ਤੇਜ਼ ਹਨੇਰੀ ਤੇ ਝੱਖੜ ਕਾਰਨ ਬਿਜਲੀ ਮਹਿਕਮੇ ਨੂੰ ਲੱਖਾਂ ਦਾ ਨੁਕਸਾਨ, ਬਿਜਲੀ ਸਪਲਾਈ ਹੋਈ ਮੁੜ ਬਹਾਲ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵੱਡੀ ਗਿਣਤੀ ਖੰਭਿਆਂ ਤੇ ਟਰਾਂਸਫ਼ਾਰਮਰ ਨੂੰ ਪਹੁੰਚਿਆ ਨੁਕਸਾਨ

Heavy rains

ਹੁਸ਼ਿਆਰਪੁਰ : ਮੌਨਸੂਨ ਦੀ ਆਮਦ ਬਾਅਦ ਪੰਜਾਬ ਸਮੇਤ ਪੂਰੇ ਉਤਰੀ ਭਾਰਤ ਅੰਦਰ ਮੀਂਹ ਨੇ ਜ਼ੋਰ ਫੜ ਲਿਆ ਹੈ। ਇਸੇ ਦੌਰਾਨ ਇਸ ਬਾਰਸ਼ ਨਾਲ ਜਿੱਥੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਪਰਤ ਆਈ ਹੈ ਉਥੇ ਚੱਲ ਰਹੀ ਤੇਜ਼ ਹਨੇਰੀ ਅਤੇ ਝੱਖੜ ਕਾਰਨ ਆਮ ਲੋਕਾਂ ਨੂੰ ਕੁੱਝ ਪ੍ਰੇਸ਼ਾਨੀਆਂ ਵੀ ਸਹਿਣੀਆਂ ਪੈ ਰਹੀਆਂ ਹਨ। ਬੀਤੇ ਦਿਨਾਂ ਦੌਰਾਨ ਪੰਜਾਬ ਦੇ ਵੱਖ ਵੱਖ ਇਲਾਕਿਆਂ ਅੰਦਰ ਤੇਜ਼ ਹਨੇਰੀ ਤੇ ਝੱਖੜ ਕਾਰਨ ਵੱਡੀ ਗਿਣਤੀ 'ਚ ਰੁੱਖਾਂ ਤੋਂ ਇਲਾਵਾ ਬਿਜਲੀ ਦੇ ਖੰਭਿਆਂ ਅਤੇ ਟਰਾਸਫ਼ਾਰਮਰਾਂ ਦਾ ਨੁਕਸਾਨ ਹੋਇਆ ਹੈ।

ਅਜਿਹਾ ਹੀ ਵਰਤਾਰਾ ਬੀਤੀ 11-12 ਜੁਲਾਈ ਦੀ ਰਾਤ ਨੂੰ ਵੇਖਣ ਨੂੰ ਮਿਲਿਆ ਹੈ। ਇਸ ਦੌਰਾਨ ਚੱਲੀ ਤੇਜ਼ ਹਨੇਰੀ ਤੇ ਝੱਖੜ ਨੇ ਰੁੱਖਾਂ ਦੇ ਨਾਲ ਨਾਲ ਬਿਜਲੀ ਦੇ ਖੰਭਿਆਂ ਨੂੰ ਨੁਕਸਾਨ ਪਹੁੰਚਾਇਆ ਜਿਸ ਕਾਰਨ ਕਈ ਇਲਾਕਿਆਂ ਅੰਦਰ ਬਿਜਲੀ ਸਪਲਾਈ ਠੱਪ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਇੰਜੀਨੀਅਰ ਪਰਵਿੰਦਰ ਸਿੰਘ ਖਾਂਬਾ ਦਸਿਆ ਕਿ 11-12 ਜੁਲਾਈ ਦੀ ਰਾਤ ਨੂੰ ਭਾਰੀ ਤੂਫਾਨ/ ਬਾਰਸ਼ ਕਾਰਨ ਹੁਸ਼ਿਆਰਪੁਰ ਜ਼ਿਲ੍ਹੇ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ, ਜਿਸ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁਲਾਜ਼ਮਾਂ  ਨੇ ਅੱਜ ਸ਼ਾਮ ਨੂੰ  4 ਵਜੇ ਬਹਾਲ ਕਰ ਦਿਤਾ ਹੈ ।

ਉਨ੍ਹਾਂ ਕਿਹਾ ਕਿ ਭਾਰੀ ਤੂਫਾਨ ਕਾਰਨ ਹੁਸ਼ਿਆਰਪੁਰ ਵੰਡ ਸਰਕਲ ਵਿਚ ਬਿਜਲੀ ਦੇ ਬੁਨਿਆਦੀ  ਢਾਚਾ ਨੂੰ ਭਾਰੀ ਨੁਕਸਾਨ ਹੋਇਆ ਹੈ। ਹੁਸ਼ਿਆਰਪੁਰ ਸਰਕਲ ਅਧੀਨ ਕੁੱਲ 319 ਫੀਡਰਾਂ ਵਿਚੋਂ 169 ਫੀਡਰ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ, 142 ਨੰਬਰ ਖੰਭੇ  ਟੁੱਟੇ ਅਤੇ 38 ਨੰਬਰ ਟਰਾਂਸਫਾਰਮਰ ਅਤੇ ਤਾਰਾਂ ਬੁਰੀ ਤਰ੍ਹਾਂ ਨੁਕਸਾਨ ਹੋਇਆ।

ਉਨ੍ਹਾਂ ਕਿਹਾ ਕਿ ਕੁਝ ਇਕ  ਅਤੇ ਖੇਤੀਬਾੜੀ ਫੀਡਰਾਂ ਨੂੰ ਛੱਡ ਕੇ, ਜਿਨ੍ਹਾਂ ਲਈ ਪੀਐਸਪੀਸੀਐਲ  ਕਰਮਚਾਰੀ ਸਥਾਨਕ ਕਿਸਾਨਾਂ ਦੇ ਸਰਗਰਮ ਸਹਿਯੋਗ ਨਾਲ ਬਿਜਲੀ ਸਪਲਾਈ ਬਹਾਲ ਕਰਨ ਲਈ ਉਪਰਾਲੇ ਕਰ ਰਹੇ ਹਨ। ਪੀਐਸਪੀਸੀਐਲ ਨੂੰ  38 ਲੱਖ ਦੇ ਕਰੀਬ  ਵਿੱਤੀ ਨੁਕਸਾਨ ਹੋਇਆ ਹੈ, ਜਿਸਦਾ ਅਸਲ ਵਿਚ ਮੁਲਾਂਕਣ ਕੀਤਾ ਜਾਵੇਗਾ ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।