ਦੇਸ਼ ਦੇ ਸਭ ਤੋਂ ਅਮੀਰ ਮੰਦਰ! ਜਿੱਥੇ ਚੜ੍ਹਦਾ ਹੈ ਸੈਂਕੜੇ ਕਰੋੜ ਦਾ ਚੜ੍ਹਾਵਾ

ਏਜੰਸੀ

ਖ਼ਬਰਾਂ, ਪੰਜਾਬ

ਰਾਮ ਮੰਦਰ ਦੀ ਪਹਿਲੀ ਸ਼ਿਲਾ 'ਤੇ ਹੀ 326 ਕਰੋੜ ਰੁਪਏ...

Rich temple India

ਚੰਡੀਗੜ੍ਹ: ਅਯੁੱਧਿਆ ਵਿਚ ਵਿਸ਼ਾਲ ਰਾਮ ਮੰਦਰ ਦੇ ਨਿਰਮਾਣ ਲਈ ਹਾਲ ਹੀ ਵਿਚ ਹੋਏ ਭੂਮੀ ਪੂਜਨ ਤੋਂ ਹੀ ਪ੍ਰਸਤਾਵਿਤ ਰਾਮ ਮੰਦਰ ਦੀ ਵਿਸ਼ਾਲਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਮੰਦਰ ਦੇ ਢਾਂਚੇ ਦਾ ਖ਼ਰਚ ਜਿੱਥੇ 300 ਕਰੋੜ ਰੁਪਏ ਦੇ ਕਰੀਬ ਦੱਸਿਆ ਜਾ ਰਿਹਾ ਹੈ, ਉਥੇ ਇਸ ਦੇ ਅਹਾਤੇ ਵਿਚ 500 ਕਰੋੜ ਦੇ ਪ੍ਰੋਜੈਕਟ ਉਤਰ ਪ੍ਰਦੇਸ਼ ਸਰਕਾਰ ਤਿਆਰ ਕਰ ਰਹੀ ਹੈ।

ਰਾਮ ਮੰਦਰ ਦੀ ਪਹਿਲੀ ਸ਼ਿਲਾ 'ਤੇ ਹੀ 326 ਕਰੋੜ ਰੁਪਏ ਖ਼ਰਚ ਹੋ ਗਏ। ਤਿੰਨ ਤੋਂ ਸਾਢੇ ਤਿੰਨ ਸਾਲ ਵਿਚ ਬਣਨ ਵਾਲਾ ਇਹ ਮੰਦਰ ਕੀ ਦੇਸ਼ ਦਾ ਸਭ ਤੋਂ ਅਮੀਰ ਮੰਦਰ ਬਣਨ ਜਾ ਰਿਹੈ? ਇਸ ਦਾ ਪਤਾ ਤਾਂ ਮੰਦਰ ਬਣਨ ਤੋਂ ਬਾਅਦ ਹੀ ਚੱਲੇਗਾ, ਫਿਲਹਾਲ ਅਸੀਂ ਤੁਹਾਨੂੰ ਦੇਸ਼ ਦੇ ਉਨ੍ਹਾਂ ਮੰਦਰਾਂ ਬਾਰੇ ਦੱਸਣ ਜਾ ਰਹੇ ਆਂ, ਜਿਨ੍ਹਾਂ ਨੂੰ ਦੇਸ਼ ਦੇ ਸਭ ਤੋਂ ਅਮੀਰ ਮੰਦਰ ਮੰਨਿਆ ਜਾਂਦੈ ਅਤੇ ਇਨ੍ਹਾਂ ਮੰਦਰਾਂ ਵਿਚ ਸੈਂਕੜੇ ਕਰੋੜ ਰੁਪਏ ਦਾ ਚੜ੍ਹਾਵਾ ਚੜ੍ਹਦਾ ਹੈ।

