ਕੰਧ 'ਤੇ ਲਿਖਿਆ ਸੱਚ ਪੜ੍ਹਨ ਤੋਂ ਭੱਜ ਰਿਹਾ ਅਕਾਲੀ ਦਲ : ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਪਟਿਆਲਾ ਰੈਲੀ ਦੌਰਾਨ 'ਰੋਜ਼ਾਨਾ ਸਪੋਕਸਮੈਨ' ਦੇ ਬਾਈਕਾਟ ਦੇ ਦਿੱਤੇ ਸੱਦੇ ਨੇ ਅਕਾਲੀ ਦਲ ਦੀ ਬੁਖਲਾਹਟ.........

Sadhu Singh Dharamsot

ਖੰਨਾ : ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਪਟਿਆਲਾ ਰੈਲੀ ਦੌਰਾਨ 'ਰੋਜ਼ਾਨਾ ਸਪੋਕਸਮੈਨ' ਦੇ ਬਾਈਕਾਟ ਦੇ ਦਿੱਤੇ ਸੱਦੇ ਨੇ ਅਕਾਲੀ ਦਲ ਦੀ ਬੁਖਲਾਹਟ ਨੂੰ ਜੱਗ ਜ਼ਾਹਰ ਕਰ ਦਿੱਤਾ ਹੈ। ਇਸ ਤੋਂ ਸਾਫ਼ ਹੈ ਕਿ ਅਕਾਲੀ ਦਲ ਕੰਧ 'ਤੇ ਲਿਖਿਆ ਸੱਚ ਪੜ੍ਹਨ ਤੋਂ ਭੱਜ ਰਿਹਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਸਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਜ਼ਿਕਰ ਹੋਣ ਕਾਰਨ ਅਕਾਲੀ ਦਲ ਦੀਆਂ ਜ਼ਿਆਦਤੀਆਂ ਜੱਗ ਜ਼ਾਹਰ ਹੋ ਗਈਆਂ ਹਨ।

ਸਪੋਕਸਮੈਨ ਅਖਬਾਰ ਸਮਾਜ ਨੂੰ ਦੇ ਰਿਹੈ ਚੰਗੀ ਸੇਧ:  ਢਿੱਲੋਂ, ਸ਼ਰਮਾ

ਬਰਨਾਲਾ : ਕੋਈ ਵੀ ਦੇਸ਼ ਮੀਡੀਆ ਤੋਂ ਬਗੈਰ ਤਰੱਕੀ ਨਹੀਂ ਕਰ ਸਕਦਾ। ਪ੍ਰੈਸ ਦਾ ਮਾਣ ਸਤਿਕਾਰ ਹਰ ਜਗ੍ਹਾ ਹੁੰਦਾ ਆਇਆ ਅਤੇ ਹੋਣਾ ਵੀ ਚਾਹੀਦਾ ਹੈ। ਇਹ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ.ਕੇਵਲ ਢਿੱਲੋਂ ਨੇ ਅੱਜ ਪ੍ਰਗਟ ਕੀਤੇ ਹਨ। ਉਨ੍ਹਾਂ ਕਿਹਾ ਕਿ ਪ੍ਰੈਸ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। 'ਸਪੋਕਸਮੈਨ' ਅਖਬਾਰ ਨੇ ਹਮੇਸ਼ਾ ਸੱਚ ਲਿਖਿਆ ਹੈ ਅਤੇ ਲੋਕਾਂ ਨੂੰ ਸੇਧ ਦੇਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ।

ਪਟਿਆਲਾ ਰੈਲੀ ਵਿਚ ਸ਼੍ਰੋਮਣੀ ਅਕਾਲੀ ਦਲ ਆਗੂਆਂ ਵੱਲੋਂ 'ਸਪੋਕਸਮੈਨ' ਦਾ ਬਾਈਕਾਟ ਕਰਨ ਲਈ ਵਰਕਰਾਂ ਨੂੰ ਅਪੀਲ ਕੀਤੀ ਗਈ ਸੀ ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੂੰ ਸੱਚ ਸੁਣਨਾ ਪਸੰਦ ਨਹੀਂ। ਇਹ ਵਿਚਾਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਮੱਖਣ ਸ਼ਰਮਾ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ 'ਸਪੋਕਸਮੈਨ' ਅਖਬਾਰ ਨੇ ਜੋ ਲਿਖਿਆ, ਉਹ ਸੱਚ ਹੈ ਅਤੇ  ਸ਼੍ਰੋਮਣੀ ਅਕਾਲੀ ਦਲ ਇਸ ਸੱਚਾਈ ਤੋਂ ਭੱਜ ਰਿਹਾ ਹੈ।   

