ਵਿਦਿਆਰਥੀਆਂ ਨੂੰ ਏ.ਬੀ.ਵੀ.ਪੀ. ਦੀ ਅਗਵਾਈ ਪ੍ਰਵਾਨ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ 2 ਸਾਲਾਂ ਤੋਂ ਪ੍ਰਧਾਨਗੀ 'ਚ ਲਗਾਤਾਰ ਦੂਜਾ ਸਥਾਨ ਪਰ ਕਦੇ ਵੀ ਪ੍ਰਧਾਨਗੀ ਨਹੀਂ

Students should receive the ABVP. Leadership is not allowed

ਚੰਡੀਗੜ੍ਹ (ਬਠਲਾਣਾ) : ਪੰਜਾਬ ਯੂਨੀਵਰਸਟੀ ਕੈਂਪਸ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਕੌਂਸਲ ਚੋਣਾਂ 'ਚ ਏ.ਬੀ.ਵੀ.ਪੀ. ਦੀ ਪ੍ਰਧਾਨਗੀ ਕਬੂਲ ਨਹੀਂ। ਸਾਇਦ ਇਸੇ ਕਰਕੇ ਪਿਛਲੇ 2 ਸਾਲਾਂ ਤੋਂ ਏ.ਬੀ.ਵੀ.ਪੀ. ਭਾਵੇਂ ਪ੍ਰਧਾਨਗੀ ਅਹੁਦੇ ਲਈ ਦੂਜੇ ਸਥਾਨ ਨਾਲ ਹੀ ਸਬਰ ਕਰ ਰਹੀ ਹੈ। ਇਹ ਵੀ ਇਤਿਹਾਸ ਹੈ ਕਿ 'ਵਰਸਟੀ ਵਿਦਿਆਰਥੀ ਕੌਂਸਲ ਚੋਣਾਂ ਵਿਚ ਏ.ਬੀ.ਵੀ.ਪੀ. ਨੂੰ ਅੱਜ ਤਕ ਪ੍ਰਧਾਨਗੀ ਦੀ ਸੀਟ ਨਹੀਂ ਮਿਲੀ। ਪਿਛਲੀਆਂ 7 ਚੋਣਾਂ ਦੌਰਾਨ 3 ਵਾਰ ਐਨ.ਐਸ.ਯੂ.ਆਈ., 2 ਵਾਰੀ ਸੋਈ ਅਤੇ ਇਕ-ਇਕ ਪੁਸੁ ਅਤੇ ਐਸ.ਐਫ਼.ਐਸ. ਨੂੰ ਜਿੱਤ ਹਾਸਲ ਹੋਈ ਹੈ।

ਅੱਡੀ ਚੋਟੀ ਦਾ ਜ਼ੋਰ ਲਾਇਆ: ਇਸ ਸਾਲ ਏ.ਬੀ.ਵੀ.ਪੀ. ਨੇ ਚੋਣਾਂ ਜਿੱਤਣ ਲਈ ਪੂਰਾ ਮਾਹੌਲ ਬਣਾਇਆ ਹੋਇਆ ਸੀ। ਕੌਮੀ ਪੱਧਰ ਦੇ ਨੇਤਾ, ਚੋਣਾਂ ਦੌਰਾਨ ਚੰਡੀਗੜ੍ਹ ਵਿਚ ਡੇਰਾ ਲਾਈ ਬੈਠੇ ਸਨ। ਏ.ਬੀ.ਵੀ.ਪੀ. ਨੇ ਸੁਪਰ-30 ਦੇ ਹੀਰੋ ਅਨੰਦ ਕੁਮਾਰ ਰਾਹੀਂ ਵਿਦਿਆਰਥੀਆਂ ਨੂੰ ਅਪਣੇ ਵਲ ਖਿੱਚਣ ਦੀ ਕੋਸ਼ਿਸ਼ ਕੀਤੀ। ਚੋਣਾਂ ਦੇ ਐਲਾਨ ਤੋਂ ਪਹਿਲਾਂ ਤਿਰੰਗਾ ਯਾਤਰਾ ਰਾਹੀਂ ਪੂਰੇ ਕੈਂਪਸ ਵਿਚ ਮਾਹੌਲ ਬਣਾਇਆ ਅਤੇ ਦਿੱਲੀ ਤੋਂ ਭਾਜਪਾ ਦੇ ਐਮ.ਸੀ. ਮਨੋਜ ਤਿਵਾੜੀ, ਅਤਿਵਾਦ ਵਿਰੋਧੀ ਮੰਚ ਦੇ ਮੁਖੀ ਮਨਿੰਦਰਜੀਤ ਸਿੰਘ ਬਿੱਟਾ ਵਰਗੇ ਨੇਤਾਵਾਂ ਤੋਂ ਰਾਸ਼ਟਰਵਾਦ ਦਾ ਨਾਹਰਾ ਲੁਆ ਕੇ ਪੂਰੀ ਅੱਡੀ ਚੋਟੀ ਦਾ ਜ਼ੋਰ ਲਾਇਆ।

