ਫ਼ਰਜ਼ੀ ਨਿਯੁਕਤੀ ਪੱਤਰ 'ਤੇ 7 ਸਾਲ ਕੀਤੀ ਨੌਕਰੀ, ਪਰਚਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਧਿਆਪਕਾ ਦੀਆਂ ਸੇਵਾਵਾਂ ਵੀ ਕੀਤੀਆਂ ਪੱਕੀਆਂ ਅਤੇ ਪੀ.ਐਫ਼ ਵੀ ਕਟਦਾ ਰਿਹਾ

Served 7 years job on fake appointment letter, Case registered

ਮੋਗਾ : ਵਿਜੀਲੈਂਸ ਬਿਊਰੋ ਮੋਹਾਲੀ ਨੇ ਫ਼ਰਜ਼ੀ ਨਿਯੁਕਤੀ ਪੱਤਰ 'ਤੇ 7 ਸਾਲ ਨੌਕਰੀ ਕਰਨ ਦੇ ਮਾਮਲੇ 'ਚ ਤਿੰਨ ਸਾਲ ਦੀ ਲੰਮੀ ਜਾਂਚ ਤੋਂ ਬਾਅਦ ਅਧਿਆਪਕਾ ਹਰਿੰਦਰ ਕੌਰ, ਉਸ ਸਮੇਂ ਦੇ ਸੁਪਰੀਟੈਂਡੈਂਟ ਮੰਗਲ ਦਾਸ ਗਰੋਵਰ, ਡੀਈਓ ਫ਼ਿਰੋਜ਼ਪੁਰ ਦੇ ਉਸ ਸਮੇਂ ਦੇ ਸੀਨੀਅਰ ਸਹਾਇਕ ਦਰਸ਼ਨ ਸਿੰਘ ਵਿਰੁਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਦਿਤਾ ਹੈ।

ਇਹ ਮਾਮਲਾ ਲੁਧਿਆਣਾ, ਫ਼ਿਰੋਜ਼ਪੁਰ ਤੇ ਮੋਗਾ ਜ਼ਿਲ੍ਹਾ ਨਾਲ ਸਬੰਧਤ ਹੈ, ਜਿਸ ਦਾ ਮਾਸਟਰਮਾਈਂਡ ਸੁਪਰੀਟੈਂਡੈਂਟ ਡੀਈਓ ਦਫ਼ਤਰ ਮੋਗਾ ਤੋਂ ਰਿਟਾਇਰ ਹੋ ਚੁੱਕਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਡੀਪੀਆਈ ਪੰਜਾਬ ਚੰਡੀਗੜ੍ਹ ਨੇ ਫ਼ਰਜ਼ੀ ਨਿਯੁਕਤੀ ਪੱਤਰ 'ਤੇ ਨੌਕਰੀ ਕਰਨ ਵਾਲੀ ਅਧਿਆਪਕਾ ਦੀਆਂ ਸੇਵਾਵਾਂ ਵੀ ਰੈਗੂਲਰ ਕਰ ਦਿਤੀਆਂ ਸਨ। ਉਸ ਦਾ ਸਰਵਿਸ ਦੌਰਾਨ ਪੀਐੱਫ਼ ਵੀ ਕਟਿਆ ਜਾਂਦਾ ਰਿਹਾ। ਮਾਮਲੇ ਦੇ ਖੁਲਾਸੇ ਤੋਂ ਬਾਅਦ ਮੁਲਜ਼ਮਾਂ ਵਲੋਂ ਡੀਈਓ ਫ਼ਿਰੋਜ਼ਪੁਰ ਤੇ ਡੀਪੀਆਈ (ਸੀਨੀਅਰ ਸੈਕੰਡਰੀ) ਚੰਡੀਗੜ੍ਹ ਦਫ਼ਤਰ ਤੋਂ ਅਧਿਆਪਕਾ ਦੀ ਨਿਯੁਕਤੀ ਤੇ ਉਸ ਨੂੰ ਰੈਗੂਲਰ ਕਰਨ ਨਾਲ ਸਬੰਧਤ ਪੂਰਾ ਰਿਕਾਰਡ ਹੀ ਗ਼ਾਇਬ ਕਰ ਦਿਤਾ ਗਿਆ।

ਵਿਜੀਲੈਂਸ ਬਿਊਰੋ ਦੇ ਸਹਾਇਕ ਇੰਸਪੈਕਟਰ (ਜਨਰਲ) ਆਸ਼ੀਸ਼ ਕਪੂਰ ਨੇ ਦਸਿਆ ਕਿ ਮੁਲਜ਼ਮ ਵਿਰੁਧ ਮੁਢਲੀ ਜਾਂਚ ਤੋਂ ਬਾਅਦ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿਤੀ ਗਈ ਹੈ। ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਐਫ਼ਆਈਆਰ ਮੁਤਾਬਿਕ ਅਧਿਆਪਕ ਹਰਿੰਦਰ ਕੌਰ 'ਤੇ ਦੋਸ਼ ਹੈ ਕਿ ਉਸ ਨੇ ਡੀਪੀਆਈ (ਸੀਨੀਅਰ ਸੈਕੰਡਰੀ) ਦਫ਼ਤਰ ਵਲੋਂ 24 ਅਗੱਸਤ, 2009 ਨੂੰ ਲੁਧਿਆਣਾ ਜ਼ਿਲ੍ਹੇ 'ਚ ਤਾਇਨਾਤੀ ਲਈ ਜਾਅਲੀ ਨਿਯੁਕਤੀ ਪੱਤਰ ਤਿਆਰ ਕੀਤਾ ਸੀ। ਬਾਅਦ 'ਚ ਕਿਸੇ ਕਾਰਨ 23 ਨਵੰਬਰ, 2009 ਨੂੰ ਲੁਧਿਆਣਾ 'ਚ ਨਿਯੁਕਤੀ ਪੱਤਰ 'ਤੇ ਕਿਸੇ ਤਰ੍ਹਾਂ ਦੀ ਨਿਯੁਕਤੀ ਨਾ ਹੋਣ ਦੀ ਗੱਲ ਲਿਖਵਾ ਕੇ ਉਸ 'ਤੇ ਲੁਧਾਣਾ ਡੀਈਓ ਦਫ਼ਤਰ ਦਾ ਅਸਲੀ ਦਸਤੀ ਨੰਬਰ ਪੁਆ ਲਿਆ ਸੀ।