ਬਾਦਲਾਂ ਨੂੰ ਰਾਜਨੀਤੀ 'ਚੋਂ ਬਾਹਰ ਕਰਨ ਲਈ ਪੰਥਕ ਧਿਰਾਂ ਨੇ ਸਿਆਸੀ ਬਦਲ ਖੜਾ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਰਗਾੜੀ ਇਨਸਾਫ਼ ਮੋਰਚਾ ਬਣਿਆ ਅੰਡਰਗਰਾਊਂਡ ਸਿਆਸੀ ਗਤੀਵਿਧੀਆਂ ਦਾ ਕੇਂਦਰ

Parkash Singh Badal

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਘਾਗ ਸਿਆਸਤਦਾਨ ਵਜੋਂ ਜਾਣੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੀ ਰਾਜਨੀਤੀ ਵਿਚੋਂ ਪੈਰ ਉਖੜੇ ਗਏ ਹਨ। ਬਾਦਲ ਦੇ ਜਿਊਂਦੇ ਜੀਅ ਸ਼੍ਰੋਮਣੀ ਅਕਾਲੀ ਦਲ ਦੇ ਜੁੜੇ ਰਹਿਣ ਦੇ ਅੰਦਾਜ਼ੇ ਗ਼ਲਤ ਸਿੱਧ ਹੋ ਗਏ ਹਨ ਅਤੇ ਪੁੱਤਰ ਸੁਖਬੀਰ ਸਿੰਘ ਲਈ ਦਲ  ਅੰਦਰ ਬਗ਼ਾਵਤ ਖੜੀ ਨਾ ਹੋਣ ਦੀਆਂ ਕਿਆਸ ਅਰਾਈਆਂ ਦਮ ਤੋੜ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਹਾਸ਼ੀਏ ਤੋਂ ਬਾਹਰ ਹੁੰਦਿਆਂ ਹੀ ਪੰਥਕ ਧਿਰਾਂ ਨੇ ਸਿਆਸੀ ਮੰਚ ਖੜਾ ਕਰ ਲਿਆ ਹੈ ਅਤੇ ਅਗਲੇ ਦਿਨੀਂ ਬਾਦਲਾਂ ਦਾ ਤਕੜਾ ਬਦਲ ਸਾਹਮਣੇ ਆਉਣ ਦੀ ਪੂਰੀ ਸੰਭਾਵਨਾ ਬਣ ਗਈ ਹੈ। 

ਬਰਗਾੜੀ ਇਨਸਾਫ਼ ਮੋਰਚਾ, ਬਾਦਲਾਂ ਵਿਰੁਧ ਅੰਡਰਗਰਾਊਂਡ ਗਤੀਵਿਧੀਆਂ ਦਾ ਕੇਂਦਰ ਨਹੀਂ ਬਣਿਆ ਹੋਇਆ ਹੈ ਸਗੋਂ ਅਕਾਲੀ ਦਲ ਹੱਥੋਂ 'ਤਾਕਤ' ਖੋਹਣ ਲਈ ਵੀ ਦ੍ਰਿੜ ਹੈ। ਬਹਿਬਲ ਕਲਾਂ ਗੋਲੀ ਕਾਂਡ ਦੀ 7 ਅਕਤੂਬਰ ਨੂੰ ਤੀਜੀ ਬਰਸੀ ਮੌਕੇ ਸੱਤ ਦੀ ਰੈਲੀ ਤੋਂ ਵੱਡਾ ਇਕੱਠ ਕਰਨ ਲਈ ਤਿਆਰੀਆਂ ਚਲ ਰਹੀਆਂ ਹਨ ਅਤੇ 15 ਅਕਤੂਬਰ ਨੂੰ ਪੰਥਕ ਅਸੈਂਬਲੀ ਦੇ ਨੇਤਾਵਾਂ ਨਾਲ ਗਠਜੋੜ ਲਈ ਮੀਟਿੰਗ ਰੱਖੀ ਗਈ ਹੈ। ਸਰਬੱਤ ਖ਼ਾਲਸਾ ਨਾਲ ਸਬੰਧਤ ਧਿਰ ਅਕਾਲੀ ਦਲ ਨੂੰ ਖ਼ਤਮ ਕਰਨ ਲਈ ਸਿਰ ਜੋੜਨ ਤੋਂ ਬਾਅਦ ਇਨ੍ਹਾਂ ਦਾ ਆਮ ਆਦਮੀ ਪਾਰਟੀ ਦੇ ਬਾਗ਼ੀ ਨੇਤਾ ਸੁਖਪਾਲ ਸਿੰਘ ਖਹਿਰਾ ਨਾਲ ਸਿਆਸੀ ਗਠਜੋੜ ਹੋ ਚੁੱਕਾ ਹੈ।

ਅਕਾਲੀ ਦਲ 1920 ਨੇ ਯੂਨਾਈਟਡ ਅਕਾਲੀ ਦਲ ਨੂੰ ਇਨਸਾਫ਼ ਮੋਰਚਾ ਤੋਂ ਵੱਖ ਕਰ ਕੇ ਨਹੀਂ ਵੇਖਿਆ ਜਾ ਰਿਹਾ। ਭਾਈ ਜਗਤਾਰ ਸਿੰਘ ਹਵਾਰਾ ਦੇ ਹੁਕਮਾਂ 'ਤੇ ਗਠਤ ਵਰਲਡ ਸਿੱਖ ਪਾਰਲੀਮੈਂਟ ਵੀ ਬਾਦਲ ਵਿਰੁਧ ਬਦਲ ਦਾ ਹਿਸਾ ਬਣ ਚੁੱਕੀ ਹੈ। ਅਕਾਲੀ ਦਲ ਤੋਂ ਨਾਰਾਜ਼ ਚਲ ਰਹੇ ਨੇਤਾਵਾਂ ਨਾਲ ਵੀ ਇਨਸਾਫ਼ ਮੋਰਚਾ ਦੇ ਆਗੂਆਂ ਦਾ ਤਾਲਮੇਲ ਬੈਠ ਗਿਆ ਹੈ। ਇਨਸਾਫ਼ ਮੋਰਚਾ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ, ਸੰਤ ਸਮਾਜ ਦੇ ਬਾਬਾ ਸਰਵਜੋਤ ਸਿੰਘ ਬੇਦੀ ਦਾ ਬਰਗਾੜੀ ਗੇੜੇ ਨੂੰ ਨਵੀਆਂ ਰਾਜਨੀਤਕ ਗਤੀਵਿਧੀਆਂ ਤੋਂ ਅੱਡ ਕਰ ਕੇ ਨਹੀਂ ਵੇਖਿਆ ਜਾ ਰਿਹਾ ਹੈ।

ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਇਨਸਾਫ਼ ਮੋਰਚਾ ਨੇ ਅਪਣਾ 'ਕਾਂਟਾ' ਬਦਲ ਲਿਆ ਹੈ ਅਤੇ ਸਿੱਖ ਮੰਗਾਂ ਤੇ ਸਿਆਸੀ ਗਤੀਵਿਧੀਆਂ ਜਾਰੀ ਹੋ ਚੁਕੀਆਂ ਹਨ। 
ਇਨਸਾਫ਼ ਮੋਰਚੇ ਦੇ ਉੱਚ ਭਰੋਸੇਯੋਗ ਸੂਤਰ ਦਸਦੇ ਹਨ ਕਿ ਪਹਿਲੇ ਹੱਲੇ ਵਿਚ ਅਕਾਲੀ ਦਲ ਬਾਦਲ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਕਬਜ਼ਾ ਖੋਹਣ ਦਾ ਟੀਚਾ ਰਖਿਆ ਗਿਆ ਹੈ। ਉਨ੍ਹਾਂ ਤੋਂ ਬਾਅਦ ਇਸ ਨੂੰ ਪੰਜਾਬ ਦੇ ਸਿਆਸੀ ਮੈਦਾਨ ਵਿਚੋਂ ਬਾਹਰ ਕਰਨਾ ਹੈ। 

ਸੂਤਰਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਨਵਗਠਤ ਸਿਆਸੀ ਧਿਰ ਦਾ ਕਾਂਗਰਸ ਪਾਰਟੀ ਨਾਲ ਕੋਈ ਸਿੱਧਾ ਟਕਰਾਅ ਨਹੀਂ ਹੈ ਪਰ ਪੰਜਾਬ ਸਰਕਾਰ ਉਤੇ ਤਿੰਨ ਸਿੱਖ ਮੰਗਾਂ ਮਨਵਾਉਣ ਤਕ ਇਨਸਾਫ਼ ਮੋਰਚਾ ਢਿੱਲਾ ਨਹੀਂ ਪੈਣ ਦਿਤਾ ਜਾਵੇਗਾ। ਸੂਤਰਾਂ ਦਾ ਇਹ ਵੀ ਦਾਅਵਾ ਹੈ ਕਿ ਮੌਜੂਦਾ ਬਣ ਚੁੱਕੇ ਸਿਆਸੀ ਹਾਲਾਤ ਵਿਚ ਅਕਾਲੀਆਂ ਦੇ ਨਾਂ ਤਾਂ ਮੁੜ ਤੋਂ ਪੈਰ ਲਗਣੇ ਸੰਭਵ ਰਹੇ ਹਨ ਅਤੇ ਨਾ ਹੀ ਪੰਜਾਬ ਸਰਕਾਰ ਲਈ ਸੰਘਰਸ਼ ਨੂੰ ਅੱਖੋਂ-ਪਰੋਖੇ ਕਰਨਾ ਆਸਾਨ ਰਿਹਾ ਹੈ।

ਇਨਸਾਫ਼ ਮੋਰਚਾ ਦੇ ਇਕ ਪਹਿਲੀ ਕਤਾਰ ਦੇ ਨੇਤਾ ਨੇ ਅਪਣਾ ਨਾਂ ਨਾ ਛਾਪਣ ਦੀ ਸ਼ਰਤ ਤੇ ਦਸਿਆ ਕਿ ਨਵੇਂ ਸਿਆਸੀ ਮੰਚ ਤੇ ਜੁੜਨ ਵਾਸਤੇ ਪੰਥਕ ਅਸੈਂਬਲੀ, ਵਰਲਡ ਸਿੱਖ ਪਾਰਲੀਮੈਂਟ, ਅਕਾਲੀ ਦਲ 1920, ਯੂਨਾਈਟਡ ਅਕਾਲੀ ਦਲ, ਦਲ ਖ਼ਾਲਸਾ, ਖਹਿਰਾ ਧੜਾ ਆਦਿ ਦੀ ਸਹਿਮਤੀ ਬਣ ਚੁੱਕੀ ਹੈ ਅਤੇ ਅਗਲੇ ਦਿਨੀਂ ਹੋਰ ਵੱਡਾ ਹੁੰਗਾਰਾ ਮਿਲਣ ਦੇ ਸੰਕੇਤ ਹਨ। ਮੋਰਚੇ ਦੇ ਨੇਤਾ ਨੇ ਸਪੱਸ਼ਟ ਕੀਤਾ ਕਿ ਇਸ ਵਾਰ ਸਿੱਖ ਆਗੂਆਂ ਦੇ ਰਲ ਕੇ ਲੰਮਾ ਸਮਾਂ ਨਾ ਚਲਣ ਦਾ ਭੁਲੇਖਾ ਦੂਰ ਕਰ ਦਿਤਾ ਜਾਵੇਗਾ। 

Related Stories