ਪਦਮਨਾਭ ਸਵਾਮੀ ਮੰਦਰ : ਇਹ ਮੰਦਰ ਕੇਰਲ ਦੇ ਤਿਰੂਵੰਤਪੁਰਮ ਵਿਚ ਮੌਜੂਦ ਹੈ। ਅਤੇ ਇਸ ਨੂੰ ਦੇਸ਼ ਦਾ ਸਭ ਤੋਂ ਅਮੀਰ ਮੰਦਰ ਮੰਨਿਆ ਜਾਂਦੈ। ਅਜਿਹਾ ਕਿਹਾ ਜਾਂਦੈ ਕਿ ਇਸ ਦੀਆਂ 6 ਤਿਜੋਰੀਆਂ ਵਿਚ 20 ਅਰਬ ਡਾਲਰ ਦੀ ਕੁੱਲ ਸੰਪਤੀ ਮੌਜੂਦ ਹੈ। ਜਦਕਿ ਇੱਥੇ ਮੌਜੂਦ ਮਹਾਂਵਿਸ਼ਨੂੰ ਭਗਵਾਨ ਦੀ ਮੂਰਤੀ ਪੂਰੀ ਸੋਨੇ ਦੀ ਹੈ, ਜਿਸ ਦੀ ਕੁੱਲ ਕੀਮਤ 500 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਮੰਦਰ ਦੀ ਸੰਪਤੀ ਨੂੰ ਲੈ ਕੇ ਪਹਿਲਾਂ ਕਾਫ਼ੀ ਵਿਵਾਦ ਹੋ ਚੁੱਕਿਆ ਹੈ, ਜਿਸ ਵਿਚ ਅਦਾਲਤ ਨੂੰ ਦਖ਼ਲ ਦੇਣਾ ਪਿਆ ਸੀ।  

ਤਿਰੂਪਤੀ ਬਾਲਾਜੀ ਮੰਦਰ : ਇਸ ਮੰਦਰ ਦਾ ਨਾਮ ਵੀ ਦੇਸ਼ ਦੇ ਸਭ ਤੋਂ ਮਸ਼ਹੂਰ ਅਤੇ ਅਮੀਰ ਮੰਦਰਾਂ ਵਿਚ ਸ਼ੁਮਾਰ ਹੁੰਦਾ ਹੈ। ਇੱਥੇ ਕਰੀਬ ਰੋਜ਼ਾਨਾ 60 ਹਜ਼ਾਰ ਸ਼ਰਧਾਲੂ ਦਰਸ਼ਨ ਕਰਨ ਲਈ ਆਉਂਦੇ ਹਨ। ਅਜਿਹਾ ਕਿਹਾ ਜਾਂਦਾ ਹੈ ਕਿ ਇਸ ਦੀ ਕੁੱਲ ਸਾਲਾਨਾ ਕਮਾਈ 650 ਕਰੋੜ ਰੁਪਏ ਹੈ। ਇਕ ਰਿਪੋਰਟ ਮੁਤਾਬਕ ਤਿਰੂਪਤੀ ਬਾਲਾਜੀ ਮੰਦਰ ਨੇ 2010 ਵਿਚ ਸਟੇਟ ਬੈਂਕ ਵਿਚ 1175 ਕਿਲੋ ਸੋਨਾ ਜਮ੍ਹਾਂ ਕਰਵਾਇਆ ਸੀ ਅਤੇ ਇਹ ਇਸ ਤਰ੍ਹਾਂ ਦਾ ਦੂਜਾ ਚੜ੍ਹਾਵਾ ਸੀ।

ਸ਼ਿਰੜੀ ਦਾ ਸਾਈਂ ਬਾਬਾ ਮੰਦਰ : ਮਹਾਰਾਸ਼ਟਰ ਦੇ ਅਹਿਮਦ ਨਗਰ ਵਿਚ ਮੌਜੂਦ ਸ਼ਿਰੜੀ ਸਾਈਂ ਬਾਬਾ ਮੰਦਰ ਦੀ ਕਾਫ਼ੀ ਲੋਕਪ੍ਰਿਯਤਾ ਹੈ। ਦੇਸ਼ ਵਿਦੇਸ਼ ਤੋਂ ਹਰ ਸਾਲ ਲੱਖਾਂ ਲੋਕ ਇੱਥੇ ਦਰਸ਼ਨ ਕਰਨ ਲਈ ਆਉਂਦੇ ਨੇ। ਸ਼ਿਰੜੀ ਸਾਈਂ ਸੰਸਥਾਨ ਦੀ ਰਿਪੋਰਟ ਮੁਤਾਬਕ 480 ਕਰੋੜ ਰੁਪਏ ਸਾਲਾਨਾ ਦਾਨ ਦੱਖਸ਼ਣਾ ਮੰਦਰ ਨੂੰ ਮਿਲਦੀ ਐ ਪਰ ਤਾਜ਼ਾ ਅੰਕੜੇ 360 ਕਰੋੜ ਰੁਪਏ ਸਾਲਾਨਾ ਦੇ ਦੱਸੇ ਜਾ ਰਹੇ ਨੇ।

