ਹਜ਼ੂਰ ਸਾਹਿਬ ਜਾਣ ਵਾਲਿਆਂ ਲਈ ਖੁਸ਼ਖ਼ਬਰੀ, ਮੁੜ ਸ਼ੁਰੂ ਹੋਈ ਅੰਮ੍ਰਿਤਸਰ ਤੋਂ ਹਵਾਈ ਸੇਵਾ
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਮਾਰਚ ਮਹੀਨੇ ਤੋਂ ਠੱਪ ਸੀ ਹਵਾਈ ਸੇਵਾਵਾਂ
ਅੰਮ੍ਰਿਤਸਰ: ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੀਆਂ ਸੰਗਤਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਦਰਅਸਲ ਕੋਰੋਨਾ ਮਹਾਂਮਾਰੀ ਤੋਂ ਬਾਅਦ ਹਜ਼ੂਰ ਸਾਹਿਬ ਵਿਖੇ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਫਿਰ ਤੋਂ ਸ਼ੁਰੂ ਹੋ ਗਈ ਹੈ।
ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਦੇਸ਼ ਭਰ ਵਿਚ ਹਵਾਈ ਸੇਵਾਵਾਂ ਠੱਪ ਸਨ। ਇਸ ਦੇ ਚਲਦਿਆਂ ਮਾਰਚ ਮਹੀਨੇ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਵੀ ਬੰਦ ਸੀ।
ਹੁਣ ਇਹ ਸੇਵਾ ਫਿਰ ਤੋਂ ਸ਼ੁਰੂ ਹੋ ਗਈ ਹੈ। ਇਸ ਦੇ ਚਲਦਿਆਂ ਸੰਗਤ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਹ ਉਡਾਣ ਪਹਿਲਾਂ ਹਫ਼ਤੇ ਦੇ ਦੋ ਦਿਨ ਚਲਦੀ ਸੀ ਤੇ ਹੁਣ ਇਹ ਉਡਾਣ ਹਫ਼ਤੇ ਵਿਚ ਤਿੰਨ ਦਿਨ ਚੱਲਿਆ ਕਰੇਗੀ।
ਜਾਣਕਾਰੀ ਦੇ ਮੁਤਾਬਕ ਇਹ ਉਡਾਣਾਂ ਮੰਗਲਵਾਰ, ਵੀਰਵਾਰ ਤੇ ਸ਼ਨਿਚਰਵਾਰ ਨੂੰ ਚੱਲਿਆ ਕਰਨਗੀਆਂ। ਹਵਾਈ ਸੇਵਾ ਸ਼ੁਰੂ ਹੋਣਾ ਸਿੱਖ ਭਾਈਚਾਰੇ ਲਈ ਕਾਫੀ ਲਾਹੇਵੰਦ ਹੈ ਕਿਉਂਕਿ ਇਸ ਤੋਂ ਪਹਿਲਾਂ ਜ਼ਿਆਦਾਤਰ ਸ਼ਰਧਾਲੂ ਟਰੇਨ ਜ਼ਰੀਏ ਯਾਤਰਾ ਕਰਦੇ ਸਨ, ਜਿਸ ਲਈ ਕਾਫ਼ੀ ਸਮਾਂ ਲੱਗਦਾ ਸੀ।