ਸੁਨੀਲ ਜਾਖੜ ਨੇ ਪਾਕਿਸਤਾਨੀ ਹਮਲੇ ਦੌਰਾਨ ਝੁਲਸੇ ਪੀੜਤਾਂ ਨਾਲ ਕੀਤੀ ਮੁਲਾਕਾਤ
ਕਿਹਾ, ਜੇ ਕੋਈ ਗ਼ਲਤ ਹਰਕਤ ਕਰੇਗਾ ਤਾਂ ਉਸ ਨੂੰ ਮੂੰਹ ਤੋੜ ਜਵਾਬ ਦਿਤਾ ਜਾਵੇਗਾ
ਪਿੱਛਲੇ ਕੁੱਝ ਦਿਨਾਂ ਤੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਲਗਾਤਾਰ ਤਲਾਵ ਦਾ ਮਾਹੌਲ ਬਣਿਆ ਹੋਇਆ ਸੀ। ਦੋਨੇ ਦੇਸ਼ਾਂ ਵਲੋਂ ਇਕ ਦੂਜੇ ’ਤੇ ਗੋਲੀਬਾਰੀ ਕੀਤੀ ਜਾ ਰਹੀ ਸੀ। ਇਸ ਦੌਰਾਨ ਪਾਕਿਸਤਾਨ ਫੌਜ ਵਲੋਂ ਰਾਤ ਵੇਲੇ ਲਗਾਤਾਰ ਡਰੋਨ ਸੁੱਟੇ ਜਾ ਰਹੇ ਸਨ, ਜਿਸ ਦੌਰਾਨ ਕਈ ਥਾਵਾਂ ’ਤੇ ਕਾਫ਼ੀ ਲੋਕ ਜ਼ਖ਼ਮੀ ਹੋਏ ਤੇ ਝੁਲਸੇ ਗਏ। ਪਾਕਿਸਤਾਨੀ ਹਮਲੇ ਦੌਰਾਨ ਗੰਭੀਰ ਤੌਰ ਉਤੇ ਝੁਲਸੇ ਫਿਰੋਜਪੁਰ ਦੇ ਪੀੜਤਾਂ ਨੂੰ ਮਿਲਣ ਲਈ ਅੱਜ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਲੁਧਿਆਣਾ ਦੇ ਡੀਐਮਸੀ ਹਸਪਤਾਲ ਪਹੁੰਚੇ। ਜਾਖੜ ਨੇ ਕਿਹਾ ਕਿ ਉਹ ਰੱਬ ਅੱਗੇ ਅਰਦਾਸ ਕਰਦੇ ਹਨ ਕਿ ਦੋਵੇਂ ਪੀੜਿਤ ਸਿਹਤਮੰਦ ਹੋ ਕੇ ਘਰ ਜਾਣ।
ਇਸ ਦੌਰਾਨ ਉਨ੍ਹਾਂ ਨੇ ਅੱਤਵਾਦ ਵਿਰੁਧ ਸਖ਼ਤ ਸ਼ਬਦਾਂ ਦੀ ਵਰਤੋਂ ਕਰਦੇ ਹੋਏ, ਭਾਰਤ ਸਰਕਾਰ ਵਲੋਂ ਪਾਕਿਸਤਾਨ ਨੂੰ ਦਿਤੇ ਕਰੜੇ ਜਵਾਬ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਅਮਨ ਪਸੰਦ ਦੇਸ਼ ਹਾਂ, ਲੇਕਿਨ ਜੇਕਰ ਕੋਈ ਗ਼ਲਤ ਰਸਤਾ ਅਖ਼ਤਿਆਰ ਕਰੇਗਾ ਤਾਂ ਉਸ ਨੂੰ ਮੂੰਹ ਤੋੜ ਜਵਾਬ ਦਿਤਾ ਜਾਵੇਗਾ। ਉਨ੍ਹਾਂ ਨੇ ਦੇਸ਼ ਵਿਚ ਅਮਨ ਸ਼ਾਂਤੀ ਅਤੇ ਤਰੱਕੀ ਲਈ ਪੰਜਾਬ ਦੇ ਅਹਿਮ ਯੋਗਦਾਨ ਦਾ ਜ਼ਿਕਰ ਕਰਦੇ ਹੋਏ, ਸੂਬੇ ਵਾਸਤੇ ਆਰਥਿਕ ਪੈਕੇਜ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ, ਜਿਹੜਾ ਮੁੱਦਾ ਉਨ੍ਹਾਂ ਨੇ ਬੀਤੇ ਦਿਨ ਰਾਜਪਾਲ ਪੰਜਾਬ ਨਾਲ ਸਰਬ ਪਾਰਟੀ ਮੀਟਿੰਗ ਦੌਰਾਨ ਚੁੱਕਿਆ ਸੀ।