ਆਜ਼ਾਦੀ ਦੀ ਲੜਾਈ 'ਚ ਪੰਜਾਬੀਆਂ ਦਾ ਸੱਭ ਤੋਂ ਜ਼ਿਆਦਾ ਯੋਗਦਾਨ : ਡਾ. ਮਨਮੋਹਨ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿਚ ਪੰਜਾਬੀਆਂ ਦਾ ਸਭ ਤੋਂ ਵੱਡਾ ਯੋਗਦਾਨ...

Manmohan Singh

ਐਸ.ਏ.ਐਸ.ਨਗਰ, 11 ਦਸੰਬਰ (ਸੁਖਦੀਪ ਸਿੰਘ ਸੋਈ) : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿਚ ਪੰਜਾਬੀਆਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਦੌਰਾਨ ਭਾਜਪਾ ਦੀਆਂ ਨੀਤੀਆਂ ਕਾਰਨ ਦੇਸ਼ ਦੇ ਇਤਿਹਾਸ ਨੂੰ ਵਿਗਾੜਨ ਦੇ ਨਾਲ-ਨਾਲ ਦੇਸ਼ ਦੀ ਆਜ਼ਾਦੀ ਨੂੰ ਖ਼ਤਰਾ ਵਧਦਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਦੀਆਂ ਮਾੜੀਆਂ ਨੀਤੀਆਂ ਨੂੰ ਸਮਝਣ ਉਨ੍ਹਾਂ ਹੋਰ ਕਿਹਾ ਕਿ ਅੱਜ ਅਜਿਹੀ ਪੱਤਰਕਾਰੀ ਦੀ ਲੋੜ ਹੈ,

ਜੋ ਸੱਚਾਈ ਬਿਆਨਦੀ ਹੋਵੇ ਅਤੇ ਜਿਹੜੀ ਸਾਡੇ ਸੰਵਿਧਾਨਕ ਹੱਕਾਂ ਦੀ ਰਾਖੀ ਦੇ ਨਾਲ ਨਾਲ ਸਰਕਾਰ ਨੂੰ ਲੋਕਾਂ ਦੀ ਦਸ਼ਾ ਦੀ ਅਸਲ ਤਸਵੀਰ ਦਿਖਾਏ ਉਨ੍ਹਾਂ ਨੇ ਇਸ ਮੌਕੇ ਨਵਜੀਵਨ ਅਖ਼ਬਾਰ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਇਸ ਅਖ਼ਬਾਰ ਦਾ ਪੰਜਾਬੀ ਐਡੀਸ਼ਨ ਵੀ ਸ਼ੁਰੂ ਕੀਤਾ ਜਾਵੇ। ਸਮਾਗਮ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੇ ਕਿਹਾ ਕਿ ਮੀਡੀਆ ਅਤੇ ਸੁਪਰੀਮ ਕੋਰਟ ਸਮੇਤ ਦੇਸ਼ ਦੇ ਸਾਰੇ ਅਦਾਰਿਆਂ ਉੱਤੇ ਆਪਣਾ ਦਬਾਅ ਬਣਾਇਆ ਹੋਇਆ ਹੈ ਅਤੇ ਉਨ੍ਹਾਂ ਦੇ ਕੰਮਕਾਜ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ । ਦੇਸ਼ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਅਤੇ ਬੇਰੁਜ਼ਗਾਰੀ ਸਿਖਰ ਤੇ ਹੈ।

