‘ਹਮਸਾਏ ਮਾਂ ਜਾਏ’ ਗੀਤ ਦੀਆਂ ਗੁਆਂਢਣਾਂ ਵਲੋਂ ਪੰਜਾਬ ਲਈ ਕੀ ਹੈ ਸੁਨੇਹਾ, ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿਹੜੀ ਦੀਵਾਰ ਦੋ ਗੁਆਂਢਣਾ ਵਿਚਾਲੇ ਹੈ ਉਹੀ ਭਾਰਤ ਤੇ ਪਾਕਿ ਵਿਚਾਲੇ ਹੈ: ਅਸਮਾ ਅੱਬਾਸ

Humsaye Maa Jaye

ਚੰਡੀਗੜ੍ਹ: ਦੁਨੀਆਂ ਭਰ ’ਚ ਛਾਇਆ ਪਾਕਿਸਤਾਨ ਦਾ ਗੀਤ ‘ਹਮਸਾਏ ਮਾਂ ਜਾਏ’, ਜੋ ਕਿ ਭਾਰਤ ਤੇ ਪਾਕਿ ਦੀਆਂ ਟੁੱਟੀਆਂ ਤੰਦਾਂ ਨੂੰ ਫਿਰ ਤੋਂ ਜੋੜਨ ਦੀ ਇਕ ਪਿਆਰੀ ਜਿਹੀ ਕੋਸ਼ਿਸ਼ ਕਰ ਰਿਹਾ ਹੈ। ਇਸ ਗੀਤ ਤੋਂ ਬਾਅਦ ਇਕ ਵਾਰ ਫਿਰ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੇਸ਼ ਭਾਵੇਂ ਦੋ ਬਣ ਗਏ ਪਰ ਦੋਵਾਂ ਮੁਲਕਾਂ ਦੇ ਲੋਕ ਅੱਜ ਵੀ ਆਪਸ ਵਿਚ ਇਕ ਹਨ।

ਇਸ ਗੀਤ ਵਿਚ ਦੋ ਗਵਾਂਢਣਾਂ, ਜਿੰਨ੍ਹਾਂ ਵਿਚੋਂ ਇਕ ਗਵਾਂਢਣ ਅਸਮਾ ਅੱਬਾਸ ‘ਸਪੋਕਸਮੈਨ ਵੈੱਬ ਟੀਵੀ’ ’ਤੇ ਇਸ ਗੀਤ ਦੇ ਪਿਛੇ ਲੁਕੇ ਕੁਝ ਰੋਚਕ ਤੱਥਾਂ ਬਾਰੇ ਜਾਣੂ ਕਰਾਉਂਦੇ ਹੋਏ ਕਹਿੰਦੇ ਹਨ, ‘ਸਾਨੂੰ ਪਤਾ ਸੀ ਕਿ ਦੋਵਾਂ ਮੁਲਕਾਂ ਵਿਚ ਪਿਆਰ ਹੈ ਪਰ ਇੰਨਾ ਜ਼ਿਆਦਾ ਪਿਆਰ ਹੈ ਇਹ ਸਾਨੂੰ ਹੁਣ ਪਤਾ ਲੱਗ ਗਿਆ ਹੈ।’ ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਦੇ ਮਾਹੌਲ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਕੁਝ ਅਜਿਹਾ (ਗੀਤ ਬਾਰੇ ਜ਼ਿਕਰ ਕਰਦੇ ਹੋਏ) ਕਰਨ ਬਾਰੇ ਸੋਚਿਆ ਸੀ ਤੇ ਫਿਰ ਹੌਲੀ-ਹੌਲੀ ਕਰਕੇ ਅਸੀਂ ਇਸ ਗੀਤ ਨੂੰ ਤਿਆਰ ਕੀਤਾ।

ਅਸਮਾ ਅੱਬਾਸ ਨੇ ਦੱਸਿਆ ਕਿ ਉਨ੍ਹਾਂ ਦੀ ਇਕ ਬਹੁਤ ਚੰਗੀ ਦੋਸਤ ਸੋਨਿਕਾ ਭਰਦਵਾਜ ਹੈ, ਜੋ ਕਿ ਲੁਧਿਆਣਾ ਵਿਚ ਰਹਿੰਦੀ ਹੈ ਅਤੇ ਦੋ ਸਾਲ ਪਹਿਲਾਂ ਹੀ ਉਨ੍ਹਾਂ ਦੀ ਫੇਸਬੁੱਕ ਦੇ ਜ਼ਰੀਏ ਉਨ੍ਹਾਂ ਦੀ ਇਕ-ਦੂਜੇ ਨਾਲ ਦੋਸਤੀ ਹੋਈ। ਗੱਲਾਂ ਕਰਦੇ ਹੋਏ ਦੋਸਤੀ ਇਸ ਕਦਰ ਗਹਿਰੀ ਹੋ ਗਈ ਕਿ ਸਾਡਾ ਮਾ-ਧੀ ਵਾਲਾ ਰਿਸ਼ਤਾ ਬਣ ਗਿਆ ਪਰ ਰੋਣਾ ਇਸ ਗੱਲ ਦਾ ਆਉਂਦਾ ਹੈ ਕਿ ਉਹ ਮੈਨੂੰ ਕਿਵੇਂ ਮਿਲੇਗੀ ਤੇ ਮੈਂ ਉਸ ਨੂੰ ਕਿਸ ਤਰ੍ਹਾਂ ਮਿਲਾਂਗੀ।

ਉਨ੍ਹਾਂ ਨੇ ਪੰਜਾਬ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਭਾਵੇਂ ਚੜ੍ਹਦਾ ਪੰਜਾਬ ਹੋਵੇ ਭਾਵੇਂ ਲਹਿੰਦਾ ਪੰਜਾਬ, ਪੰਜਾਬ ਤਾਂ ਪੰਜਾਬ ਹੈ, ਲੋਕ ਵੀ ਇਕੋ ਜਿਹੇ, ਸ਼ਕਲਾਂ ਵੀ ਇਕੋ ਜਿਹੀਆਂ, ਕੰਮ ਵੀ ਇਕੋ ਜਿਹੇ ਤੇ ਪਿਆਰ ਵੀ ਇਕੋ ਜਿਹਾ। ਇਸ ਗੀਤ ਵਿਚ ਜਿਵੇਂ ਵਿਖਾਇਆ ਗਿਆ ਹੈ ਕਿ ਦੋ ਗਵਾਂਢਣਾ ਵਿਚਕਾਰ ਇਕ ਦੀਵਾਰ ਹੈ, ਉਸੇ ਤਰ੍ਹਾਂ ਦੀ ਸੱਚਮੁੱਚ ਦੀ ਦੀਵਾਰ ਵੀ ਭਾਰਤ ਤੇ ਪਾਕਿਸਤਾਨ ਵਿਚਾਲੇ ਹੈ।

ਉਨ੍ਹਾਂ ਦੱਸਿਆ, ‘ਜਦ ਵੀ ਕਦੇ ਵਾਘਾ ਬਾਰਡਰ ’ਤੇ ਜਾਣ ਹੁੰਦਾ ਹੈ ਤਾਂ ਉਸ ਸਮੇਂ ਦਿਲ ਦੇ ਕੀ ਹਾਲਾਤ ਹੁੰਦੇ ਨੇ, ਉਹ ਬਿਆਨ ਨਹੀਂ ਕਰ ਸਕਦੀ। ਉਸ ਸਮੇਂ ਤਕਲੀਫ਼ ਤਾਂ ਬਹੁਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਬਹੁਤ ਸਾਰੀਆਂ ਗਵਾਂਢਣਾਂ ਇਸੇ ਤਰ੍ਹਾਂ ਹੀ ਗੱਲਾਂ ਕਰਦੀਆਂ ਹੋਣਗੀਆਂ ਤੇ ਤਕਲੀਫ਼ ਵੀ ਤਾਂ ਫਿਰ ਇਕੋ ਜਿਹੀ ਹੀ ਹੋਵੇਗੀ।

ਗੀਤ ਵਿਚ ਚੁੰਨੀਆਂ ਵਟਾਉਣ ਬਾਰੇ ਉਨ੍ਹਾਂ ਦੱਸਿਆ ਕਿ ਗਵਾਂਢਣਾਂ ਜਿਸ ਤਰ੍ਹਾਂ ਇਕ ਦੂਜੇ ਦੇ ਕੱਪੜੇ ਵਟਾਂਉਂਦੀਆਂ ਨੇ, ਜਿਊਲਰੀ ਵਟਾਉਂਦੀਆਂ ਨੇ, ਜਿਵੇਂ ਭਾਰਤ ਵਿਚ ਹੁੰਦਾ ਹੈ ਉਵੇਂ ਹੀ ਪਾਕਿਸਤਾਨ ਵਿਚ ਵੀ ਹੁੰਦਾ ਹੈ। ਚੁੰਨੀਆਂ ਵਟਾਉਣਾ ਇਕ ਮਾਣ ਦੇਣ ਦੇ ਬਰਾਬਰ ਹੈ ਤੇ ਇਹੀ ਸੋਚ ਇਸ ਗਾਣੇ ਦੀਆਂ ਚੁੰਨੀਆਂ ਵਟਾਉਣ ਦੀਆਂ ਪੰਕਤੀਆਂ ਦੇ ਪਿਛੇ ਹੈ ਕਿ ਹੋਰ ਭੈਣੇ ਚੱਲ ਚੁੰਨੀਆਂ ਵਟਾਈਏ ਤੇ ਆਪਾਂ ਭੈਣਾਂ ਬਣ ਜਾਈਏ।

