ਸੌਦਾ ਸਾਧ ਅਤੇ ਬਾਦਲਾਂ ਦੇ ਲਾਈ ਟੈਸਟ ਨਾਲ ਸੱਚਾਈ ਆਵੇਗੀ ਸਾਹਮਣੇ : ਦਾਦੂਵਾਲ
ਬਾਦਲ ਪਿਉ-ਪੁੱਤ ਅਜੇ ਵੀ ਸਿੱਖਾਂ ਨੂੰ ਦੋਸ਼ੀ ਸਿੱਧ ਕਰਨ ਲਈ ਯਤਨਸ਼ੀਲ : ਮੰਡ
ਕੋਟਕਪੂਰਾ : ਭਾਈ ਧਿਆਨ ਸਿੰਘ ਮੰਡ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਇਨਸਾਫ਼ ਮੋਰਚੇ ਦੇ 133ਵੇਂ ਦਿਨ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਦਾ ਦੋਸ਼ੀ ਸੌਦਾ ਸਾਧ ਅਰਥਾਤ ਪਾਖੰਡੀ ਰਾਮ ਰਹੀਮ ਹੈ ਪਰ ਕੋਟਕਪੂਰੇ ਅਤੇ ਬਹਿਬਲ ਵਿਖੇ ਵਰਤਾਏ ਪੁਲਿਸੀਆ ਕਹਿਰ ਵਾਲੀ ਘਟਨਾ 'ਚ ਬਾਦਲ ਪਿਉ-ਪੁੱਤਰ ਸਿੱਧੇ ਤੌਰ 'ਤੇ ਦੋਸ਼ੀ ਹਨ।
ਭਾਈ ਦਾਦੂਵਾਲ ਨੇ ਦਾਅਵੇ ਨਾਲ ਆਖਿਆ ਕਿ ਜੇਕਰ ਬਾਦਲ ਪਿਉ-ਪੁੱਤਰ ਅਤੇ ਸੌਦਾ ਸਾਧ ਦਾ ਝੂਠ ਫੜਨ ਵਾਲਾ ਲਾਈ ਡਿਟੈਕਟਿਵ ਟੈਸਟ ਕਰਵਾਇਆ ਜਾਵੇ ਤਾਂ ਅਸਲੀਅਤ ਸੰਗਤਾਂ ਸਾਹਮਣੇ ਅਪਣੇ ਆਪ ਆ ਜਾਵੇਗੀ। ਉਨ੍ਹਾਂ ਕਿਹਾ ਕਿ ਸੌਦਾ ਸਾਧ ਦੇ ਪ੍ਰੇਮੀ ਮਹਿੰਦਰਪਾਲ ਬਿੱਟੂ ਵਲੋਂ ਮੋਗਾ ਦੀ ਅਦਾਲਤ 'ਚ ਜੱਜ ਦੇ ਸਾਹਮਣੇ ਦਿਤੇ ਬਿਆਨਾਂ 'ਚ ਪ੍ਰਵਾਨ ਕੀਤਾ ਜਾ ਚੁਕਾ ਹੈ ਕਿ ਉਸ ਨੇ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਪਾਵਨ ਸਰੂਪ ਚੋਰੀ ਕੀਤਾ, 24 ਅਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਭੜਕਾਊ ਪੋਸਟਰ ਲਾਏ ਅਤੇ 12 ਅਕਤੂਬਰ ਦੀ ਸਵੇਰ ਬੇਅਦਬੀ ਕਾਂਡ ਨੂੰ ਅੰਜਾਮ ਦਿਤਾ।
ਬਾਦਲਾਂ ਵਲੋਂ ਅਜੇ ਵੀ ਅਪਣੇ ਨਿਜੀ ਚੈਨਲ ਰਾਹੀਂ ਪੰਜਗਰਾਈਆਂ ਦੇ ਸਕੇ ਭਰਾਵਾਂ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦਾ ਝੂਠ ਫੜਨ ਵਾਲਾ ਟੈਸਟ ਕਰਵਾਉਣ ਦੀ ਮੰਗ ਨੂੰ ਹਾਸੋਹੀਣੀ ਦਸਦਿਆਂ ਭਾਈ ਦਾਦੂਵਾਲ ਨੇ ਪੁਛਿਆ ਕਿ ਜਦੋਂ ਬੇਅਦਬੀ ਕਾਂਡ ਨਾਲ ਸਬੰਧਤ ਸਾਰੀਆਂ ਘਟਨਾਵਾਂ ਮਹਿੰਦਰਪਾਲ ਬਿੱਟੂ ਅਤੇ ਉਸ ਦੇ ਸਾਥੀ ਡੇਰਾ ਪ੍ਰੇਮੀਆਂ ਵਲੋਂ ਅਦਾਲਤ 'ਚ ਪ੍ਰਵਾਨ ਕੀਤੀਆਂ ਜਾ ਚੁਕੀਆਂ ਹਨ ਤਾਂ ਫਿਰ ਨਵਾਂ ਭੰਬਲਭੂਸਾ ਖੜਾ ਕਰਨ ਦੀ ਕੀ ਜ਼ਰੂਰਤ ਹੈ?
ਉਨ੍ਹਾਂ ਦੋਸ਼ ਲਾਇਆ ਕਿ ਪੰਥਦੋਖੀ ਬਾਦਲ ਪਹਿਲੇ ਦਿਨ ਤੋਂ ਹੀ ਸੌਦਾ ਸਾਧ ਅਤੇ ਉਸ ਦੇ ਪੈਰੋਕਾਰਾਂ ਅਰਥਾਤ ਡੇਰਾ ਪ੍ਰੇਮੀਆਂ ਨੂੰ ਬਚਾਉਣ 'ਚ ਲੱਗੇ ਹੋਏ ਹਨ। ਇਸ ਮੌਕੇ ਭਾਈ ਬੂਟਾ ਸਿੰਘ ਰਣਸੀਂਹ ਸਮੇਤ ਹੋਰ ਪੰਥਕ ਆਗੂਆਂ ਦੀ ਅਗਵਾਈ 'ਚ ਆਏ ਕਾਫ਼ਲਿਆਂ ਨੂੰ ਜੀ ਆਇਆਂ ਆਖਦਿਆਂ ਭਾਈ ਦਾਦੂਵਾਲ ਨੇ ਸਾਰੀਆਂ ਸੰਗਤਾਂ ਦਾ ਧਨਵਾਦ ਕੀਤਾ।