ਬਾਦਲਾਂ ਨੂੰ ਸੰਮਨ ਭੇਜਣ 'ਚ ਸਾਡਾ ਕੋਈ ਦਖ਼ਲ ਨਹੀਂ : ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਸਾਲ 2015 ਵਿਚ ਵਾਪਰੀਆਂ ਬੇਅਦਬੀ ਅਤੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਦੀ ਪੜਤਾਲ ਲਈ ਬਣਾਈ ਗਈ.........

No interference in sending summons to the Badals : Captain

ਸੰਗਰੂਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਸਾਲ 2015 ਵਿਚ ਵਾਪਰੀਆਂ ਬੇਅਦਬੀ ਅਤੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਦੀ ਪੜਤਾਲ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵਲੋਂ ਬਾਦਲਾਂ ਅਤੇ ਫ਼ਿਲਮ ਅਦਾਕਾਰ ਅਕਸ਼ੈ ਕੁਮਾਰ ਨੂੰ ਸੰਮਨ ਜਾਰੀ ਕਰਨ ਵਿਚ ਉਨ੍ਹਾਂ ਦੀ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ। ਸੰਗਰੂਰ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਦੇ ਉਦਘਾਟਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਆਖਿਆ ਕਿ ਵਿਸ਼ੇਸ਼ ਜਾਂਚ ਟੀਮ ਆਜ਼ਾਦ ਏਜੰਸੀ ਹੈ ਜੋ ਸਰਕਾਰ ਦੇ ਕਿਸੇ ਕਿਸਮ ਦੇ ਦਖ਼ਲ ਤੋਂ ਬਿਨਾਂ ਕੰਮ ਕਰ ਰਹੀ ਹੈ।

ਮੁੱਖ ਮੰਤਰੀ ਨੇ ਆਖਿਆ ਕਿ ਵਿਧਾਨ ਸਭਾ ਵਿਚ ਸਰਬਸੰਮਤੀ ਨਾਲ ਹੋਏ ਫ਼ੈਸਲੇ ਤਹਿਤ ਐਸ.ਆਈ.ਟੀ. ਦਾ ਗਠਨ ਕਰਨਾ ਉਨ੍ਹਾਂ ਦੀ ਸਰਕਾਰ ਦਾ ਕੰਮ ਸੀ ਜੋ ਉਨ੍ਹਾਂ ਨੇ ਕਰ ਦਿਤਾ ਹੈ ਅਤੇ ਹੁਣ ਪੜਤਾਲ ਦੀ ਜ਼ਿੰਮੇਵਾਰੀ ਐਸ.ਆਈ.ਟੀ. ਦੇ ਮੋਢਿਆਂ 'ਤੇ ਹੈ। ਮੁੱਖ ਮੰਤਰੀ ਨੇ ਮੰਡੀਆਂ ਵਿਚ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਚੁੱਕਣ ਲਈ ਅਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਖਪਤਕਾਰ ਮਾਮਲਿਆਂ, ਖ਼ੁਰਾਕ ਅਤੇ ਜਨਤਕ ਵੰਡ ਬਾਰੇ ਕੇਂਦਰੀ ਮੰਤਰੀ ਨੂੰ ਪਹਿਲਾਂ ਹੀ ਪੱਤਰ ਲਿਖ ਕੇ ਨਮੀ ਦੀ ਮਾਤਰਾ ਦਾ ਮਾਮਲਾ ਹੱਲ ਕਰਨ ਲਈ ਆਖਿਆ ਹੈ।

ਉਨ੍ਹਾਂ ਕਿਹਾ ਕਿ ਵਾਢੀ ਤੋਂ ਪਹਿਲਾਂ ਬੇਰੁੱਤਾ ਅਤੇ ਭਾਰੀ ਮੀਂਹ ਪੈਣ ਨਾਲ ਇਹ ਸਮੱਸਿਆ ਪੈਦਾ ਹੋਈ ਹੈ। ਮੁੱਖ ਮੰਤਰੀ ਨੇ ਦਸਿਆ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਲਿਖੇ ਪੱਤਰ ਵਿਚ ਝੋਨੇ ਦੀ ਸੁਕਾਈ ਵਜੋਂ ਘੱਟੋ ਘੱਟ ਸਮਰਥਨ ਮੁੱਲ 'ਤੇ ਇਕ ਦੀ ਬਜਾਏ 2 ਫ਼ੀ ਸਦੀ ਛੋਟ ਦੇਣ ਦੀ ਮੰਗ ਕੀਤੀ ਸੀ ਤਾਕਿ ਸਾਉਣੀ ਰੁੱਤ ਦੀ ਬਾਕੀ ਰਹਿੰਦੀ ਖ਼ਰੀਦ ਬਿਨਾਂ ਕਿਸੇ ਦਿੱਕਤ ਅਤੇ ਨਿਰਵਿਘਨ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਛੇਤੀ ਹੀ 588 ਡਾਕਟਰਾਂ ਦੀ ਤਾਇਨਾਤੀ ਕੀਤੀ ਜਾਵੇਗੀ।