ਭੁੱਖਾ ਹੀ ਤੇਰਾ ਬਾਲ ਹੈ ਤੇ ਭੁੱਖਾ ਹੀ ਮੇਰਾ ਬਾਲ ਹੈ ਬਾਰੇ ਦੱਸਦਿਆਂ ਅੱਬਾਸ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚ ਹਾਲਾਤ ਤਕਰੀਬਨ ਇਕੋ ਜਿਹੇ ਹੀ ਹਨ। ਦੋਵਾਂ ਮੁਲਕਾਂ ਵਿਚ ਇਕ ਜਿਹੜਾ ਬੂਹਾ (ਗੇਟ) ਹੈ ਉਹ ਖੁੱਲ੍ਹ ਜਾਣਾ ਚਾਹੀਦਾ ਹੈ ਤਾਂ ਹੀ ਲੋਕ ਖ਼ੁਸ਼ ਰਹਿ ਸਕਣਗੇ। ਅਸੀਂ ਇਕ ਆਮ ਲੋਕ ਹਾਂ, ਅਸੀਂ ਸਿਆਸੀ ਲੋਕ ਨਹੀਂ ਹਾਂ ਤੇ ਅਸੀਂ ਸਿਰਫ਼ ਇੰਨਾ ਚਾਹੁੰਦੇ ਹਾਂ ਕਿ ਅਸੀਂ ਲੋਕ ਭਾਰਤ ਜਾਈਏ ਤੇ ਤੁਸੀਂ ਲੋਕ ਸਾਡੇ ਇੱਥੇ ਆਓ ਤੇ ਸਭ ਰਲ-ਮਿਲ ਕੇ ਹੱਸ-ਖੇਡ ਕੇ ਰਹੀਏ। ਇਸੇ ਵਿਚ ਹੀ ਸਾਰਿਆਂ ਦੀ ਖ਼ੁਸ਼ੀ ਹੈ।

‘ਕਰਦਾ ਹੈ ਜੀਅ ਮੇਰਾ ਚਿੜੀ ਬਣ ਜਾਵਾਂ ਮੈਂ, ਜਦੋਂ ਮੇਰਾ ਚਿੱਤ ਕਰੇ ਜੱਫ਼ੀ ਤੈਨੂੰ ਪਾਵਾਂ ਮੈਂ’ ਬਾਰੇ ਅੱਬਾਸ ਨੇ ਕਿਹਾ ਕਿ ਜਿਵੇਂ ਚਿੜੀਆਂ ਇੱਧਰੋਂ ਉੱਧਰ ਜਾਂਦੀਆਂ ਨੇ ਤੇ ਉਧਰੋਂ ਇੱਧਰ ਆਉਂਦੀਆਂ ਨੇ ਬਿਨਾਂ ਕਿਸੇ ਵੀਜ਼ਿਆਂ ਤੋਂ, ਬਿਨਾਂ ਕਿਸੇ ਪਰੇਸ਼ਾਨੀ ਤੋਂ, ਉਵੇਂ ਹੀ ਅਸੀਂ ਚਾਹੁੰਦੇ ਹਾਂ, ਬਸ ਇੰਨੀ ਜਿਹੀ ਗੱਲ ਹੈ ਕਿ ਅਸੀਂ ਵੀ ਚਿੜੀਆਂ-ਕਾਵਾਂ ਵਾਂਗੂੰ ਇਕ ਦੂਜੇ ਨੂੰ ਮਿਲੀਏ।

(ਇੱਥੇ ਤੁਹਾਨੂੰ ਦੱਸ ਦਈਏ ਕਿ ਗਵਾਂਢਣਾਂ ਗੀਤ ਦੀ ਅਦਾਕਾਰ ਅਸਮਾ ਅੱਬਾਸ ਨੂੰ ਕੈਂਸਰ ਹੈ।) ਕੈਂਸਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੈਂਸਰ ਹੈ ਤਾਂ ਫਿਰ ਕੀ ਹੋਇਆ। ਜੋ ਕੁਦਰਤ ਨੇ ਲਿਖਿਆ ਹੈ ਉਹ ਤਾਂ ਹੋਣਾ ਹੀ ਹੈ ਤੇ ਵੈਸੇ ਵੀ ਇਕ ਨਾ ਇਕ ਦਿਨ ਤਾਂ ਸਭ ਨੇ ਜਾਣਾ ਹੀ ਹੈ। ਬਰਦਾਸ਼ਤ ਹੌਂਸਲਾ ਤੇ ਸਬਰ ਨਾਲ ਕਰਨਾ ਚਾਹੀਦਾ ਹੈ ਕਿਉਂਕਿ ਜੋ ਹੋਣਾ ਹੈ ਉਹ ਤਾਂ ਹੋ ਕੇ ਹੀ ਰਹਿਣਾ ਹੈ ਤੇ ਉਸ ਨੂੰ ਕੋਈ ਨਹੀਂ ਰੋਕ ਸਕਦਾ ਤੇ ਫਿਰ ਕਿਉਂ ਨਾ ਪਿਆਰ ਨਾਲ ਤੇ ਹੱਸਦੇ ਹੋਏ ਸਭ ਕੁਝ ਸਹਿ ਲਈਏ।