ਇਸ ਤੋਂ ਇਲਾਵਾ ਭਾਜਪਾ ਦੇ ਸਥਾਨਕ ਨੇਤਾ ਵੀ ਮਾਹੌਲ ਬੰਨ੍ਹਣ 'ਚ ਸਹਾਈ ਹੋਏ। ਅਖੀਰਲੀ ਕੋਸ਼ਿਸ਼ ਵਜੋਂ ਡੀਨ ਵਿਦਿਆਰਥੀ ਭਲਾਈ ਨੂੰ ਅਹੁਦੇ ਤੋਂ ਹਟਾਇਆ ਗਿਆ, ਜਿਸ 'ਤੇ ਕਾਂਗਰਸੀ ਹੋਣ ਦਾ ਦੋਸ਼ ਲੱਗ ਰਿਹਾ ਸੀ ਪਰ ਅਦਾਲਤ ਰਾਹੀਂ ਡੀਨ ਦੀ ਵਾਪਸੀ ਨੇ ਏ.ਬੀ.ਵੀ.ਪੀ. ਦੇ ਯਤਨਾਂ ਨੂੰ ਢਾਹ ਲਾਈ ਕਿਉਂਕਿ ਡੀਨ ਦੇ ਪੱਖ ਵਿਚ ਆਈਆਂ 14 ਵਿਦਿਆਰਥੀ ਜਥੇਬੰਦੀਆਂ ਵੀ ਏ.ਬੀ.ਵੀ.ਪੀ. ਦਾ ਵਿਰੋਧ ਕਰ ਰਹੀਆਂ ਸਨ। ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ: ਇਸ ਨਾਲ ਏ.ਬੀ.ਵੀ.ਪੀ. ਦੇ ਕੈਂਪਸ ਯੂਨਿਟ ਦੇ ਨੇਤਾਵਾਂ ਨੇ ਜਿੱਤ ਦਾ ਪੂਰਾ ਮਾਹੌਲ ਬਣਾਇਆ ਹੋਇਆ ਸੀ ਕਿਉਂਕਿ ਇਹ ਜਥੇਬੰਦੀ ਸਾਰਾ ਸਾਲ ਸਰਗਰਮ ਰਹੀ। ਇਸ ਦੇ ਦੋ ਨੇਤਾ ਕੁਲਦੀਪ ਸਿੰਘ ਅਤੇ ਪਰਵਿੰਦਰ ਸਿੰਘ ਕਟੋਰਾ ਦੀ ਮਿਹਨਤ ਰੰਗ ਨਹੀਂ ਲਿਆ ਸਕੀ।