ਬਾਦਲਾਂ ਲਈ ਸੱਚ ਸੁਣਨਾ ਔਖਾ ਹੋਇਆ: ਚੀਮਾ

ਹਰੀਕੇ ਪੱਤਣ : ਪਟਿਆਲਾ ਵਿਖੇ ਅਕਾਲੀ ਦਲ ਵੱਲੋ ਕੀਤੀ ਗਈ ਰੈਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋ ਅਖਬਾਰ 'ਰੋਜ਼ਾਨਾ ਸਪੋਕਸਮੈਨ' ਅਤੇ 'ਜੀ. ਪੰਜਾਬ ਹਰਿਆਣਾ ਹਿਮਾਚਲ ਟੀ.ਵੀ ਚੈਨਲ' ਦਾ ਬਾਈਕਾਟ ਕਰਕੇ ਬੁਜ਼ਦਿਲੀ ਦਾ ਸਬੂਤ ਦਿੱਤਾ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਚੀਮਾ ਨੇ ਕੀਤਾ ਹੈ।

ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਆਪਣੇ ਕਾਰਜਕਾਨ ਦੌਰਾਨ ਸੱਤਾ ਦੇ ਨਸ਼ੇ ਵਿਚ ਚੂਰ ਹੋ ਕੇ ਅਖਬਾਰ 'ਰੋਜ਼ਾਨਾ ਸਪੋਕਸਮੈਨ' ਸੱਚ ਦੀ ਅਵਾਜ਼ ਨੂੰ ਬਿਲਕੁਲ ਖਤਮ ਕਰਨ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਪਰ ਰੋਜ਼ਾਨਾ ਸਪੋਕਸਮੈਨ ਦੇ ਸਰਪ੍ਰਸਤ ਸ੍ਰ ਜੋਗਿੰਦਰ ਸਿੰਘ ਅਤੇ ਉਸਦੇ ਪ੍ਰਵਾਰ ਨੇ ਹਾਰ ਨਹੀ ਮੰਨੀ। 

ਸੁਖਬੀਰ ਹਿਟਲਰ ਵਾਂਗ ਦੇ ਰਿਹਾ ਧਮਕੀਆਂ : ਨਿਰਮਲ ਸਿੰਘ

ਪਾਤੜਾਂ : ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਸੌ ਫੀਸਦੀ ਸਪੋਕਸਮੈਨ ਅਖਬਾਰ ਦੇ ਨਾਲ ਖੜ੍ਹੇ ਹਨ ਤੇ ਸਦਾ ਖੜ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਤੇ ਉਸ ਦੀ ਪਾਰਟੀ ਸਪੋਕਸਮੈਨ ਅਖਬਾਰ ਨੂੰ ਹਿਟਲਰ ਵਾਂਗ ਧਮਕੀਆਂ ਦੇ ਰਹੇ ਹਨ ਪ੍ਰੰਤੂ ਉਨ੍ਹਾਂ ਦੀਆਂ ਗਿੱਦੜ ਧਮਕੀਆਂ ਤੋਂ ਸਪੋਕਸਮੈਨ ਡਰਨ ਵਾਲਾ ਨਹੀਂ ਹੈ।

ਵਿਸ਼ੇਸ਼ ਗੱਲਬਾਤ ਦੌਰਾਨ ਬਲਾਕ ਘੱਗਾ ਤੋਂ ਕਾਂਗਰਸੀ ਪ੍ਰਧਾਨ ਅਤੇ ਬਲਾਕ ਸੰਮਤੀ ਮੈਂਬਰ ਬਲਰਾਜ ਸਿੰਘ ਗਿੱਲ (ਸਿਉਣਾ) ਨੇ ਕਿਹਾ ਕਿ ਪਿਛਲੇ ਦਸ ਸਾਲਾਂ ਦੀ ਅਪਣੀ ਸਰਕਾਰ ਵੇਲੇ ਸੁਖਬੀਰ ਬਾਦਲ ਵੱਲੋਂ ਪੂਰਾ ਜ਼ੋਰ ਲਾਉਣ 'ਤੇ ਵੀ ਸਪੋਕਸਮੈਨ ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਸੱਚ ਨਹੀਂ ਦੱਬਿਆ। ਉਨ੍ਹਾਂ ਕਿਹਾ ਕਿ ਜਿੰਨਾ ਮਰਜ਼ੀ ਸੁਖਬੀਰ ਬਾਦਲ 'ਸਪੋਕਸਮੈਨ' ਅਖਬਾਰ ਦਾ ਬਾਈਕਾਟ ਕਰਾ ਲਵੇ ਇਨ੍ਹਾਂ ਦੇ ਕੀਤੇ ਕਾਰਨਾਮੇ ਇਹ ਅਖਬਾਰ ਇਸੇ ਤਰ੍ਹਾਂ ਛਾਪਦਾ ਰਹੇਗਾ।