ਮੌੜ ਮੰਡੀ ਬੰਬ ਧਮਾਕਾ ਮਾਮਲੇ ਚ ਹਾਈਕੋਰਟ ਵਲੋਂ ਸਟੇਟਸ ਰਿਪੋਰਟ ਤਲਬ
ਪੰਜਾਬ ਵਿਧਾਨ ਸਭਾ ਚੋਣਾਂ 2017 ਦੌਰਾਨ ਮੌੜ ਮੰਡੀ ਵਿਖੇ ਹੋਏ ਬੰਬ ਧਮਾਕੇ ਚ ਹਾਈਕੋਰਟ ਨੇ ਅੱਜ ਸਟੇਟਸ ਰਿਪੋਰਟ...
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬ ਵਿਧਾਨ ਸਭਾ ਚੋਣਾਂ 2017 ਦੌਰਾਨ ਮੌੜ ਮੰਡੀ ਵਿਖੇ ਹੋਏ ਬੰਬ ਧਮਾਕੇ ਚ ਹਾਈਕੋਰਟ ਨੇ ਅੱਜ ਸਟੇਟਸ ਰਿਪੋਰਟ ਤਲਬ ਕਰ ਲਈ ਹੈ। ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਦੀ ਵਿਸ਼ੇਸ ਜਾਂਚ ਟੀਮ ਕਰ ਰਹੀ ਹੈ ਅਤੇ ਬੈਂਚ ਨੇ ਟੀਮ ਮੁਖੀ ਆਈਪੀਐਸ ਆਰ ਐਸ ਖੱਟੜਾ ਕੋਲੋਂ ਸਟੇਟਸ ਰਿਪੋਰਟ ਮੰਗੀ ਗਈ ਹੈ।
ਦਸਣਯੋਗ ਹੈ ਕਿ ਇਹ ਬੰਬ ਧਮਾਕਾ ਕਾਂਗਰਸੀ ਉਮੀਦਵਾਰ ਅਤੇ ਡੇਰਾ ਸਿਰਸਾ ਮੁਖੀ ਦੇ ਕੁੜਮ ਹਰਮਿੰਦਰ ਸਿੰਘ ਜਸੀ ਦੇ ਚੋਣ ਜਲਸੇ ਦੌਰਾਨ ਹੋਇਆ ਸੀ ਜਿਸ ਚ ਸੱਤ ਜਣੇ ਮਾਰੇ ਗਏ ਸਨ। ਮਰਨ ਵਾਲਿਆਂ ਚ ਸ਼ਾਮਿਲ ਦੋ ਬੱਚਿਆਂ ਦੇ ਮਾਪਿਆਂ ਨੇ ਐਡਵੋਕੇਟ ਨਵਕਿਰਨ ਸਿੰਘ ਰਾਹੀਂ ਇਹ ਪਟੀਸ਼ਨ ਦਾਇਰ ਕਰ ਨਿਰਪੱਖ ਅਤੇ ਛੇਤੀ ਜਾਂਚ ਦੀ ਮੰਗ ਕੀਤੀ ਗਈ ਹੈ।
ਡੇਰਾ ਪ੍ਰੇਮੀਆਂ ਦੇ ਇਸ ਮਾਮਲੇ ਚ ਸ਼ੱਕੀ ਹੋਣ ਕਰਕੇ ਇਹ ਮਾਮਲਾ ਕਾਫੀ ਅਹਿਮ ਬਣ ਚੁੱਕਾ ਹੈ। ਆਸ਼ਰਿਤਾਂ ਨੇ ਬਿਹਤਰ ਮੁਆਵਜੇ ਅਤੇ ਸਰਕਾਰੀ ਨੌਕਰੀ ਦੀ ਵੀ ਮੰਗ ਇਸ ਪਟੀਸ਼ਨ ਰਾਹੀਂ ਰੱਖੀ ਹੈ। ਅਗਲੀ ਸੁਣਵਾਈ 15 ਦਸੰਬਰ ਨੂੰ ਹੋਵੇਗੀ।