ਵੈਸ਼ਨੋ ਦੇਵੀ ਮੰਦਰ : ਜੰਮੂ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਦਾ ਨਾਮ ਵੀ ਅਮੀਰ ਮੰਦਰਾਂ ਵਿਚ ਗਿਣਿਆ ਜਾਂਦਾ ਹੈ, ਜਿੱਥੇ ਪੂਰਾ ਸਾਲਾ ਹਜ਼ਾਰਾਂ ਸ਼ਰਧਾਲੂ ਦਰਸ਼ਨਾਂ ਲਈ ਪੁੱਜਦੇ ਹਨ। ਇਕ ਅਨੁਮਾਨ ਮੁਤਾਬਕ ਕਰੀਬ 80 ਲੱਖ ਲੋਕ ਸਾਲਾਨਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਲਈ ਪੁੱਜਦੇ ਹਨ। ਇਕ ਵੈਬਸਾਈਟ ਮੁਤਾਬਕ ਮੰਦਰ ਦੇ ਰੱਖ ਰਖਾਅ ਲਈ ਬਣਾਏ ਗਏ ਸ਼ਰਾਈਨ ਬੋਰਡ ਨੂੰ 500 ਕਰੋੜ ਰੁਪਏ ਸਾਲਾਨਾ ਸ਼ਰਧਾਲੂਆਂ ਪਾਸੋਂ ਚੰਦੇ ਦੇ ਰੂਪ ਵਿਚ ਮਿਲਦੇ ਹਨ।

ਸਿੱਧੀਵਿਨਾਇਕ ਮੰਦਰ : ਮੁੰਬਈ ਦਾ ਸਿੱਧੀਵਿਨਾਇਕ ਮੰਦਰ ਵੀ ਦੇਸ਼ ਭਰ ਵਿਚ ਕਾਫ਼ੀ ਪ੍ਰਸਿੱਧ ਹੈ। ਇੱਥੇ ਹਰ ਆਮ, ਖ਼ਾਸ ਅਤੇ ਸੈਲੀਬ੍ਰਿਟੀ ਦਰਸ਼ਨ ਕਰਨ ਲਈ ਆਉਂਦੇ ਰਹਿੰਦੇ ਹਨ। ਆਮ ਤੌਰ 'ਤੇ 25 ਹਜ਼ਾਰ ਲੋਕ ਰੋਜ਼ਾਨਾ ਇਸ ਮੰਦਰ ਦੇ ਦਰਸ਼ਨ ਕਰਨ ਲਈ ਪੁੱਜਦੇ ਹਨ, ਜਦਕਿ ਗਣੇਸ਼ ਚਤੁਰਥੀ 'ਤੇ ਇੱਥੇ ਆਉਣ ਵਾਲੇ ਲੋਕਾਂ ਦੀ ਗਿਣਤੀ ਲੱਖਾਂ ਤਕ ਪਹੁੰਚ ਜਾਂਦੀ ਹੈ। ਇਕ ਜਾਣਕਾਰੀ ਮੁਤਾਬਕ ਇਸ ਮੰਦਰ ਨੂੰ ਸ਼ਰਧਾਲੂਆਂ ਰਾਹੀਂ ਪ੍ਰਾਪਤ ਹੋਏ ਦਾਨ ਵਿਚ ਕਰੀਬ 75 ਤੋਂ 125 ਕਰੋੜ ਰੁਪਏ ਸਾਲਾਨਾ ਮਿਲਦੇ ਰਹਿੰਦੇ ਹਨ।

ਸੋ ਇਹ ਸਨ ਭਾਰਤ ਦੇ ਸਭ ਤੋਂ ਅਮੀਰ ਮੰਦਰ, ਜਿਨ੍ਹਾਂ ਦਾ ਸਾਲਾਨਾ ਚੜ੍ਹਾਵਾ ਸੈਂਕੜੇ ਕਰੋੜ ਰੁਪਏ ਹੁੰਦਾ ਹੈ।  ਦੇਖਣਾ ਹੋਵੇਗਾ ਕਿ ਅਯੁੱਧਿਆ ਵਿਚ ਬਣਨ ਵਾਲਾ ਰਾਮ ਮੰਦਰ ਦੇਸ਼ ਦੇ ਅਮੀਰ ਮੰਦਰਾਂ ਦੀ ਇਸ ਸੂਚੀ ਵਿਚ ਕਿੱਥੇ ਅਪਣਾ ਨਾਮ ਦਰਜ ਕਰਵਾਏਗਾ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