ਪੰਜਾਬ 'ਚ ਹੁਣ ਦੁਕਾਨਾਂ ’ਤੇ ਵੀ ਮਿਲੇਗੀ ਸ਼ਰਾਬ, ਵੱਖ-ਵੱਖ ਸ਼ਹਿਰਾਂ 'ਚ ਖੁੱਲ੍ਹਣਗੀਆਂ ਸ਼ਰਾਬ ਦੀਆਂ 77 ਦੁਕਾਨਾਂ
ਨਵੀਂ ਆਬਕਾਰੀ ਨੀਤੀ ਤਹਿਤ ਲਿਆ ਗਿਆ ਫੈਸਲਾ, 1 ਅਪ੍ਰੈਲ ਤੋਂ ਲਾਗੂ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਠੇਕਿਆਂ ਤੋਂ ਇਲਾਵਾ ਸ਼ਹਿਰਾਂ ਵਿਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹੁਣ ਲੋਕ ਠੇਕਿਆਂ ’ਤੇ ਜਾਣ ਦੀ ਬਜਾਏ ਇਹਨਾਂ ਦੁਕਾਨਾਂ ਤੋਂ ਹੀ ਸ਼ਰਾਬ ਖਰੀਦ ਸਕਣਗੇ। 1 ਅਪ੍ਰੈਲ ਤੋਂ ਇਹਨਾਂ ਦੁਕਾਨਾਂ 'ਤੇ ਸ਼ਰਾਬ ਅਤੇ ਬੀਅਰ ਵੀ ਉਪਲਬਧ ਹੋਵੇਗੀ। ਨਵੀਂ ਆਬਕਾਰੀ ਨੀਤੀ ਤਹਿਤ ਇਹ ਫੈਸਲਾ ਉਹਨਾਂ ਲੋਕਾਂ ਨੂੰ ਧਿਆਨ 'ਚ ਰੱਖ ਕੇ ਲਿਆ ਗਿਆ ਹੈ ਜੋ ਸ਼ਰਾਬ ਦੀਆਂ ਦੁਕਾਨਾਂ 'ਤੇ ਜਾਣ ਤੋਂ ਗੁਰੇਜ਼ ਕਰਦੇ ਹਨ। ਪਹਿਲੇ ਪੜਾਅ ਵਿਚ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ 77 ਦੁਕਾਨਾਂ ਖੋਲ੍ਹੀਆਂ ਜਾਣਗੀਆਂ।
ਇਹ ਵੀ ਪੜ੍ਹੋ: ਜਾਅਲੀ ਕਰੰਸੀ ਬਣਾਉਣ ਵਾਲਾ ਗਿਰੋਹ ਚੜ੍ਹਿਆ ਖੰਨਾ ਪੁਲਿਸ ਅੜਿੱਕੇ
ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ 1 ਅਪ੍ਰੈਲ ਤੋਂ ਸ਼ਹਿਰਾਂ ਵਿਚ ਬੀਅਰ ਅਤੇ ਸ਼ਰਾਬ ਦੀਆਂ 77 ਦੁਕਾਨਾਂ ਖੋਲ੍ਹਣ ਜਾ ਰਹੀ ਹੈ। ਠੇਕਿਆਂ 'ਤੇ ਜਾਣ ਦੇ ਇੱਛੁਕ ਲੋਕ ਹੁਣ ਸ਼ਹਿਰ ਦੇ ਬਾਜ਼ਾਰਾਂ 'ਚ ਹੀ ਸ਼ਰਾਬ ਲੈ ਸਕਣਗੇ। ਉਹਨਾਂ ਕਿਹਾ ਕਿ ਇਹਨਾਂ ਦੁਕਾਨਾਂ ਦੇ ਖੁੱਲ੍ਹਣ ਨਾਲ ਸਰਕਾਰ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ। ਇਸ ਸਬੰਧੀ ਪੂਰੀ ਤਿਆਰੀ ਕਰ ਲਈ ਗਈ ਹੈ।
ਇਹ ਵੀ ਪੜ੍ਹੋ: ਉਡਾਣ ਦੌਰਾਨ ਮਹਿਲਾ ਯਾਤਰੀਆਂ ਨਾਲ ਬਦਸਲੂਕੀ ਦਾ ਮਾਮਲਾ: ਸਵਾਤੀ ਮਾਲੀਵਾਲ ਨੇ DGCA ਨੂੰ ਲਿਖਿਆ ਪੱਤਰ
ਦੱਸ ਦੇਈਏ ਕਿ ਚੰਡੀਗੜ੍ਹ ਵਿਚ ਠੇਕਿਆਂ ਤੋਂ ਇਲਾਵਾ ਸ਼ਰਾਬ ਦੀਆਂ ਦੁਕਾਨਾਂ ਪਹਿਲਾਂ ਹੀ ਖੁੱਲ੍ਹੀਆਂ ਹੋਈਆਂ ਹਨ। ਇਹਨਾਂ ਦੁਕਾਨਾਂ 'ਤੇ ਵਿਦੇਸ਼ੀ ਸਕੌਚ ਦੇ ਨਾਲ-ਨਾਲ ਬੀਅਰ ਵੀ ਉਪਲਬਧ ਹੈ। ਸੂਬੇ ਵਿਚ ਇਸ ਪ੍ਰਣਾਲੀ ਨੂੰ ਲਾਗੂ ਕਰਦਿਆਂ ਪੰਜਾਬ ਸਰਕਾਰ ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿਚ ਸ਼ਰਾਬ ਅਤੇ ਬੀਅਰ ਦੀਆਂ ਦੁਕਾਨਾਂ ਦੀ ਆਗਿਆ ਦੇਵੇਗੀ।
ਇਹ ਵੀ ਪੜ੍ਹੋ: ਆਸਟ੍ਰੇਲੀਆ ਦੇ ਰੇਗਿਸਤਾਨੀ ਇਲਾਕੇ ਵਿੱਚ ਵੱਸਿਆ ਅਨੋਖਾ ਸ਼ਹਿਰ, ਜ਼ਮੀਨ ਹੇਠਾਂ ਰਹਿੰਦੇ ਹਨ ਲੋਕ
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵੱਲੋਂ 8 ਮਾਰਚ ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਸਾਲ 2023-24 ਲਈ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਨਵੀਂ ਨੀਤੀ ਵਿਚ ਛੋਟੇ ਸ਼ਰਾਬ ਕਾਰੋਬਾਰੀਆਂ ਨੂੰ ਐਲ-2 ਲਾਇਸੈਂਸ ਦੇਣ ਦੇ ਫੈਸਲੇ ਦੇ ਨਾਲ-ਨਾਲ ਬੀਅਰ ਬਾਰਾਂ, ਹਾਰਡ ਬਾਰਾਂ, ਕਲੱਬਾਂ ਅਤੇ ਮਾਈਕਰੋ ਬੇਵਰੀਜ਼ ਵਿਚ ਵਿਕਣ ਵਾਲੀ ਸ਼ਰਾਬ ਅਤੇ ਬੀਅਰ 'ਤੇ ਲਾਗੂ ਵੈਟ ਦੀ ਦਰ ਨੂੰ 10 ਫੀਸਦੀ ਤੱਕ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਰਾਹੀਂ ਨਵੇਂ ਵਿੱਤੀ ਸਾਲ ਦੌਰਾਨ 1004 ਕਰੋੜ ਰੁਪਏ ਦੇ ਵਾਧੇ ਨਾਲ 9754 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ।