ਫ਼ਾਰਮੇਸੀ ਅਫ਼ਸਰਾਂ ਦੀਆਂ ਖ਼ਾਲੀ ਆਸਾਮੀਆਂ ਛੇਤੀ ਭਰੀਆਂ ਜਾਣਗੀਆਂ : ਬਲਬੀਰ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਰਾਜ ਫ਼ਾਰਮੇਸੀ ਐਸੋਸੀਏਸ਼ਨ ਦਾ ਵਫ਼ਦ ਨਰਿੰਦਰ ਮੋਹਨ ਸ਼ਰਮਾ ਦੀ ਅਗਵਾਈ ਹੇਠ ਸਿਹਤ ਮੰਤਰੀ ਨੂੰ ਦਫ਼ਤਰ ਡਾਇਰੈਕਟਰ ਸਿਹਤ ਤੇ ਪਰਵਾਰ ਭਲਾਈ ਵਿਭਾਗ, ਚੰਡੀਗੜ੍ਹ ਵਿਖੇ ਮਿਲਿਆ।

Photo

ਐਸ.ਏ.ਐਸ. ਨਗਰ : ਪੰਜਾਬ ਰਾਜ ਫ਼ਾਰਮੇਸੀ ਐਸੋਸੀਏਸ਼ਨ ਦਾ ਵਫ਼ਦ ਨਰਿੰਦਰ ਮੋਹਨ ਸ਼ਰਮਾ ਦੀ ਅਗਵਾਈ ਹੇਠ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੂੰ ਦਫ਼ਤਰ ਡਾਇਰੈਕਟਰ ਸਿਹਤ ਤੇ ਪਰਵਾਰ ਭਲਾਈ ਵਿਭਾਗ, ਚੰਡੀਗੜ੍ਹ ਵਿਖੇ ਮਿਲਿਆ।

ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਰਵਿੰਦਰ ਲੂਥਰਾ ਨੇ ਦਸਿਆ ਕਿ ਮੀਟਿੰਗ ਵਿਚ ਫ਼ਾਰਮੇਸੀ ਆਫ਼ੀਸਰਜ਼ ਦੀਆਂ ਮੰਗਾਂ ਜਿਵੇਂ ਸਿਹਤ ਵਿਭਾਗ ਵਿਚ ਫ਼ਾਰਮੇਸੀ ਆਫ਼ੀਸਰਜ਼ ਦੀਆਂ ਖ਼ਾਲੀਆਂ ਆਸਾਮੀਆਂ ਨੂੰ ਤੁਰੰਤ ਰੈਗੂਲਰ ਆਧਾਰ 'ਤੇ ਭਰਨਾ, ਫ਼ਾਰਮੇਸੀ ਆਫ਼ੀਸਰਜ਼ ਸੀਨੀਅਰ ਆਫ਼ੀਸਰਜ਼ ਅਤੇ ਚੀਫ਼ ਫ਼ਾਰਮੇਸੀ ਆਫ਼ੀਸਰਜ਼ ਦੀਆਂ 442 ਆਸਾਮੀਆਂ ਦੀ ਰਚਨਾ ਕਰਨਾ, ਜੇਲ ਡਿਊਟੀ ਦੌਰਾਨ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਨਾ ਆਦਿ ਬਾਰੇ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਗੱਲਬਾਤ ਹੋਈ।

ਉਨ੍ਹਾਂ ਦਸਿਆ ਕਿ ਸਿਹਤ ਮੰਤਰੀ ਨੇ ਇਨ੍ਹਾਂ ਮੰਗਾਂ ਨੂੰ ਪੂਰੇ ਧਿਆਨ ਨਾਲ ਸੁਣਿਆ ਅਤੇ ਛੇਤੀ ਹੀ ਹੱਲ ਕਰਕੇ ਲਾਗੂ ਕਰਨ ਦਾ ਭਰੋਸਾ ਦਿਤਾ। ਬਲਬੀਰ ਸਿੰਘ ਸਿੱਧੂ ਨੇ ਭਰੋਸਾ ਦਿਤਾ ਕਿ ਫ਼ਾਰਮੇਸੀ ਅਫ਼ਸਰਾਂ ਦੀਆਂ ਖ਼ਾਲੀ ਆਸਾਮੀਆਂ ਛੇਤੀ ਭਰੀਆਂ ਜਾਣਗੀਆਂ। ਲੂਥਰਾ ਨੇ ਦਸਿਆ ਕਿ ਉਪਰੋਕਤ ਮੰਗਾਂ ਲਾਗੂ ਹੋਣ ਨਾਲ ਜਿਥੇ ਫ਼ਾਰਮੇਸੀ ਆਫ਼ੀਸਰਜ਼ ਨੂੰ ਵਧੇ ਬੋਝ ਤੋਂ ਰਾਹਤ ਮਿਲੇਗੀ, ਉਥੇ ਲੋਕਾਂ ਨੂੰ ਵੀ ਮਿਆਰੀ ਸਿਹਤ ਸਹੂਲਤਾਂ ਦਿਤੀਆਂ ਜਾ ਸਕਣਗੀਆਂ।

ਹੋਰ ਮੰਗਾਂ ਵਿਚ ਸਿਹਤ ਸੰਸਥਾਵਾਂ ਨੂੰ ਸਪਲਾਈ ਹੋਣ ਵਾਲੀਆਂ ਦਵਾਈਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ, ਡਾਕਟਰ ਦੀ ਗ਼ੈਰਹਾਜ਼ਰੀ ਵਿਚ ਦਵਾਈ ਲਿਖਣ ਦੇ ਅਧਿਕਾਰ ਤੇ ਟੈਲੀਫ਼ੋਨ 'ਤੇ ਮਸ਼ਵਰਾ ਲੈਣ ਦੀ ਸ਼ਰਤ ਖ਼ਤਮ ਕਰਨਾ ਆਦਿ ਸ਼ਾਮਲ ਸਨ।

ਮੀਟਿੰਗ ਵਿਚ ਡਾਇਰੈਕਟਰ ਸਿਹਤ ਵਿਭਾਗ ਡਾ. ਅਵਨੀਤ ਕੌਰ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਰੀਟਾ ਭਾਰਦਵਾਜ, ਓਐਸਡੀ ਡਾ. ਬਲਵਿੰਦਰ ਸਿੰਘ, ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਸਿਹਤ ਮੰਤਰੀ ਦੇ ਮੀਡੀਆ ਸਲਾਹਕਾਰ ਰੋਹਿਤ ਪਾਲ, ਰਾਜ ਕੁਮਾਰ ਸ਼ਰਮਾ, ਸੁਖਵਿੰਦਰਪਾਲ ਸ਼ਰਮਾ, ਕੁਲਭੂਸ਼ਣ ਸਿੰਗਲਾ, ਸੁਨੀਲ ਦੱਤ ਸ਼ਰਮਾ, ਸੀਸ਼ਨ ਕੁਮਾਰ ਅਤੇ ਬਲਰਾਜ ਸਿੰਘ ਆਦਿ ਆਗੂ ਵੀ ਮੌਜੂਦ ਸਨ।