ਸਿੱਖ ਲਈ ਸਿਧਾਂਤ ਪਹਿਲਾਂ, ਬਾਕੀ ਸੱਭ ਬਾਅਦ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਸਿੱਖ ਔਰਤਾਂ ਨੂੰ ਹੈਲਮਟ ਪਾਉਣ ਦਾ ਮੁੱਦਾ ਕਾਫ਼ੀ ਚਰਚਾ ਵਿਚ ਰਿਹਾ ਹੈ...........

Bhai Hardeep Singh Mohali

ਸ੍ਰੀ ਅਨੰਦਪੁਰ ਸਾਹਿਬ :  ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਸਿੱਖ ਔਰਤਾਂ ਨੂੰ  ਹੈਲਮਟ ਪਾਉਣ ਦਾ ਮੁੱਦਾ ਕਾਫ਼ੀ ਚਰਚਾ ਵਿਚ ਰਿਹਾ ਹੈ। ਇਸ ਸਬੰਧੀ ਸੰਘਰਸ਼ ਵੀ ਹੁੰਦਾ ਰਿਹਾ ਤੇ ਇਹ ਮਾਮਲਾ ਅਦਾਲਤਾਂ ਤਕ ਵੀ ਪੁੱਜਾ। ਹੁਣ ਮੁੜ ਇਹ ਮਾਮਲਾ ਸੁਰਖ਼ੀਆਂ ਵਿਚ ਹੈ। ਖ਼ਾਸ ਕਰ ਕੇ ਚੰਡੀਗੜ੍ਹ ਪ੍ਰਸ਼ਾਸ਼ਨ ਤੇ ਸਿੱਖ ਸੰਗਤ ਇਸ ਮਾਮਲੇ 'ਤੇ ਆਹਮੋ-ਸਾਹਮਣੇ ਵਾਲੀ ਸਥੀਤੀ ਤੇ ਪੁੱਜ ਚੁਕੀਆਂ ਹਨ। ਇਸ ਸਬੰਧੀ ਮੋਹਾਲੀ ਤੋਂ ਆਜ਼ਾਦ ਜਿੱਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਹਰਦੀਪ ਸਿੰਘ ਮੋਹਾਲੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। 

ਸਵਾਲ: ਤੁਸੀ ਸਿੱਖ ਮਸਲਿਆਂ ਨਾਲ ਜੁੜੇ ਹੋਏ ਹੋ? ਹੈਲਮਟ ਪਾਉਣ ਬਾਰੇ ਕੀ ਕਹਿਣਾ ਚਾਹੋਗੇ?
ਜਵਾਬ: ਸਿੱਖ ਧਰਮ ਵਿਚ ਸਪੱਸ਼ਟ ਹਦਾਇਤ ਹੈ ਕਿ ਸਿੱਖ ਨੇ ਟੋਪੀ ਨਹੀਂ ਪਹਿਨਣੀ, ਹੈਲਮਟ ਵੀ ਇਕ ਟੋਪ ਹੈ ਜਿਸ ਨੂੰ ਸਿੱਖ ਨਹੀਂ ਪਾਉਂਦੇ ਕਿਉਂਕਿ ਸਿੱਖ ਲਈ ਸਿਧਾਂਤ ਪਹਿਲਾਂ ਹੈ, ਬਾਕੀ ਸੱਭ ਬਾਅਦ ਵਿਚ।

ਸਵਾਲ: ਕੀ ਇਸ ਤੋਂ ਪਹਿਲਾਂ ਵੀ ਇਹ ਮਸਲਾ ਉਠਿਆ ਸੀ?
ਜਵਾਬ: ਹਾਂ ਜੀ, ਬਿਲਕੁਲ ਇਹ ਮਸਲਾ ਨਵਾਂ ਨਹੀਂ ਹੈ, ਸਗੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਮੇਂ ਵੀ ਸਿੱਖ ਬੀਬੀਆਂ ਨੂੰ ਹੈਲਮਟ ਪਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਜਥੇਦਾਰ ਟੌਹੜਾ ਨੇ ਖ਼ੁਦ ਅਦਾਲਤ ਵਿਚ ਪੇਸ਼ ਹੋ ਕੇ ਇਸ ਮਸਲੇ 'ਤੇ ਅਪਣੀ ਗੱਲ ਕੀਤੀ ਸੀ ਤੇ ਫਿਰ ਇਹ ਮਾਮਲਾ ਖ਼ਤਮ ਹੋ ਗਿਆ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ਵਲੋਂ 1998 ਵਿਚ ਮੁੜ ਇਸ ਮਾਮਲੇ ਨੂੰ ਉਭਾਰਿਆ ਗਿਆ ਤਾਂ ਸਿੱਖ ਸੰਗਤ ਨੇ ਇਸ ਦਾ ਵਿਰੋਧ ਕੀਤਾ ਤੇ ਫਿਰ ਪ੍ਰਸ਼ਾਸਨ ਨੂੰ ਝੁਕਣਾ ਪਿਆ। ਫਿਰ ਇਹ ਮਾਮਲਾ 2003-04 ਵਿਚ ਉਠਿਆ ਤੇ ਸੁਪਰੀਮ ਕੋਰਟ ਤਕ ਗਿਆ। ਹੁਣ ਫਿਰ ਇਸ ਮਾਮਲੇ ਨੂੰ ਉਛਾਲਿਆ ਜਾ ਰਿਹਾ ਹੈ, ਜੋ ਗ਼ਲਤ ਹੈ।

