ਕਾਉਂਸਲੇਟ ਜਨਰਲ ਆਫ਼ ਇੰਡੀਆ ਨੇ ਫਰੈਂਕਫਰਟ ਵਿਖੇ ਧੂਮਧਾਮ ਨਾਲ ਮਨਾਈ ਵਿਸਾਖੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭੰਗੜੇ, ਗਿੱਧੇ ਅਤੇ ਪੰਜਾਬੀ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ-ਚੰਨ ਲਾਏ

Baisakhi celebrated with great pomp

ਚੰਡੀਗੜ੍ਹ: ਕਾਉਂਸਲੇਟ ਜਨਰਲ ਆਫ਼ ਇੰਡੀਆ, ਫਰੈਂਕਫਰਟ, ਜਰਮਨੀ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਵਿਸਾਖੀ ਦੇ ਤਿਓਹਾਰ ਨੂੰ ਮਨਾਉਣ ਸਬੰਧੀ ਫਰੈਂਕਫਰਟ ਵਿਖੇ 12 ਅਪ੍ਰੈਲ 2019 ਨੂੰ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਆਯੋਜਨ ਜਰਮਨੀ ਵਿਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੇ ਸਹਿਯੋਗ ਨਾਲ ਕੀਤਾ ਗਿਆ। 

ਇਸ ਸਮਾਗਮ ਨੂੰ ਮਨਾਉਣ ਦੇ ਹਿੱਸੇ ਵਜੋਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਸ਼ਰਧਾ ਦੇ ਰੂਪ ਵਿਚ ਸਥਾਨਕ ਗਾਇਕਾਂ ਵਲੋਂ ਧਾਰਮਿਕ ਗੀਤਾਂ ਦਾ ਗਾਇਨ ਕੀਤਾ ਗਿਆ। ਇਸ ਮੌਕੇ ਕਾਉਂਸਲ ਜਨਰਲ ਪ੍ਰਤਿਭਾ ਪਾਰਕਰ ਨੇ ਅਪਣੇ ਸੰਬੋਧਨ ਵਿਚ ਭਾਰਤੀ ਭਾਈਚਾਰੇ ਨੂੰ ਸ਼ੁਭਕਾਮਨਾਵਾਂ ਦਿਤੀਆਂ ਅਤੇ ਕਿਹਾ ਕਿ ਭਾਰਤੀ ਭਾਈਚਾਰੇ ਨੇ ਅਪਣੀ ਲਗਨ ਅਤੇ ਸਖ਼ਤ ਮਿਹਨਤ ਵਾਲੇ ਸੁਭਾਅ ਨਾਲ ਦੁਨੀਆਂ ਵਿਚ ਹਰ ਜਗ੍ਹਾ ਅਪਣੀ ਛਾਪ ਛੱਡੀ ਹੈ।

ਇਸ ਸਮਾਗਮ ਵਿਚ ਭਾਰਤੀ ਭਾਈਚਾਰੇ ਦੇ 600 ਤੋਂ ਵੱਧ ਵਿਅਕਤੀਆਂ ਨੇ ਭਾਗ ਲਿਆ। ਇਸ ਮੌਕੇ ਪ੍ਰਸਿੱਧ ਲੋਕ ਨਾਚ ਭੰਗੜੇ, ਗਿੱਧੇ ਅਤੇ ਇਸ ਦੇ ਨਾਲ ਸਥਾਨਕ ਭਾਰਤੀ ਕਲਾਕਾਰਾਂ ਵਲੋਂ ਪੰਜਾਬੀ ਲੋਕ ਗੀਤ ਦੀਆਂ ਪੇਸ਼ਕਾਰੀਆਂ ਨੇ ਇਸ ਸਮਾਗਮ ਨੂੰ ਸਿਖ਼ਰਾਂ 'ਤੇ ਪਹੁੰਚਾ ਦਿਤਾ। ਸਾਰੇ ਸ਼ਰਧਾਲੂਆਂ ਲਈ 'ਗੁਰੂ ਕਾ ਲੰਗਰ' ਉਪਰੰਤ ਇਹ ਸਮਾਗਮ ਸਮਾਪਤ ਹੋਇਆ।