ਬਾਦਲ ਦੇ ਬਚਾਅ ਲਈ ਅਕਾਲੀ ਦਲ ਨੇ ਧਰਨਿਆਂ ਦਾ ਡਰਾਮਾ ਕੀਤਾ : ਧਰਮਸੋਤ
ਬਹਿਬਲ ਕਲਾਂ 'ਚ ਗੋਲੀ ਚਲਾਉਣ ਦਾ ਹੁਕਮ ਮੈਂ ਨਹੀਂ ਦਿਤਾ..............
ਚੰਡੀਗੜ੍ਹ : ਬਹਿਬਲ ਕਲਾਂ 'ਚ ਗੋਲੀ ਚਲਾਉਣ ਦਾ ਹੁਕਮ ਮੈਂ ਨਹੀਂ ਦਿਤਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੇ ਇਸ ਬਿਆਨ ਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਬਾਦਲ ਸਾਹਿਬ ਝੂਠ ਨਾ ਬੋਲੋ। ਕਿਉਂਕਿ ਗੋਲੀ ਕਾਂਡ ਵਾਲੇ ਦਿਨ ਤੋਂ ਪਹਿਲਾਂ ਵਾਲੀ ਰਾਤ ਤੁਹਾਡੇ ਅਤੇ ਪੁਲਿਸ ਅਧਿਕਾਰੀਆਂ ਵਿਚ ਰਾਤ ਨੂੰ ਸਵਾ ਦੋ ਵਜੇ ਹੋਈ ਗੱਲਬਾਤ ਕੀ ਸਾਬਤ ਕਰਦੀ ਹੈ। ਇਹ ਪੰਜਾਬ ਦੀ ਸਮੁੱਚੀ ਜਨਤਾ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ ।
ਸ: ਧਰਮਸੋਤ ਨੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਨੇ ਗੋਲੀ ਚਲਾਉਣ ਦੇ ਆਦੇਸ਼ ਨਹੀਂ ਦਿਤੇ ਸਨ ਤਾਂ ਫਿਰ ਗੋਲੀ ਚਲਾਉਣ ਵਾਲੇ ਦੋਸ਼ੀਆਂ ਵਿਰੁੱਧ ਉਨ੍ਹਾਂ ਵਲੋਂ ਪਰਚਾ ਦਰਜ ਕਿਉਂ ਨਹੀਂ ਕੀਤਾ ਗਿਆ? ਅਕਾਲੀ ਦਲ ਵਿਧਾਨ ਸਭਾ ਵਿਚ ਅਪਣਾ ਪੱਖ ਰੱਖਣ ਦੀ ਬਜਾਏ ਉੱਥੋਂ ਭੱਜਿਆ ਕਿਉਂ? ਇੱਕ ਸਵਾਲ ਦੇ ਜਵਾਬ ਚ ਸਰਦਾਰ ਧਰਮਸੋਤ ਨੇ ਕਿਹਾ ਕੇ ਅਕਾਲੀ ਦਲ ਵਲੋਂ ਧਰਨਿਆਂ ਦਾ ਡਰਾਮਾ ਸ : ਬਾਦਲ ਨੂੰ ਬਚਾਉਣ ਲਈ ਕੀਤਾ ਗਿਆ ਹੈ। ਕਿਉਂਕਿ ਅਕਾਲੀ ਆਗੂਆਂ ਨੂੰ ਇਹ ਗੱਲ ਭਲੀਭਾਂਤ ਪਤਾ ਹੈ ਕਿ ਬੇਅਦਬੀ ਘਟਨਾਵਾਂ ਨੂੰ ਲੈ ਕੇ ਸੂਬੇ ਦੇ ਲੋਕ ਅਕਾਲੀ ਦਲ ਤੋਂ ਬੇਹੱਦ ਖਫ਼ਾ ਹਨ।
ਇਸੇ ਕਰਕੇ ਇਨ੍ਹਾਂ ਧਰਨਿਆਂ ਵਿਚ ਆਮ ਲੋਕਾਂ ਨੇ ਬਿਲਕੁੱਲ ਸ਼ਮੂਲੀਅਤ ਨਹੀਂ ਕੀਤੀ, ਜਿਸ ਤੋਂ ਸਾਬਤ ਹੋ ਗਿਆ ਹੈ ਕਿ ਸੂਬੇ ਦੀ ਜਨਤਾ ਨੇ ਇਨ੍ਹਾਂ ਧਰਨਿਆਂ ਨੂੰ ਨਕਾਰ ਦਿਤਾ ਹੈ । ਇਸ ਲਈ ਅਕਾਲੀ ਦਲ ਨੂੰ ਇਨ੍ਹਾਂ ਧਰਨਿਆਂ ਦਾ ਸਿਆਸੀ ਲਾਭ ਹੋਣ ਦੀ ਬਜਾਏ ਨੁਕਸਾਨ ਵੱਧ ਹੋਵੇਗਾ। ਸ. ਧਰਮਸੋਤ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਅਕਾਲੀ ਉਮੀਦਵਾਰਾਂ ਦੀ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ।