ਚੰਡੀਗੜ੍ਹ 'ਚ ਨੌਜਵਾਨਾਂ ਨੂੰ ਬਾਸਕਿਟਬਾਲ ਦੇ ਗੁਰ ਸਿਖਾ ਰਿਹਾ 'ਸਰਤਾਜ ਸੰਧੂ' 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਸਰਤਾਜ ਬਾਸਕਟਬਾਲ ਅਕੈਡਮੀ' ਤੋਂ ਕੋਚਿੰਗ ਲੈ ਰਹੇ 200 ਤੋਂ ਵੱਧ ਖਿਡਾਰੀ

Sartaj Sandhu

ਚੰਡੀਗੜ੍ਹ : ਖੇਡਾਂ ਪ੍ਰਤੀ ਸਰਤਾਜ ਸੰਧੂ ਦੀ ਭਗਤੀ ਰੰਗ ਲਿਆ ਰਹੀ ਹੈ। ਸਰਤਾਜ ਨੇ ਆਪਣੀ ਮਿਹਨਤ ਨਾਲ ਜਿਥੇ ਖੁਦ ਖੇਡਾਂ ਦੇ ਕਈ ਰਣ ਜਿੱਤੇ ਹਨ ਉਥੇ ਉਹ ਅਗਲੀ ਪੀੜੀ ਦੇ ਨੌਜਵਾਨਾਂ ਨੂੰ ਵੀ ਖੇਡਾਂ ਨਾਲ ਜੋੜ ਰਿਹਾ ਹੈ। ਅਸੀ ਗੱਲ ਕਰ ਰਹੇ ਹਾਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਚੋਹਲਾ ਸਾਹਿਬ ਦੇ ਵਸਨੀਕ 'ਸਰਤਾਜ ਸੰਧੂ ਦੀ। ਸਰਤਾਜ ਸੰਧੂ ਦੇ ਪਿਤਾ ਗੁਲਜਾਰ ਸੰਧੂ ਪਹਿਲਵਾਨ ਸਨ। ਇਸੇ ਕਾਰਨ ਬਚਪਨ ਤੋਂ ਹੀ ਉਨ੍ਹਾਂ ਦੀ ਖੇਡਾਂ ਵੱਲ ਕਾਫ਼ੀ ਰੂਚੀ ਸੀ।

ਸਰਤਾਜ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਸਾਲ 2004 'ਚ ਮੌਤ ਹੋ ਗਈ ਸੀ। ਉਨ੍ਹਾਂ ਦੀ ਯਾਦ 'ਚ ਜ਼ੀਰਕਪੁਰ ਵਿਖੇ ਗੁਲਜਾਰ ਰੈਸਲਿੰਗ ਅਖਾੜਾ ਵੀ ਬਣਿਆ ਹੋਇਆ ਹੈ। ਸਰਤਾਜ ਨੇ ਦੱਸਿਆ ਕਿ ਪਹਿਲਾਂ ਉਹ ਵੀ ਪਹਿਲਵਾਨੀ ਕਰਦਾ ਹੁੰਦਾ ਸੀ। ਉਸ ਦਾ ਵੱਡਾ ਭਰਾ ਬਾਸਕਿਟਬਾਲ ਖੇਡਦਾ ਹੁੰਦਾ ਸੀ ਅਤੇ ਉਸ ਨੂੰ ਵੇਖ ਕੇ 14 ਸਾਲ ਦੀ ਉਮਰ 'ਚ ਬਾਸਕਿਟਬਾਲ ਖੇਡਣੀ ਸ਼ੁਰੂ ਕਰ ਦਿੱਤੀ। ਸੱਭ ਤੋਂ ਪਹਿਲਾਂ ਉਸ ਦੀ ਸਕੂਲ ਪੱਧਰ 'ਚ ਬਾਸਕਿਟਬਾਲ ਅੰਡਰ-14 ਟੀਮ 'ਚ ਚੋਣ ਹੋਈ। ਇਸ ਮਗਰੋਂ ਅੰਡਰ-19 ਚੰਡੀਗੜ੍ਹ ਵੱਲੋਂ ਖੇਡਦਿਆਂ ਉਸ ਨੇ ਕਈ ਮੈਡਲ ਜਿੱਤੇ। 2013-14 'ਚ ਉਸ ਨੇ ਬਾਸਕਿਟਬਾਲ ਖੇਡ ਛੱਡਣ ਦਾ ਫ਼ੈਸਲਾ ਕੀਤਾ, ਕਿਉਂਕਿ ਇਸ ਨੂੰ ਬਾਕੀ ਖੇਡਾਂ ਜਿੰਨਾ ਉਤਸਾਹ ਨਹੀਂ ਮਿਲਦਾ। ਇਸ ਮਗਰੋਂ ਖ਼ਸ਼ਕਿਸਮਤੀ ਨਾਲ ਯੂਬੀਏ (ਯੂਨਾਈਟਿਡ ਬਾਸਕਿਟਬਾਲ ਅਲਾਇੰਸ) ਨਾਮੀ ਅਮਰੀਕਨ ਪਲੇਅ ਲੀਗ ਭਾਰਤ 'ਚ ਸ਼ੁਰੂ ਹੋਈ, ਜਿਸ 'ਚ ਉਨ੍ਹਾਂ ਦੀ ਵੀ ਚੋਣ ਹੋਈ।