ਇਕ ਜਾਣਕਾਰੀ ਅਨੁਸਾਰ ਉਮੀਦਵਾਰਾਂ ਦੀ ਚੋਣ ਸਮੇਂ ਸਹਿਮਤੀ ਨਾ ਹੋਣ ਕਰਕੇ ਵੱਡੇ ਨੇਤਾ ਕਿਨਾਰਾ ਕਰ ਗਏ। ਯੂਨੀਵਰਸਟੀ ਪ੍ਰਸ਼ਾਸਨ ਦੀ ਹਮਦਰਦੀ ਵੀ ਏ.ਬੀ.ਵੀ.ਪੀ. ਦੀ ਬੇੜੀ ਕਿਨਾਰੇ ਨਹੀਂ ਲਾ ਸਕੀ। ਏ.ਬੀ.ਵੀ.ਪੀ. ਗਠਜੋੜ ਦੇ ਚਾਰੇ ਉਮੀਦਵਾਰ ਹਾਰ ਗਏ : ਏ.ਬੀ.ਵੀ.ਪੀ. ਨੇ ਇਸ ਵਾਰੀ ਇਨਸੋ ਅਤੇ ਐਚ.ਪੀ.ਐਸ.ਯੂ. ਨਾਲ ਗਠਜੋੜ ਜ਼ਰੂਰ ਕੀਤਾ ਪਰ ਗਠਜੋੜ ਨੂੰ ਕਰਾਰੀ ਹਾਰ ਮਿਲੀ। ਪ੍ਰਧਾਨਗੀ ਅਹੁਦੇ ਦਾ ਉਮੀਦਵਾਰ ਪਾਰਸ ਰਤਨ ਦੂਜੇ ਸਥਾਨ 'ਤੇ ਰਿਹਾ। ਇਸੇ ਤਰ੍ਹਾਂ ਏ.ਬੀ.ਵੀ.ਪੀ. ਕੋਟੇ 'ਚੋਂ ਮੀਤ ਪ੍ਰਧਾਨ ਦੀ ਸੀਟ 'ਤੇ ਲੜੀ ਦਿਵਿਆ ਚੋਪੜਾ ਨੂੰ 4 ਉਮੀਦਵਾਰਾਂ 'ਚੋਂ ਤੀਜਾ ਸਥਾਨ ਮਿਲਿਆ ਜਦਕਿ ਗਠਜੋੜ ਵਲੋਂ ਇਨਸੋ ਕੋਟੇ ਦਾ ਗੌਰਵ ਦੁਹਾਨ, ਸਕੱਤਰ ਦੀ ਸੀਟ ਜਿੱਤਦੇ ਜਿੱਤਦੇ ਅਖ਼ੀਰ 'ਚ 10 ਵੋਟਾਂ ਦੇ ਫ਼ਰਕ ਨਾਲ ਹਾਰ ਗਿਆ

ਜਦਕਿ ਸੰਯੁਕਤ ਸਕੱਤਰ ਦੀ ਸੀਟ 'ਤੇ ਗਠਜੋੜ ਵਲੋਂ ਐਚ.ਪੀ.ਐਸ.ਯੂ. ਕੋਟੇ ਦਾ ਉਮੀਦਵਾਰ ਰੋਹਿਤ ਸ਼ਰਮਾ ਅਪਣੇ ਨੇੜਲੇ ਵਿਰੋਧੀ ਐਨ.ਐਸ.ਯੂ.ਆਈ. ਉਮੀਦਵਾਰ ਮਨਪ੍ਰੀਤ ਸਿੰਘ ਮਾਹਲ ਤੋਂ ਲਗਪਗ 1860 ਵੋਟਾਂ ਦੇ ਵੱਡੇ ਫ਼ਰਕ ਨਾਲ ਹਾਰ ਗਿਆ। 2013-14 ਵਿਚ ਜਿੱਤ ਮੀਤ ਪ੍ਰਧਾਨ ਦੀ ਸੀਟ : ਪਿਛਲੇ 7 ਸਾਲਾਂ ਦੌਰਾਨ ਏ.ਬੀ.ਵੀ.ਪੀ. ਨੂੰ ਸਾਲ 2013-14 ਦੌਰਾਨ ਮੀਤ ਪ੍ਰਧਾਨ ਦੀ ਸੀਟ 'ਤੇ ਇਸ਼ਾ ਅਰੋੜਾ ਦੇ ਰੂਪ ਵਿਚ ਕਾਮਯਾਬੀ ਮਿਲੀ ਸੀ, ਉਹ ਵੀ ਅਪਣੀ ਰਵਾਇਤੀ ਵਿਰੋਧੀ ਕਾਂਗਰਸ ਦੀ ਐਨ.ਐਸ.ਯੂ.ਆਈ. ਨਾਲ ਚੋਣ ਗਠਜੋੜ ਕਰਨ ਕਰ ਕੇ।

ਹਾਰ ਦੀ ਸਮੀਖਿਆ ਕਰਾਂਗੇ: ਏ.ਬੀ.ਵੀ.ਪੀ. ਦੇ ਕੈਂਪਸ ਯੂਨਿਟ ਦੇ ਸਕੱਤਰ ਪਰਵਿੰਦਰ ਸਿੰਘ ਕਟੋਰਾ ਨੇ ਸੰਪਰਕ ਕਰਨ 'ਤੇ ਦਸਿਆ ਕਿ ਸੋਈ ਅਤੇ ਐਨ.ਐਸ.ਯੂ.ਆਈ. ਨੇ ਪਰਦੇ ਪਿੱਛੇ ਹੱਥ ਮਿਲਾ ਕੇ ਏ.ਬੀ.ਵੀ.ਪੀ. ਨੂੰ ਹਰਾਇਆ। ਉਹ ਇਸ ਹਾਰ ਦੀ ਸਮੀਖਿਆ ਕਰਨਗੇ।