ਲੁਟੇਰਿਆਂ ਨੇ ਦਿਨ-ਦਿਹਾੜੇ ਬੈਂਕ ਨੂੰ ਬਣਾਇਆ ਲੁੱਟ ਦਾ ਸ਼ਿਕਾਰ, ਲੁੱਟੇ 11 ਲੱਖ
ਦਿਨ ਦਿਹਾੜੇ ਲੁਟੇਰਿਆਂ ਵਲੋਂ ਇਕ ਵਾਰ ਫਿਰ ਵੱਡੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ ਹੈ। ਅੰਮ੍ਰਿਤਸਰ ਦੇ ਥਾਣਾ...
ਅੰਮ੍ਰਿਤਸਰ (ਸਸਸ) : ਦਿਨ ਦਿਹਾੜੇ ਲੁਟੇਰਿਆਂ ਵਲੋਂ ਇਕ ਵਾਰ ਫਿਰ ਵੱਡੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ ਹੈ। ਅੰਮ੍ਰਿਤਸਰ ਦੇ ਥਾਣਾ ਤਰਸੀਕਾ ਦੇ ਅਧੀਨ ਪੈਂਦੇ ਪਿੰਡ ਖਜਿਆਲਾ ਵਿਚ ਸਥਿਤ ਇਕ ਨਿੱਜੀ ਬੈਂਕ ਵਿਚੋਂ 11 ਲੱਖ ਰੁਪਏ ਦੀ ਰਕਮ ਲੁੱਟ ਕੇ ਲੁਟੇਰੇ ਫ਼ਰਾਰਾ ਹੋ ਗਏ। ਸੂਤਰਾਂ ਦੇ ਮੁਤਾਬਕ ਲੁਟੇਰਿਆਂ ਨੇ ਪਹਿਲਾਂ ਬੈਂਕ ਦੇ ਗਾਰਡ ਨੂੰ ਪਿਸਤੌਲ ਦੀ ਨੋਕ ਦੇ ਬੰਦੀ ਬਣਾਇਆ ਅਤੇ ਫਿਰ ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਦਿਤਾ।
ਲੁਟੇਰੇ ਬੈਂਕ ਵਿਚੋਂ ਕਰੀਬ 11 ਲੱਖ ਰੁਪਏ ਲੁੱਟ ਕੇ ਲੈ ਗਏ। ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਵੱਖ-ਵੱਖ ਪਹਿਲੂਆਂ ਤੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਗਰੀਨ ਵੈਲੀ ਦੀ ਕੋਠੀ ਵਿਚ ਬਣੇ ਫਾਈਨੈਂਸ਼ੀਅਲ ਇੰਨਕਲੂਜ਼ਨ ਕੰਪਨੀ ਦੇ ਬ੍ਰਾਂਚ ਆਫ਼ਿਸ ਵਿਚ ਐਤਵਾਰ ਸਵੇਰੇ 6 ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ 8 ਮੁਲਾਜ਼ਮਾਂ ਨੂੰ ਬਾਥਰੂਮ ਵਿਚ ਬੰਦੀ ਬਣਾ ਕੇ 8 ਲੱਖ 59 ਹਜ਼ਾਰ ਰੁਪਏ ਲੁੱਟ ਲਏ। ਲੁਟੇਰੇ ਜਾਂਦੇ ਸਮੇਂ ਕਰਮਚਾਰੀ ਅਤੇ ਉੱਤਰ ਪ੍ਰਦੇਸ਼ ਨਿਵਾਸੀ ਸਚਿਨ ਰਾਣਾ ਦੀ ਜੇਬ ਵਿਚ ਪਏ 1500 ਰੁਪਏ, ਇਕ ਮੋਟਰਸਾਈਕਲ ਲੈ ਗਏ, ਜਦੋਂ ਕਿ ਮੁਲਾਜ਼ਮਾਂ ਦੇ 8 ਮੋਬਾਇਲ ਬੈਗ ਵਿਚ ਪਾ ਕੇ ਕੋਠੀ ਦੇ ਬਾਹਰ ਸੁੱਟ ਗਏ।