ਸਰਤਾਜ ਸੰਧੂ ਨੇ ਦੱਸਿਆ, "ਇਸ ਲੀਗ ਤਹਿਤ ਸੱਭ ਤੋਂ ਪਹਿਲਾਂ ਸਾਲ 2015 'ਚ ਮੁਕਾਬਲੇ ਹੋਏ। ਉਦੋਂ ਭਾਰਤ 'ਚੋਂ ਟਾਪ 20 ਖਿਡਾਰੀਆਂ ਦੀ ਚੋਣ ਕੀਤੀ ਗਈ, ਜਿਸ 'ਚ ਮੇਰਾ ਨਾਂ ਵੀ ਸੀ। ਇਸ ਮਗਰੋਂ ਉਨ੍ਹਾਂ 20 ਖਿਡਾਰੀਆਂ 'ਚੋਂ ਟਾਪ-8 ਦੀ ਚੋਣ ਕੀਤੀ ਗਈ। ਉਸ ਸੂਚੀ 'ਚ ਵੀ ਮੇਰਾ ਨਾਂ ਸੀ। ਇਸ ਮਗਰੋਂ ਸਾਨੂੰ ਟ੍ਰੇਨਿੰਗ ਲਈ ਅਮਰੀਕਾ ਲਿਜਾਇਆ ਗਿਆ।" ਸੰਧੂ ਨੇ ਦੱਸਿਆ ਕਿ ਇਕ-ਦੋ ਸਾਲ ਮਗਰੋਂ ਭਾਰਤੀ ਬਾਸਕਿਟਬਾਲ ਫ਼ੈਡਰੇਸ਼ਨ ਅਤੇ ਯੂਬੀਏ ਵਿਚਕਾਰ ਕਿਸੇ ਵਿਵਾਦ ਕਾਰਨ ਇਹ ਲੀਗ ਬੰਦ ਕਰਨੀ ਪਈ। ਉਨ੍ਹਾਂ ਦੀ ਸੱਭ ਤੋਂ ਵੱਡੀ ਪ੍ਰਾਪਤੀ ਭਾਰਤ ਦੀ ਮੁੱਖ ਬਾਸਕਿਟਬਾਲ ਟੀਮ 'ਚ ਚੁਣਿਆ ਜਾਣਾ ਹੈ। 

ਸਰਤਾਜ ਸੰਧੂ ਨੇ ਦੱਸਿਆ, "ਮੈਂ ਚਾਹੁੰਦਾ ਹਾਂ ਕਿ ਇਸ ਮੁਕਾਮ ਤਕ ਪਹੁੰਚਣ ਲਈ ਮੈਨੂੰ ਜਿਹੜੀਆਂ ਮੁਸ਼ਕਲਾਂ ਆਈਆਂ ਹਨ, ਉਹ ਹੋਰਾਂ ਨੂੰ ਨਾ ਆਉਣ। ਇਸੇ ਕਾਰਨ ਬੱਚਿਆਂ ਨੂੰ ਸਿਖਲਾਈ ਦੇਣ ਲਈ ਅਕਾਦਮੀ ਖੋਲ੍ਹੀ ਹੈ। ਇਹ ਅਕਾਦਮੀ ਅਪ੍ਰੈਲ 2019 ਵਿਚ ਚੰਡੀਗੜ੍ਹ ਦੇ ਸੈਕਟਰ-21 'ਚ ਖੋਲ੍ਹੀ ਗਈ ਹੈ। ਇਸ ਅਕਾਦਮੀ ਦਾ ਨਾਂ 'ਸਰਤਾਜ ਬਾਸਕਿਟਬਾਲ ਅਕਾਦਮੀ' ਹੈ। ਇਸ ਤੋਂ ਇਲਾਵਾ ਇਕ ਹੋਰ ਅਕਾਦਮੀ ਖਰੜ ਵਿਖੇ ਵੀ ਹੈ। ਇਨ੍ਹਾਂ ਦੋਹਾਂ ਅਕਾਦਮੀਆਂ 'ਚ ਕੁਲ 200 ਬੱਚੇ ਸਿਖਲਾਈ ਲੈਂਦੇ ਹਨ। ਇਨ੍ਹਾਂ ਬੱਚਿਆਂ 'ਚੋਂ 10 ਨੂੰ ਸਰਬਿਆ ਵਿਖੇ ਟ੍ਰੇਨਿੰਗ ਦਿਵਾਉਣ ਲਈ ਲਿਜਾਇਆ ਜਾ ਰਿਹਾ ਹੈ।"