ਪ੍ਰਿਅੰਕਾ ਗਾਂਧੀ ਦੇ ਇਕ ਇਸ਼ਾਰੇ ’ਤੇ ਸਿੱਧੂ ਦਾ ਠੀਕ ਹੋਇਆ ਗਲਾ, ਗਰਜ-ਗਰਜ ਕੀਤਾ ਲੋਕਾਂ ਨੂੰ ਸੰਬੋਧਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਛਿੜੀਆਂ ਚਰਚਾਵਾਂ, ਕਿਤੇ ਸਿੱਧੂ ਜਾਣਬੁੱਝ ਪੰਜਾਬ ’ਚ ਚੋਣ ਪ੍ਰਚਾਰ ਨਾ ਕਰਨ ਲਈ ਤਾਂ ਨਹੀਂ ਕਰ ਰਹੇ ਸਿਆਸੀ ਡਰਾਮਾ

Navjot Singh Sidhu

ਬਠਿੰਡਾ: ਪੰਜਾਬ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੇ ਦਫ਼ਤਰ ਤੋਂ ਕੁਝ ਦਿਨ ਪਹਿਲਾਂ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਗਿਆ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਵੋਕਲ ਕੌਰਡਸ ਖ਼ਰਾਬ ਹੋਣ ਕਰਕੇ ਡਾਕਟਰਾਂ ਨੇ ਉਨ੍ਹਾਂ 4 ਦਿਨ ਆਰਾਮ ਕਰਨ ਲਈ ਕਿਹਾ ਹੈ, ਜਿਸ ਦੇ ਚਲਦੇ ਉਹ ਪੰਜਾਬ ਵਿਚ ਚੋਣ ਪ੍ਰਚਾਰ ਨਹੀਂ ਕਰ ਸਕਣਗੇ। 

ਉੱਥੇ ਹੀ ਬੀਤੇ ਕੱਲ੍ਹ ਕਾਂਗਰਸ ਦੀ ਕੌਮੀ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਨਵਜੋਤ ਸਿੰਘ ਸਿੱਧੂ ਬਠਿੰਡਾ ਵਿਖੇ ਪਹੁੰਚੇ ਤੇ ਪ੍ਰਿਅੰਕਾ ਦੇ ਇਕ ਇਸ਼ਾਰੇ ’ਤੇ ਸਿੱਧੂ ਨੇ ਗਰਜ-ਗਰਜ ਕੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਰੱਜ ਕੇ ਬਾਦਲਾਂ ਨੂੰ ਭੰਡਿਆ। ਇੱਥੋਂ ਤੱਕ ਕਿ ਸਿੱਧੂ ਨੇ ਕਿਹਾ ਕਿ ਉਹ ਪ੍ਰਿਅੰਕਾ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਬਠਿੰਡਾ ਵਿਚ 17 ਮਈ ਨੂੰ ਰਾਜਾ ਵੜਿੰਗ ਦੇ ਹੱਕ ਵਿਚ 10 ਚੋਣ ਰੈਲੀਆਂ ਕਰਨਗੇ।

ਨਾਲ ਹੀ ਸਿੱਧੂ ਨੇ ਕਿਹਾ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਅਕਾਲੀਆਂ ਨੂੰ ਭਜਾਉਣਾ ਪਵੇਗਾ ਤੇ ਉਹ ਅਕਾਲੀਆਂ ਦਾ ਤਖ਼ਤਾ ਪਲਟਾ ਕੇ ਹੀ ਰਹਿਣਗੇ। ਇਸ ਮੌਕੇ ਲੋਕ ਵੀ ਸਿੱਧੂ ਨੂੰ ਵੇਖ ਕੇ ਹੈਰਾਨ ਹੋ ਗਏ। ਹੁਣ ਸਿੱਧੂ ਦੇ ਇਸ ਜ਼ਬਰਦਸਤ ਭਾਸ਼ਣ ਨੂੰ ਲੈ ਕੇ ਇਹ ਚਰਚਾਵਾਂ ਹੋ ਰਹੀਆਂ ਹਨ ਕਿ ਕਿਤੇ ਸਿੱਧੂ ਜਾਣਬੁੱਝ ਕੇ ਪੰਜਾਬ ਵਿਚ ਚੋਣ ਪ੍ਰਚਾਰ ਨਾ ਕਰਨ ਲਈ ਸਿਆਸੀ ਡਰਾਮਾ ਤਾਂ ਨਹੀਂ ਕਰ ਰਹੇ।

ਦੱਸ ਦਈਏ ਕਿ ਕੱਲ੍ਹ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਬਠਿੰਡਾ ਪਹੁੰਚੇ। ਇਸ ਤੋਂ ਬਾਅਦ ਸੁਨੀਲ ਜਾਖੜ ਦੇ ਹੱਕ ਵਿਚ ਪਠਾਨਕੋਟ 'ਚ ਰੋਡ ਸ਼ੋਅ ਵੀ ਕੀਤਾ। ਦੋਵਾਂ ਥਾਈਂ ਸਿੱਧੂ ਵੀ ਉਨ੍ਹਾਂ ਨਾਲ ਮੌਜੂਦ ਰਹੇ। ਉਨ੍ਹਾਂ ਗਰਮਜੋਸ਼ੀ ਨਾਲ ਕਿਹਾ ਕਿ ਉਹ ਅਕਾਲੀਆਂ ਦਾ ਤਖ਼ਤਾ ਪਲਟਾ ਦੇਣਗੇ। ਉਨ੍ਹਾਂ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਤੇ ਇਹ ਨਾ ਕਰਨ 'ਤੇ ਸਿਆਸਤ ਛੱਡਣ ਦਾ ਪ੍ਰਣ ਵੀ ਲਿਆ।