਪੰਜ ਸੌ - ਹਜ਼ਾਰ ਦੇ ਨੋਟ ਵਾਪਸ ਲੈਣ ਦੀ ਬਜਾਏ ਸਿੱਧਾ ਦੋ ਹਜ਼ਾਰ ਦਾ ਹੀ ਨੋਟ ਕੱਢ ਕੱਚੇ ਲੈਣ ਦੇਣ ਨੂੰ ਹੋਰ ਸੌਖਾ ਕਰ ਦਿਤਾ।

ਸਿੱਧੂ ਨੇ ਕਿਹਾ ਕਿ ਦੋ ਹਜ਼ਾਰ ਦਾ ਨੋਟ ਆ ਜਾਣ ਨਾਲ ਹੁਣ ਲੱਖਾਂ ਰੁਪਏ ਦਾ ਲੈਣ ਦੇਣ ਜੇਬ ਵਿਚ ਹੀ ਹੋ ਜਾਂਦਾ ਹੈ। ਸਿੱਧੂ ਨੇ ਕਿਹਾ ਕਿ ਗ਼ਰੀਬ ਜਨਤਾ ਦਾ ਨੋਟਬੰਦੀ ਕਾਰਨ ਬੁਰਾ ਹਾਲ ਹੋਇਆ ਹੈ ਜਦਕਿ ਕਾਲਾ  ਧਨ ਹੁਣ ਤਕ ਵੀ ਵਾਪਸ ਨਹੀਂ ਆ ਸਕਿਆ । ਸਿੱਧੂ ਨੇ ਕਿਹਾ ਕਿ ਮੋਦੀ ਨੇ ਰਾਤ ਦੇ ਹਨੇਰੇ ਵਿਚ ਨੋਟਬੰਦੀ ਦਾ ਫ਼ੌਰੀ ਲਾਗੂ ਤੁਗਲਕੀ ਫ਼ਰਮਾਨ ਜਾਰੀ ਕੀਤਾ ਸੀ ਜਦਕਿ ਇਸ ਬਾਰੇ ਹੋਰਨਾਂ ਦੇਸ਼ਾਂ ਦੇ ਤਜਰਬੇ ਮੁਤਾਬਕ ਜਨਤਾ ਨੂੰ ਨੋਟ ਬਦਲਵਾਉਣ ਲਈ ਤਿੰਨ ਸਾਲ ਦਾ ਸਮਾਂ ਦਿਤਾ ਜਾਣਾ ਬਣਦਾ ਸੀ ।

ਸਿੱਧੂ ਨੇ ਕਿਹਾ ਕਿ ਜਦ ਤਕ ਨੀਰਵ ਮੋਦੀ, ਚੋਕਸੀ, ਵਿਜੇ  ਮਾਲਿਆ ਜਿਹੇ ਲੋਕਾਂ ਨੂੰ ਨਹੀਂ ਫੜਿਆ ਜਾਵੇਗਾ, ਉਦੋਂ ਤਕ ਇਹ ਕਾਲਾ ਧਨ  ਵਾਪਸ ਨਹੀਂ ਆਵੇਗਾ ਤੇ ਦੇਸ਼ ਦੇ ਇਨ੍ਹਾਂ ਵੱਡੇ ਠੱਗਾਂ  ਦੇ ਵਕੀਲ ਭਾਜਪਾ  ਦੇ ਵੱਡੇ ਨੇਤਾਵਾਂ ਦੇ ਬੱਚੇ ਹਨ। ਸਿੱਧੂ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਨਾਮਵਰ ਅਰਥ ਸ਼ਾਸਤਰੀ ਡਾਕਟਰ ਮਨਮੋਹਨ ਸਿੰਘ ਵਲੋਂ ਨੋਟਬੰਦੀ ਕਾਰਨ ਵਿਕਾਸ ਦਰ ਡਿਗਣ ਬਾਰੇ ਕੀਤੀ ਗਈ ਭਵਿੱਖਬਾਣੀ ਵੀ ਸਹੀ ਸਾਬਿਤ ਹੋ ਚੁਕੀ ਹੋਣ ਦਾ ਹਵਾਲਾ ਦਿਤਾ।

Related Stories