ਅਧਿਆਪਕਾਂ ਦੇ ਪ੍ਰਦਰਸ਼ਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਅਧਿਆਪਕਾਂ ਨੂੰ ਢੁਕਵੀਂ ਪੇਸ਼ਕਸ਼ ਕੀਤੀ ਸੀ ਕਿ ਜਾਂ ਤਾਂ ਉਹ ਪ੍ਰੋਬੇਸ਼ਨਰਾਂ ਵਜੋਂ ਰੈਗੂਲਰ ਨੌਕਰੀ 'ਤੇ ਹਾਜ਼ਰ ਹੋਣ ਜਾਂ ਫਿਰ ਠੇਕੇ ਦੇ ਆਧਾਰ 'ਤੇ ਸੇਵਾਵਾਂ ਜਾਰੀ ਰੱਖਣ। ਉਨ੍ਹਾਂ ਕਿਹਾ ਕਿ ਇਸ ਪੇਸ਼ਕਸ਼ ਨੂੰ ਪ੍ਰਵਾਨ ਜਾਂ ਰੱਦ ਕਰਨਾ ਹੁਣ ਅਧਿਆਪਕਾਂ 'ਤੇ ਨਿਰਭਰ ਹੈ। ਯੋਗ ਨੌਜਵਾਨਾਂ ਨੂੰ ਸਮਾਰਟ ਫ਼ੋਨ ਦੇਣ ਦੇ ਚੋਣ ਵਾਅਦੇ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਬਾਰੇ ਟੈਂਡਰਿੰਗ ਪ੍ਰਕ੍ਰਿਆ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਫ਼ੋਨ ਵੰਡਣੇ ਛੇਤੀ ਹੀ ਸ਼ੁਰੂ ਕੀਤੇ ਜਾਣਗੇ।

ਮੈਂ ਕਦੇ ਵੀ ਗੁਰਮੀਤ ਰਾਮ ਰਹੀਮ ਨੂੰ ਨਹੀਂ ਮਿਲਿਆ : ਅਕਸ਼ੇ ਕੁਮਾਰ

ਤਰਨਤਾਰਨ : ਫ਼ਿਲਮੀ ਅਦਾਕਾਰ ਅਕਸ਼ੇ ਕੁਮਾਰ ਨੇ ਦੁਹਰਾਇਆ ਹੈ ਕਿ ਉਹ ਕਦੇ ਵੀ ਗੁਰਮੀਤ ਰਾਮ ਰਹੀਮ ਨੂੰ ਨਹੀਂ ਮਿਲਿਆ। ਟਵਿਟਰ 'ਤੇ ਅਕਸ਼ੇ ਕੁਮਾਰ ਨੇ ਕਿਹਾ, 'ਮੈਂ ਅਪਣੀ ਜ਼ਿੰਦਗੀ ਵਿਚ ਕਦੇ ਵੀ ਰਾਮ ਰਹੀਮ ਨੂੰ ਨਹੀਂ ਮਿਲਿਆ। ਮੈਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ ਗੁਰਮੀਤ ਰਾਮ ਰਹੀਮ ਮੇਰੇ ਇਲਾਕੇ ਜੁਹੂ ਵਿਚ ਕੁੱਝ ਸਮਾਂ ਰਿਹਾ ਪਰ ਸਾਡੇ ਰਸਤੇ ਕਦੇ ਵੀ ਇਕ ਦੂਜੇ ਤੋਂ ਹੋ ਕੇ ਨਹੀਂ ਗੁਜ਼ਰੇ।' ਉਸ ਨੇ ਕਿਹਾ,'ਕੁੱਝ ਸਾਲਾਂ ਤੋਂ ਮੈਂ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਫ਼ਿਲਮਾਂ ਬਣਾ ਕੇ ਪਰਮੋਟ ਕਰ ਰਿਹਾ ਹਾਂ ਅਤੇ ਸਿੱਖ ਧਰਮ ਦੇ ਅਮੀਰ ਇਤਿਹਾਸ ਅਤੇ ਕਦਰਾਂ-ਕੀਮਤਾਂ ਨੂੰ ਪਰਮੋਟ ਕਰਨ ਲਈ ਸਿੰਘ ਇਜ਼ ਕਿੰਗ ਅਤੇ ਸਾਰਾਗੜ੍ਹੀ ਦੀ ਜੰਗ 'ਤੇ