ਸਵਾਲ: ਤੁਸੀਂ ਉਸ ਸਮੇਂ ਇਸ ਦਾ ਵਿਰੋਧ ਕਿਉਂ ਨਹੀਂ ਕੀਤਾ?
ਜਵਾਬ: ਸੁਪਰੀਮ ਕੌਰਟ ਦੇ ਫ਼ੈਸਲੇ ਤੋਂ ਬਾਅਦ ਜਦ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਰੀਆਂ ਔਰਤਾਂ ਨੂੰ ਹੈਲਮਟ ਤੋਂ ਛੋਟ ਦੇ ਦਿਤੀ ਤਾਂ ਅਸੀਂ ਇਸ ਦਾ ਵਿਰੋਧ ਕਰਦਿਆਂ ਪ੍ਰਸ਼ਾਸਨ ਨੂੰ ਕਿਹਾ ਕਿ ਇਹ ਫ਼ੈਸਲਾ ਧਾਰਮਕ ਭਾਵਨਾਵਾਂ ਦੇ ਅਧੀਨ ਸਿਰਫ਼ ਸਿੱਖ ਔਰਤਾਂ ਦੇ ਹੱਕ ਵਿਚ ਹੈ, ਇਸ ਲਈ ਬਾਕੀ ਔਰਤਾਂ ਦੀ ਜਾਨ ਨੂੰ ਖ਼ਤਰੇ ਵਿਚ ਪਾਉਣਾ ਗ਼ਲਤ ਹੈ। ਇਹ ਫ਼ੈਸਲਾ ਸਿਰਫ਼ ਸਿੱਖ ਔਰਤਾਂ 'ਤੇ ਹੀ ਲਾਗੂ ਕੀਤਾ ਜਾਵੇ ਪਰ ਪ੍ਰਸ਼ਾਸਨ ਨੇ ਸਾਡੀ ਗੱਲ ਨਹੀਂ ਮੰਨੀ।

ਸਵਾਲ: ਚੰਡੀਗੜ੍ਹ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਨੋਟੀਫ਼ੀਕੇਸ਼ਨ ਨਾਲ ਸਹਿਮਤੀ ਕਿਉਂ ਨਹੀਂ?
ਜਵਾਬ: ਚੰਡੀਗੜ੍ਹ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਨੋਟੀਫ਼ੀਕੇਸ਼ਨ ਵਿਚ ਪਗੜੀਧਾਰੀ ਔਰਤ ਨੂੰ ਹੀ ਛੋਟ ਦਸੀ ਗਈ ਹੈ ਜਦਕਿ ਇਸ ਵਿਚ ਸਿੱਖ ਔਰਤਾਂ ਨੂੰ ਛੋਟ ਦਿਤੀ ਜਾਣੀ ਹੈ। ਸਿੱਖ ਰਹਿਤ ਮਰਿਆਦਾ ਵਿਚ ਸਪੱਸ਼ਟ ਲਿਖਿਆ ਹੋਇਆ ਹੈ ਕਿ ਸਿੱਖ ਔਰਤ ਦਸਤਾਰ ਸਜਾਏ ਜਾਂ ਨਾ। ਇਸ ਲਈ ਹੈਲਮਟ ਤੋਂ ਸਿੱਖ ਔਰਤ ਨੂੰ ਹੀ ਛੋਟ ਦਿਤੀ ਜਾਣੀ ਚਾਹੀਦੀ ਹੈ, ਉਹ ਭਾਵੇਂ ਦਸਤਾਰ ਸਜਾਏ ਜਾਂ ਨਾ।

ਸਵਾਲ: ਜੇ ਪ੍ਰਸ਼ਾਸਨ ਨੇ ਸਿੱਖ ਔਰਤਾਂ ਨੂੰ ਹੈਲਮਟ ਤੋਂ ਛੋਟ ਨਾ ਦਿਤੀ ਤਾਂ ਕੀ ਕਰੋਗੇ?
ਜਵਾਬ: ਚੰਡੀਗੜ੍ਹ ਪ੍ਰਸ਼ਾਸਨ ਸਿੱਖਾਂ ਨੂੰ ਸੜਕਾਂ 'ਤੇ ਉਤਰ ਕੇ ਸੰਘਰਸ਼ ਕਰਨ ਲਈ ਮਜਬੂਰ ਕਰ ਰਿਹਾ ਹੈ, ਜੋ ਠੀਕ ਨਹੀ। ਸਿੱਖ ਸੰਗਤ ਤੇ ਆਗੂਆਂ ਨੂੰ ਅਗਲੀ ਰਣਨੀਤੀ ਬਣਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ।