2 ਲੱਖ ਸਮਾਰਟ ਕਾਰਡ ਧਾਰਕਾਂ ਦੀ ਮੁੜ ਹੋਵੇਗੀ ਜਾਂਚ
ਸੂਬਾ ਸਰਕਾਰ ਦੇ ਹੁਕਮ ‘ਤੇ ਸਮਾਰਟ ਰਾਸ਼ਨ ਕਾਰਡ ਲਾਭਪਾਤਰੀਆਂ ਦੇ ਪਰਵਾਰਾਂ ਦੀ ਜਾਂਚ ਦਾ ਫ਼ੈਸਲਾ ਕੀਤਾ ਗਿਆ। ਡੀਸੀ ਪ੍ਰਦੀਪ ਕੁਮਾਰ ਸਬਰਵਾਲ...
ਤਰਨਤਾਰਨ : ਸੂਬਾ ਸਰਕਾਰ ਦੇ ਹੁਕਮ ‘ਤੇ ਸਮਾਰਟ ਰਾਸ਼ਨ ਕਾਰਡ ਲਾਭਪਾਤਰੀਆਂ ਦੇ ਪਰਵਾਰਾਂ ਦੀ ਜਾਂਚ ਦਾ ਫ਼ੈਸਲਾ ਕੀਤਾ ਗਿਆ। ਡੀਸੀ ਪ੍ਰਦੀਪ ਕੁਮਾਰ ਸਬਰਵਾਲ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਬੈਠਕ ਕੀਤੀ। ਇਸ ਮੌਕੇ ਉਤੇ ਏਡੀਸੀ ਸੰਦੀਪ ਰਿਸ਼ੀ, ਐਸਡੀਐਮ ਸੁਰਿੰਦਰ ਸਿੰਘ, ਐਸਡੀਐਮ ਪੱਟੀ ਅਨੁਪ੍ਰੀਤ ਕੌਰ, ਜ਼ਿਲ੍ਹਾ ਖ਼ੁਰਾਕ ਫੂਡ ਸਪਲਾਈ ਅਧਿਕਾਰੀ ਸੁਖਜਿੰਦਰ ਸਿੰਘ ਅਤੇ ਹੋਰ ਵਿਭਾਗ ਦੇ ਅਧਿਕਾਰੀ ਮੌਜੂਦ ਸਨ।
ਡੀਸੀ ਪ੍ਰਦੀਪ ਕੁਮਾਰ ਸਬਰਵਾਲ ਨੇ ਕਿਹਾ ਕਿ ਤਰਨਤਾਰਨ ਵਿਚ ਸਮਾਰਟ ਰਾਸ਼ਨ ਕਾਰਡ ਹੋਲਡਰਾਂ ਦੀ ਗਿਣਤੀ ਇਕ ਲੱਖ 89 ਹਜ਼ਾਰ 505 ਹੈ ਜਿਸ ਦੇ ਤਹਿਤ ਸੱਤ ਲੱਖ 73 ਹਜ਼ਾਰ 718 ਲਾਭਪਾਤਰੀਆਂ ਨੂੰ ਆਟਾ-ਦਾਲ ਸਕੀਮ ਦਾ ਮੁਨਾਫ਼ਾ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦੇ ਹੁਕਮ ਉਤੇ ਇਸ ਸਕੀਮ ਨਾਲ ਜੁੜੇ ਲਾਭਪਾਤਰੀਆਂ ਦੀ ਜਾਂਚ ਦੁਬਾਰਾ ਕਰਵਾਈ ਜਾਵੇਗੀ, ਤਾਂਕਿ ਕੋਈ ਸਰਮਾਏਦਾਰ ਪਰਵਾਰ ਗ਼ਲਤ ਦਸਤਾਵੇਜ਼ ਬਣਾ ਕੇ ਅਧਿਕਾਰੀਆਂ ਦੀ ਮਿਲੀਭਗਤ ਨਾਲ ਇਸ ਸਕੀਮ ਦਾ ਮੁਨਾਫ਼ਾ ਤਾਂ ਨਹੀਂ ਉਠਾ ਰਿਹਾ ਹੈ।
