ਬੀ.ਐੱਡ ਕਾਲਜਾਂ ਵਿਚ ਅਧੀਆਂ ਤੋਂ ਵੱਧ ਸੀਟਾਂ ਭਰਨ ਖੁਣੋਂ ਰਹੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਇੰਜੀਨੀਅਰਿੰਗ ਕਾਲਜਾਂ ਤੋਂ ਬਾਅਦ ਸਿਖਿਆ ਕਾਲਜਾਂ ਦੇ ਬੁਰੇ ਦਿਨ ਆ ਗਏ ਹਨ............

Books

ਚੰਡੀਗੜ੍ਹ : ਪੰਜਾਬ ਵਿਚ ਇੰਜੀਨੀਅਰਿੰਗ ਕਾਲਜਾਂ ਤੋਂ ਬਾਅਦ ਸਿਖਿਆ ਕਾਲਜਾਂ ਦੇ ਬੁਰੇ ਦਿਨ ਆ ਗਏ ਹਨ। ਇੰਜੀਨੀਅਰਿੰਗ ਕਾਲਜਾਂ ਵਿਚ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ਦੀ ਗਿਣਤੀ ਘਟਦੀ ਆ ਰਹੀ ਹੈ ਪਰ ਸਿਖਿਆ ਕਾਲਜਾਂ ਵਿਚ ਤਾਂ ਇਸ ਵਾਰ ਬੀ.ਐੱਡ ਦੀਆਂ ਅੱਧੇ ਤੋਂ ਵੱਧ ਸੀਟਾਂ ਖ਼ਾਲੀ ਰਹਿ ਗਈਆਂ ਹਨ। ਪੰਜਾਬ ਸਰਕਾਰ ਨੇ ਚਾਲੂ ਮਹੀਨੇ ਦੇ ਅੰਤ ਵਿਚ ਮੈਰਿਟ ਨੂੰ ਲਾਂਭੇ ਰੱਖ ਕੇ ਉਮੀਦਵਾਰਾਂ ਨੂੰ ਮਰਜ਼ੀ ਦੇ ਕਾਲਜ ਵਿਚ ਦਾਖ਼ਲਾ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਰਾਜ ਵਿਚ ਸਿਖਿਆ ਕਾਲਜਾਂ ਦੀ ਗਿਣਤੀ 230 ਹੈ ਅਤੇ ਇਨ੍ਹਾਂ ਵਿਚ ਦਾਖ਼ਲਾ ਲੈਣ ਲਈ 21 ਹਜ਼ਾਰ 954 ਉਮੀਦਵਾਰਾਂ ਨੇ ਸਾਂਝਾ ਟੈਸਟ ਪਾਸ ਕਰ ਲਿਆ ਸੀ।

ਇਨ੍ਹਾਂ ਕਾਲਜਾਂ ਵਿਚੋਂ 102 ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ, 51 ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਅਤੇ 67 ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਹਨ। ਇਹ ਪਹਿਲੀ ਵਾਰ ਹੈ ਕਿ ਜਦੋਂ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਸੈਲਫ਼ ਫ਼ਾਈਨਾਂਸ ਕਾਲਜਾਂ ਵਿਚ ਇੰਨੀ ਵੱਡੀ ਗਿਣਤੀ ਵਿਚ ਸੀਟਾਂ ਖ਼ਾਲੀ ਰਹੀਆਂ ਹਨ। ਇਸ ਤੋਂ ਪਹਿਲਾਂ ਖ਼ਾਲੀ ਸੀਟਾਂ ਦੀ ਗਿਣਤੀ 30 ਫ਼ੀ ਸਦੀ ਤੋਂ ਨਹੀਂ ਸੀ ਟੱਪੀ। ਪੰਜਾਬ ਯੂਨੀਵਰਸਿਟੀ ਵਲੋਂ ਸਿਖਿਆ ਕਾਲਜਾਂ ਵਿਚ ਬੀ.ਐੱਡ ਦਾ ਦਾਖ਼ਲਾ ਕਰਨ ਲਈ 5 ਜੁਲਾਈ ਨੂੰ ਟੈਸਟ ਲਿਆ ਗਿਆ ਸੀ। ਉਸ ਤੋਂ ਬਾਅਦ ਦੋ ਵਾਰ ਆਨਲਾਈਨ ਕੌਂਸਲਿੰਗ ਕੀਤੀ ਗਈ ਸੀ।

ਪਰ ਉਮੀਦਵਾਰਾਂ ਦਾ ਭਰਵਾਂ ਹੁੰਗਾਰਾ ਨਹੀਂ ਮਿਲਿਆ ਹੈ। ਦੋ ਵਾਰ ਦੀ ਕੌਂਸਲਿੰਗ ਵਿਚ ਮੈਰਿਟ ਦੇ ਆਧਾਰ 'ਤੇ ਆਨਲਾਈਨ ਦਾਖ਼ਲਾ ਕੀਤਾ ਗਿਆ ਸੀ। ਅਗਲੀ ਕੌਂਸਲਿੰਗ ਵਿਚ ਮੈਰਿਟ ਲਿਸਟ ਨੂੰ ਪਰੇ ਕਰ ਕੇ ਵਿਦਿਆਰਥੀਆਂ ਨੂੰ ਮਨਮਰਜ਼ੀ ਦੇ ਕਾਲਜ ਵਿਚ ਦਾਖ਼ਲਾ ਲੈਣ ਦੀ ਖੁੱਲ੍ਹ ਹੋ ਗਈ ਤਾਂ ਜੋ ਸੀਟਾਂ ਭਰੀਆਂ ਜਾ ਸਕਣ। ਪੰਜਾਬ ਯੂਨੀਵਰਸਿਟੀ ਵਲੋਂ ਲਏ ਇਸ ਸਾਂਝੇ ਟੈਸਟ ਵਿਚ ਪਾਸ ਹੋਣ ਲਈ 25 ਅੰਕਾਂ ਦੀ ਸ਼ਰਤ ਰੱਖੀ ਗਈ ਸੀ ਜਦੋਂ ਕਿ ਰਾਖਵੇਂ ਵਰਗ ਲਈ ਪਾਸ ਅੰਕ 20 ਸਨ। ਪਿਛਲੇ ਸਾਲਾਂ ਦੌਰਾਨ ਪਾਸ ਅੰਕਾਂ ਦੀ ਸ਼ਰਤ ਕ੍ਰਮਵਾਰ 20 ਅਤੇ 15 ਰੱਖੀ ਗਈ ਸੀ।  ਸੂਤਰ ਦਸਦੇ ਹਨ ਕਿ ਨੌਜਵਾਨਾਂ ਵਿਚ ਮਾਸਟਰ ਬਣਨ ਦਾ ਚਾਅ ਘੱਟ  ਦਾ ਕਾਰਨ ਬੀ.ਐੱਡ ਕੋਰਸ ਨੂੰ ਇਕ ਤੋਂ ਵਧਾ ਕੇ ਦੋ ਸਾਲ ਦਾ ਕਰਨਾ ਹੈ।