ਆਧਾਰਤ ਕੇਸਰੀ ਵਰਗੀਆਂ ਫ਼ਿਲਮਾਂ ਬਣਾਈਆਂ ਹਨ।' ਉਸ ਨੇ ਕਿਹਾ, 'ਮੈਨੂੰ ਪੰਜਾਬੀ ਹੋਣ 'ਤੇ ਮਾਣ ਹੈ ਅਤੇ ਸਿੱਖ ਧਰਮ ਵਿਚ ਅਥਾਹ ਸ਼ਰਧਾ ਹੈ। ਮੈਂ ਕਦੇ ਵੀ ਕੁੱਝ ਅਜਿਹਾ ਨਹੀਂ ਕਰਾਂਗਾ ਜਿਸ ਨਾਲ ਪੰਜਾਬੀ ਭੈਣ ਭਰਾਵਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਜਿਨ੍ਹਾਂ ਤੋਂ ਮੈਨੂੰ ਹਮੇਸ਼ਾ ਪਿਆਰ ਤੇ ਸਨਮਾਨ ਮਿਲਿਆ ਹੈ।' ਸਾਬਕਾ ਮੈਂਬਰ ਪਾਰਲੀਮੈਟ ਰਾਜਦੇਵ ਸਿੰਘ ਖ਼ਾਲਸਾ ਲਗਾਤਾਰ  ਕਹਿੰਦੇ ਆ ਰਹੇ ਹਨ ਕਿ ਡੇਰਾ ਮੁਖੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੀਟਿੰਗ ਅਕਸ਼ੇ ਕੁਮਾਰ ਦੇ ਜੁਹੂ ਵਾਲੇ ਬੰਗਲੇ ਵਿਚ ਹੋਈ ਸੀ ਅਤੇ ਇਥੇ ਹੀ ਡੇਰਾ ਮੁਖੀ ਨੂੰ ਮੁਆਫ਼ ਕਰਨ ਦਾ ਫ਼ੈਸਲਾ ਲਿਆ ਗਿਆ ਸੀ।  

ਅਸੀਂ ਟਵੀਟ ਦਾ ਕੀ ਕਰਨੈਂ, ਅਸੀਂ ਤਾਂ ਅਕਸ਼ੇ ਨੂੰ ਸਵਾਲ ਕਰਨੇ ਹਨ : ਕੁੰਵਰ ਵਿਜੇ ਪ੍ਰਤਾਪ

ਚੰਡੀਗੜ੍ਹ  : ਬਰਗਾੜੀ ਕਾਂਡ ਦੀ ਜਾਂਚ ਲਈ ਬਣੀ ਟੀਮ ਦੇ ਮੁਖੀ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅਕਸ਼ੇ ਕੁਮਾਰ ਦੇ ਬਿਆਨ ਬਾਰੇ ਕਿਹਾ ਕਿ ਉਨ੍ਹਾਂ ਕੋਲ ਅਜਿਹਾ ਕੋਈ ਅਧਿਕਾਰਤ ਸਪੱਸ਼ਟੀਕਰਨ ਨਹੀਂ ਆਇਆ। ਉਨ੍ਹਾਂ ਕਿਹਾ, 'ਅਸੀਂ ਟਵੀਟ ਦਾ ਕੀ ਕਰਨਾ ਹੈ। ਅਸੀਂ ਤਾਂ ਅਕਸ਼ੇ ਨੂੰ ਕੁੱਝ ਸਵਾਲ ਕਰਨੇ ਹਨ।' ਅਕਸ਼ੇ ਕੁਮਾਰ ਨੇ ਟਵਿਟਰ 'ਤੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਰਾਮ ਰਹੀਮ ਨਾਮ ਦੇ ਵਿਅਕਤੀ ਨਾਲ ਉਸ ਦੀ ਗੱਲਬਾਤ ਦੀਆਂ ਅਫ਼ਵਾਹਾਂ ਫੈਲ ਰਹੀਆਂ ਹਨ।

Related Stories