ਇਹ ਗੱਲ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਇਥੇ ਖੇਡ ਸਟੇਡੀਅਮ ਵਿਖੇ ਨਵਜੀਵਨ ਅਖ਼ਬਾਰ ਮੁੜ ਜਾਰੀ ਕਰਨ ਸਬੰਧੀ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਆਖੀ । ਉਹਨਾਂ ਕਿਹਾ ਕਿ ਦੇਸ਼ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਕਿਸਾਨ ਵੀ ਅੱਜ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਸ਼ਿਕਾਰ ਹੋ ਕੇ ਮੰਦਹਾਲੀ ਦੇ ਦੌਰ ਵਿਚੋਂ ਲੰਘ ਰਹੇ ਹਨ ਅਤੇ ਭਾਜਪਾ ਪ੍ਰਤੀ ਨੌਜਵਾਨਾਂ ਤੇ ਲੋਕਾਂ ਦਾ ਗੁੱਸਾ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਸੱਚ ਤੇ ਆਧਾਰਤ ਹੁੰਦੀ ਹੈ ਜਦਕਿ ਕਿ ਦਬਾਅ ਜਾਂ ਕਿਸੇ ਪ੍ਰਭਾਵ ਹੇਠ ਕੰਮ ਕਰਨ ਨਾਲ ਅੱਜ ਮੀਡੀਆ ਕਾਗਜ਼ੀ ਸ਼ੇਰ ਬਣ ਗਿਆ ਹੈ।

ਉਨ੍ਹਾਂ ਨਵਜੀਵਨ ਅਖ਼ਬਾਰ ਮੁੜ ਸ਼ੁਰੂ ਕਰਨ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਅਖ਼ਬਾਰ ਲੋਕਾਂ ਦੀਆਂ ਭਾਵਨਾਵਾਂ ਤੇ ਖਰਾ ਉਤਰੇਗਾ ਅਤੇ ਜਨਤਾ ਦੀ ਆਵਾਜ਼ ਬਣ ਕੇ ਸਾਹਮਣੇ ਆਵੇਗਾ । ਉਨ੍ਹਾਂ ਨੇ ਅਖ਼ਬਾਰ ਦੀ ਸਮੁੱਚੀ ਟੀਮ ਨੂੰ ਕਿਹਾ ਕਿ ਉਹ ਇਹ ਗੱਲ ਯਾਦ ਰੱਖਣ ਕਿ ਇਸ ਅਖ਼ਬਾਰ ਜ਼ਰੀਏ ਉਹ ਦੇਸ਼ ਦੀ ਆਜ਼ਾਦੀ ਕਾਇਮ ਰੱਖਣ ਲਈ ਕੰਮ ਕਰ ਰਹੇ ਹੋਣਗੇ । ਕੇਂਦਰ ਸਰਕਾਰ ਜਿੰਨਾ ਮਰਜ਼ੀ ਝੂਠ ਦਾ ਪ੍ਰਚਾਰ ਕਰੇ ਪਰ ਲੋਕ ਸੱਚਾਈ ਤੋਂ ਵਾਕਫ ਹਨ ਸਾਲ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਕੇਂਦਰ ਸਰਕਾਰ ਨੂੰ ਚੱਲਦਾ ਕੀਤਾ ਜਾਵੇਗਾ।

ਕਿਉਂਕਿ ਅੱਜ ਸਮੁੱਚੇ ਦੇਸ਼ ਦਾ ਹਰ ਵਰਗ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੈ ਅਤੇ ਦੇਸ਼ ਵਿਚ ਕਿਸਾਨੀ ਦੀ ਮੰਦਹਾਲੀ ਦੇ ਨਾਲ ਨਾਲ  ਬੇਰੁਜ਼ਗਾਰੀ ਵੀ ਵੱਧਦੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੀ ਆਵਾਜ਼ ਸੁਣਦੀ ਹੈ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਹਮੇਸ਼ਾਂ ਹੱਲ ਕਰਨ ਲਈ ਕੰਮ ਕਰਦੀ ਹੈ ਉਹਨਾਂ ਕਿਹਾ ਕਿ ਦੇਸ਼ ਵਿਚ ਕਾਂਗਰਸ ਦੀ ਸਰਕਾਰ ਬਣਨ ਤੇ ਦੇਸ਼ ਦੇ ਕਿਸਾਨਾਂ ਤੇ ਨੌਜਵਾਨਾਂ ਵੱਲ ਖਾਸ ਧਿਆਨ ਦਿੱਤਾ ਜਾਵੇਗਾ।