ਬਾਦਲਾਂ ਦੀ ਫ਼ਰੀਦਕੋਟ ਰੈਲੀ ਦਾ ਡਟ ਕੇ ਵਿਰੋਧ ਕਰਾਂਗੇ: ਸਿੱਧੂ
ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੇ ਅਪਣੀ ਅਬੋਹਰ ਦੀ ਰੈਲੀ 'ਚ, ਬੀਤੇ ਕਲ ਫਿਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਬਾਰੇ ਟਿਪਣੀ ਕਰਦਿਆਂ ਕਿਹਾ...........
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੇ ਅਪਣੀ ਅਬੋਹਰ ਦੀ ਰੈਲੀ 'ਚ, ਬੀਤੇ ਕਲ ਫਿਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਬਾਰੇ ਟਿਪਣੀ ਕਰਦਿਆਂ ਕਿਹਾ ਕਿ ਇਹ ਰੀਪੋਰਟ ਕੈਪਟਨ ਚੰਨਣ ਸਿੰਘ ਸਿੱਧੂ ਦੇ ਫਾਰਮ ਹਾਊਸ 'ਤੇ ਤਿਆਰ ਕੀਤੀ ਗਈ ਸੀ। ਇਨ੍ਹਾਂ ਦੋਸ਼ਾਂ ਨੂੰ ਨਕਾਰਦੇ ਹੋਏ ਅੱਜ ਇਥੇ ਕੀਤੀ ਪ੍ਰੈੱਸ ਕਾਨਫ਼ਰੰਸ 'ਚ ਯੂਨਾਈਟਿਡ ਸਿੱਖ ਮੂਵਮੈਂਟ ਦੇ ਸਕੱਤਰ ਜਨਰਲ ਕੈਪਟਨ ਸਿੱਧੂ ਨੇ ਸੁਖਬੀਰ ਬਾਦਲ ਅਤੇ ਉਸ ਦੇ ਪਿਤਾ ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਿਰੁਧ ਗਰਜਦਿਆਂ ਕਿਹਾ ਕਿ ਸੀਨੀਅਰ ਅਕਾਲੀ ਲੀਡਰ ਤੇ ਬਾਦਲ ਪਰਵਾਰ ਦੇ ਇਹ ਦੋਵੇਂ ਨੇਤਾ, ਹੁਣ ਸਿੱਖ ਪੰਥ ਤੋਂ ਅਲੱਗ-ਥਲੱਗ ਪੈ ਗਏ ਹਨ,
ਬੌਖਲਾਅ ਗਏ ਹਨ ਅਤੇ ਕਮਲੀਆਂ ਗੱਲਾਂ ਕਰਨ ਲੱਗ ਪਏ ਹਨ। ਕੈਪਟਨ ਸਿੱਧੂ ਨੇ ਅਪਣੇ ਵਕੀਲ ਰਾਹੀਂ 4 ਸਫ਼ਿਆਂ ਦਾ ਲੀਗਲ ਨੋਟਿਸ ਭੇਜ ਕੇ ਸੁਖਬੀਰ ਬਾਦਲ ਨੂੰ, ਇਸ ਦੋਸ਼ ਦਾ ਸਪਸ਼ਟੀਕਰਨ ਦੇਣ ਵਾਸਤੇ ਇਕ ਹਫ਼ਤੇ ਦਾ ਸਮਾਂ ਦਿਤਾ ਅਤੇ ਕਿਹਾ ਜਵਾਬ ਨਾ ਆਉਣ, ਸਬੂਤ ਨਾ ਦੇਣ, ਮਾਫ਼ੀ ਨਾ ਮੰਗਣ 'ਤੇ ਫਿਰ ਮਾਨਹਾਨੀ ਦੇ ਮੁਕੱਦਮੇ 'ਚ ਅਦਾਲਤ 'ਚ ਘੜੀਸਣ ਦੀ ਤਾੜਨਾ ਕੀਤੀ। ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਨੇ ਅਬੋਹਰ ਰੈਲੀ 'ਚ ਕੈਪਟਨ ਚੰਨਣ ਸਿੰਘ ਸਿੱਧੂ ਨੂੰ 'ਆਪ' ਦੇ ਲੀਡਰ ਸੁਖਪਾਲ ਸਿੰਘ ਖਹਿਰਾ ਦਾ 'ਨੇੜਲਾ ਬੰਦਾ' ਕਿਹਾ ਸੀ ਅਤੇ ਕਮਿਸ਼ਨ ਦੀ ਰੀਪੋਰਟ 'ਸਿੱਧੂ ਫ਼ਾਰਮ 'ਤੇ ਤਿਆਰ ਕੀਤੀ' ਦੱਸੀ ਗਈ ਸੀ।
ਇਹ ਵੀ ਦਸਣਯੋਗ ਹੈ ਕਿ ਕੈਪਟਨ ਸਿੱਧੂ ਨੇ ਦੋ ਹਫ਼ਤੇ ਪਹਿਲਾਂ ਕੀਤੀ ਪ੍ਰੈੱਸ ਕਾਨਫ਼ਰੰਸ 'ਚ ਸੁਖਬੀਰ ਬਾਦਲ ਵਿਰੁਧ, ਕਿਸੇ ਵੀ ਅਦਾਲਤੀ ਕਾਰਵਾਈ ਕਰਨ ਤੋਂ ਪਾਸ ਵੱਟਿਆ ਸੀ। ਅੱਜ ਮੀਡੀਆ ਸਾਹਮਣੇ ਗੁੱਸੇ 'ਚ ਖ਼ਫ਼ਾ ਹੋਏ, ਕੈਪਟਨ ਸਿੱਧੂ ਨੇ ਕਿਹਾ ਕਿ ਧਾਰਮਕ ਗ੍ਰੰਥ ਦੀ ਬੇਅਦਬੀ ਦੇ ਮਾਮਲੇ 'ਚ ਸਿੱਖ ਪੰਥ, ਬਹੁਤ ਹੀ ਨਾਰਾਜ਼ ਹੈ
ਅਤੇ ਬਾਦਲਾਂ ਵਲੋਂ 15 ਸਤੰਬਰ ਨੂੰ ਫ਼ਰੀਦਕੋਟ 'ਚ ਕੀਤੀ ਜਾ ਰਹੀ ਰੈਲੀ ਦਾ ਸਿੱਖ ਪੰਥ ਡਟ ਕੇ ਵਿਰੋਧ ਕਰੇਗਾ ਅਤੇ ਸਮਾਜਕ ਬਾਈਕਾਟ ਵੀ ਕਰਨ ਲਈ ਹੋਕਾ ਦਿੰਦਾ ਰਹੇਗਾ। ਯੂਨਾਈਟਿਡ ਸਿੱਖ ਮੂਵਮੈਂਟ ਦੇ ਆਗੂ ਡਾ. ਭਗਵਾਨ ਸਿੰਘ, ਡਾ. ਗੁਰਚਰਨ ਸਿੰਘ, ਸ. ਹਰਪ੍ਰੀਤ ਸਿੰਘ, ਸ. ਗੁਰਨਾਮ ਸਿੰਘ ਸਿੱਧੂ ਤੇ ਸਕੱਤਰ ਜਨਰਲ ਸ. ਚੰਨਣ ਸਿੰਘ ਸਿੱਧੂ ਨੇ ਕਈ ਪੁਰਾਣੇ ਦਸਤਾਵੇਜ ਤੇ ਫ਼ੋਟੋਆਂ ਵੀ ਮੀਡੀਆ ਨੂੰ ਵਿਖਾਈਆਂ।