ਅਕਾਲੀਆਂ ਵਲੋਂ ਕੁਵੈਤ 'ਚ ਫਸੇ ਪੰਜਾਬੀਆਂ ਦੀ ਵਤਨ ਵਾਪਸੀ ਲਈ ਯਤਨ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਸਪੀਕਰ ਅਟਵਾਲ ਨੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ

Charanjit Singh Atwal

ਮਾਛੀਵਾੜਾ: ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕਰੋਨਾ ਮਹਾਂਮਾਰੀ ਕਾਰਨ ਕੁਵੈਤ 'ਚ ਫਸੇ 600 ਪੰਜਾਬੀਆਂ ਨੂੰ ਵਤਨ ਵਾਪਿਸੀ ਲਈ ਯਤਨ ਸ਼ੁਰੂ ਕੀਤੇ ਹਨ

ਜਿਸ ਤਹਿਤ ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਡਾ. ਐਸ. ਜੈ ਸ਼ੰਕਰਾ ਨੂੰ ਪੱਤਰ ਲਿਖ ਕੇ ਇਸ ਸਬੰਧੀ ਜਲਦ ਤੋਂ ਜਲਦ ਕਦਮ ਉਠਾਉਣ ਦੀ ਅਪੀਲ ਕੀਤੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ 'ਚ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਕੁਵੈਤ ਦੇ ਫਰਮਾਨੀਆਂ ਇਲਾਕੇ 'ਚ 600 ਤੋਂ ਵੱਧ ਪੰਜਾਬੀ ਇੱਕ ਨਿੱਜੀ ਫਰਮ ਵਿਚ ਕੰਮ ਕਰ ਰਹੇ ਹਨ ਪਰ ਕਰੋਨਾ ਮਹਾਂਮਾਰੀ ਕਾਰਨ ਉਹ ਪਿਛਲੇ 3 ਮਹੀਨਿਆਂ ਤੋਂ ਫਸੇ ਬੈਠੇ ਹਨ ਜਿਨ੍ਹਾਂ ਨੂੰ ਕੰਪਨੀ ਵਲੋਂ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ। 

ਉਨ੍ਹਾਂ ਕਿਹਾ ਕਿ ਇਹ ਪੰਜਾਬੀ ਆਪਣੇ ਕੰਮ ਵਾਲੀ ਥਾਂ ਤੋਂ ਬਾਹਰ ਵੀ ਨਹੀਂ ਜਾ ਸਕਦੇ ਕਿਉਂਕਿ ਉਨ੍ਹਾਂ ਦੇ ਪਾਸਪੋਰਟ ਕੰਪਨੀ ਪ੍ਰਬੰਧਕਾਂ ਦੇ ਕਬਜ਼ੇ 'ਚ ਹਨ। ਅਟਵਾਲ ਨੇ ਕਿਹਾ ਕਿ ਕੁਵੈਤ 'ਚ ਫਸੇ ਪੰਜਾਬੀਆਂ ਦੇ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਵਤਨ ਵਾਪਿਸ ਲਿਆਉਣ ਲਈ ਤੁਰੰਤ ਯਤਨ ਕੀਤੇ ਜਾਣ।

ਅਕਾਲੀ ਆਗੂ ਅਟਵਾਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕੁਵੈਤ 'ਚ ਸਥਿਤ ਭਾਰਤੀ ਦੂਤਘਰ ਦੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਕਿ ਉਥੇ ਫਸੇ ਮਜ਼ਦੂਰਾਂ ਦੀ ਸਿਹਤ ਨੂੰ ਯਕੀਨੀ ਬਣਾਇਆ ਜਾਵੇ ਅਤੇ ਕੰਪਨੀ ਤੋਂ ਪਾਸਪੋਰਟ ਵਾਪਿਸ ਲੈ ਕੇ ਉਨ੍ਹਾਂ ਨੂੰ ਪੰਜਾਬ 'ਚ ਸੁਰੱਖਿਅਤ ਵਾਪਿਸ ਲਿਆਉਣ ਦੇ ਤੁਰੰਤ ਕਦਮ ਚੁੱਕੇ ਜਾਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।