ਜੇਕਰ ਜਾਂਚ ਤੋਂ ਬਾਅਦ ਕੋਈ ਅਜਿਹਾ ਮਾਮਲਾ ਸਾਹਮਣੇ ਆਇਆ ਤਾਂ ਉਸ ਪਰਵਾਰ ਅਤੇ ਸਬੰਧਤ ਅਧਿਕਾਰੀ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀਸੀ ਪ੍ਰਦੀਪ ਕੁਮਾਰ ਸਬਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮ ਉਤੇ ਹੁਣ ਜੋ ਕਿਸਾਨ ਕਰਜ਼ ਦੇ ਬੋਝ ਹੇਠਾਂ ਦੱਬ ਕੇ ਖ਼ੁਦਕੁਸ਼ੀ ਕਰ ਚੁੱਕੇ ਹਨ। ਉਨ੍ਹਾਂ ਦੇ ਪਰਵਾਰਾਂ ਨੂੰ ਵੀ ਸਮਾਰਟ ਰਾਸ਼ਨ ਕਾਰਡ ਸਕੀਮ ਨਾਲ ਜੋੜ ਕੇ ਪਰਵਾਰ ਦੇ ਮੈਂਬਰਾਂ ਦੇ ਹਿਸਾਬ ਨਾਲ ਸਰਕਾਰ ਵਲੋਂ ਦਿਤੇ ਜਾਣ ਵਾਲੇ ਆਟਾ-ਦਾਲ ਸਕੀਮ ਨਾਲ ਜੋੜਿਆ ਜਾਵੇਗਾ।
ਇਸ ਤੋਂ ਇਲਾਵਾ ਐਕਸ ਸਰਵਿਸਮੈਨ ਅਤੇ ਉਨ੍ਹਾਂ ਦੇ ਉਤੇ ਨਿਰਭਰ ਰਹਿਣ ਵਾਲੇ ਪਰਵਾਰ ਜਿਨ੍ਹਾਂ ਦੀ ਸਲਾਨਾ ਆਮਦਨ ਪੈਨਸ਼ਨ ਤੋਂ ਇਲਾਵਾ 60 ਹਜ਼ਾਰ ਰੁਪਏ ਤੋਂ ਘੱਟ ਹੈ। ਉਹ ਵੀ ਇਸ ਸਕੀਮ ਦਾ ਮੁਨਾਫ਼ਾ ਉਠਾ ਸਕਣਗੇ। ਉਨ੍ਹਾਂ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ ਕਿ ਜਾਂਚ ਦਾ ਕੰਮ ਛੇਤੀ ਪੂਰਾ ਕੀਤਾ ਜਾਵੇ ਅਤੇ ਲਾਇਕ ਲਾਭਪਾਤਰੀਆਂ ਦੀ ਸੂਚੀ ਬਣਾ ਕੇ ਸੂਬਾ ਸਰਕਾਰ ਨੂੰ ਭੇਜੀ ਜਾਵੇ।
ਉਥੇ ਹੀ ਡੀਸੀ ਪ੍ਰਦੀਪ ਕੁਮਾਰ ਸਬਰਵਾਲ ਨੇ ਸਬੰਧਤ ਮੁੱਦੇ ਦੇ ਤਹਿਤ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਇਸ ਯੋਜਨਾ ਉਤੇ ਅਮਲ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਹੁਕਮ ਦੇ ਤਹਿਤ ਇਸ ਯੋਜਨਾ ਦਾ ਮੁਨਾਫ਼ਾ ਸਹੀ ਲਾਭਪਾਤਰੀਆਂ ਤੱਕ ਪੰਹੁਚਾਉਣਾ ਹੈ। ਯੋਜਨਾ ਵਿਚ ਸਹੀ ਅਤੇ ਸਾਰਥਕ ਲਾਭਪਾਤਰੀਆਂ ਨੂੰ ਹੀ ਸ਼ਾਮਿਲ ਕੀਤਾ ਜਾਵੇ। ਡੀਸੀ ਨੇ ਕਿਹਾ ਕਿ ਸਰਕਾਰ ਅਜਿਹਾ ਕਰਕੇ ਜ਼ਰੂਰਤਮੰਦ ਪਰਵਾਰਾਂ ਦੀ ਸਹਾਇਤਾ ਕਰ ਰਹੀ ਹੈ ਤਾਂਕਿ ਉਹ ਅਪਣਾ ਗੁਜ਼ਾਰਾ ਸਹੀ ਢੰਗ ਨਾਲ ਕਰ ਸਕਣ। ਇਸ ਮੌਕੇ ਉਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਿਲ ਰਹੇ।