ਹੈਦਰਾਬਾਦ ਦੀ ਇਸ ਫਾਈਨੈਂਸ ਕੰਪਨੀ ਦੇ ਆਫ਼ਿਸ ਦੇ ਮੁੱਖ ਦਰਵਾਜ਼ੇ ਦਾ ਲਾਕ ਖ਼ਰਾਬ ਸੀ ਅਤੇ ਚਿਟਕਨੀ ਨਾ ਲੱਗੀ ਹੋਣ ਦੀ ਵਜ੍ਹਾ ਨਾਲ ਲੁਟੇਰੇ ਜ਼ਿੰਦਰਾ ਲੱਗੇ ਲੋਹੇ ਦੇ ਗੇਟ ਨੂੰ ਟੱਪ ਕੇ ਸੌਖ ਨਾਲ ਅੰਦਰ ਵੜ ਗਏ। ਕੰਪਨੀ ਦੇ ਮੁਲਾਜ਼ਮ ਨਵਜੀਤ ਦੇ ਮੁਤਾਬਕ ਘਟਨਾ ਦੇ ਸਮੇਂ ਉਹ ਅਪਣੇ ਸਾਥੀ ਕਰਮਚਾਰੀਆਂ ਉੱਤਰ ਪ੍ਰਦੇਸ਼ ਨਿਵਾਸੀ ਸੀਤਾ ਸਿੰਘ, ਮਾਨਸਾ ਨਿਵਾਸੀ ਜਸਬੀਰ ਸਿੰਘ, ਬੁਢਾਨਾ ਨਿਵਾਸੀ ਤਾਹੀਰ ਖ਼ਾਨ, ਲੋਹਗੜ੍ਹ ਪਿੰਡ ਨਿਵਾਸੀ ਗੁਰਮੇਜ ਸਿੰਘ, ਤਲਵੰਡੀ ਭਾਈ ਫਿਰੋਜ਼ਪੁਰ ਨਿਵਾਸੀ ਅਮਨਦੀਪ ਸਿੰਘ, ਮੁਜੱਫਰ ਨਗਰ ਬੁਢਾਨਾ ਨਿਵਾਸੀ ਇੰਤਜ਼ਾਰ ਅਲੀ ਸਮੇਤ ਦਫ਼ਤਰ ਦੀ ਛੱਤ ‘ਤੇ ਬਣੇ ਕਮਰੇ ਵਿਚ ਸੌ ਰਹੇ ਸਨ।
ਲਗਭੱਗ ਪੌਣੇ ਪੰਜ ਵਜੇ ਕਿਸੇ ਨੇ ਉਸ ਨੂੰ ਨੀਂਦ ਤੋਂ ਜਗਾਇਆ। ਉਸ ਨਕਾਬਪੋਸ਼ ਨੌਜਵਾਨ ਨੇ ਉਸ ਦੀ ਕਨਪਟੀ ਉਤੇ ਪਿਸਤੌਲ ਰੱਖ ਕੇ ਚੁੱਪ ਰਹਿਣ ਨੂੰ ਕਿਹਾ। ਇਸ ਦੌਰਾਨ ਉਸ ਦੇ ਦੂਜੇ ਸਾਥੀ ਜਿਸ ਦੇ ਹੱਥ ਵਿਚ ਪਿਸਤੌਲ ਸੀ ਨੇ ਕੈਸ਼ ਦੇ ਬਾਰੇ ਪੁੱਛਿਆ। ਬ੍ਰਾਂਚ ਮੈਨੇਜਰ ਬਲਜੀਤ ਨੇ ਅੱਗੇ ਦੀ ਘਟਨਾ ਦੇ ਬਾਰੇ ਵਿਚ ਦੱਸਿਆ ਕਿ ਨਕਾਬਪੋਸ਼ ਲੁਟੇਰੇ ਨੇ ਉਸ ਨੂੰ ਵੀ ਨੀਂਦ ਤੋਂ ਜਗਾ ਕੇ ਪਿਸਤੌਲ ਦਿਖਾ ਕੇ ਉਸ ਤੋਂ ਕੈਸ਼ ਦੇ ਬਾਰੇ ਪੁੱਛਿਆ। ਮਨ੍ਹਾ ਕਰਨ ‘ਤੇ ਉਸ ਦੇ ਮੂੰਹ ‘ਤੇ ਥੱਪੜ ਮਾਰਦੇ ਹੋਏ ਸੇਫ਼ ਦੀਆਂ ਚਾਬੀਆਂ ਮੰਗੀਆਂ।
ਇਸ ਤੋਂ ਬਾਅਦ ਉਨ੍ਹਾਂ ਨੇ ਸਾਰਿਆਂ ਨੂੰ ਬਾਥਰੂਮ ਵਿਚ ਬੰਦ ਕਰ ਕੇ ਬਾਹਰ ਤੋਂ ਜ਼ਿੰਦਰਾ ਲਗਾ ਕੇ ਸੇਫ਼ ਖੋਲ੍ਹ ਕੇ ਵਿਚੋਂ ਕੈਸ਼ ਕੱਢਿਆ ਅਤੇ ਫ਼ਰਾਰ ਹੋ ਗਏ।