ਲੁਧਿਆਣਾ ਪਹੁੰਚ ਰਾਹੁਲ ਗਾਂਧੀ ਨੇ ਜਿੱਤੇ ਲੋਕਾਂ ਦੇ ਦਿਲ, ਕੀਤੇ ਕਈ ਵੱਡੇ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਹੁਲ ਗਾਂਧੀ ਨੇ ਇਨ੍ਹਾਂ ਮੁੱਦਿਆਂ ’ਤੇ ਘੇਰੀ ਮੋਦੀ ਸਰਕਾਰ

Rahul Gandhi

ਲੁਧਿਆਣਾ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅੱਜ ਲੋਕ ਸਭਾ ਸੀਟ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ। ਲੋਕਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਜੱਮ ਕੇ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਦਾ ਪਰਦਾਫ਼ਾਸ਼ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਨੋਟਬੰਦੀ ਕਰਕੇ ਦੇਸ਼ ਦੇ ਗਰੀਬਾਂ, ਛੋਟੇ ਕਾਰੋਬਾਰੀਆਂ, ਦੁਕਾਨਦਾਰਾਂ ਨਾਲ ਬਹੁਤ ਵੱਡਾ ਅਨਿਆਂ ਕੀਤਾ ਹੈ

ਪਰ ਅਸੀਂ ਅਪਣੀ ਨਿਆਂ ਸਕੀਮ ਨਾਲ ਉਨ੍ਹਾਂ ਹੀ ਗਰੀਬਾਂ, ਛੋਟੇ ਕਾਰੋਬਾਰੀਆਂ ਤੇ ਦੁਕਾਨਦਾਰਾਂ ਦੇ ਸਿੱਧਾ ਬੈਂਕ ਖ਼ਾਤਿਆਂ ਵਿਚ ਹਰ ਮਹੀਨੇ 6 ਹਜ਼ਾਰ ਪਾਵਾਂਗੇ ਤੇ ਸਾਲ ਦਾ 72 ਹਜ਼ਾਰ ਪਾਵਾਂਗੇ ਤੇ ਦੇਸ਼ ਨੂੰ ਫਿਰ ਤਰੱਕੀ ਦੇ ਰਾਹ ’ਤੇ ਲੈ ਕੇ ਆਵਾਂਗੇ। ਉਨ੍ਹਾਂ ਕਿਹਾ ਕਿ ਮੋਦੀ ਨੇ ਨੋਟਬੰਦੀ ਕਰਕੇ ਦੇਸ਼ ਦੇ ਸਾਰੇ ਗਰੀਬਾਂ ਦੇ ਘਰਾਂ ਵਿਚੋਂ ਪੈਸਾ ਕੱਢ ਕੇ ਅੰਬਾਨੀ ਦੀ ਜੇਬ੍ਹ ਵਿਚ ਪਾਇਆ ਹੈ। ਲੁਧਿਆਣਾ ਜਿਹੇ ਵੱਡੇ ਸ਼ਹਿਰਾਂ ਵਿਚ ਕਾਰੋਬਾਰ ਠੱਪ ਹੋਣ ਦਾ ਸਭ ਤੋਂ ਵੱਡਾ ਕਾਰਨ ਮੋਦੀ ਹੈ। ਮੋਦੀ ਨੇ ਨੋਟਬੰਦੀ ਕਰਕੇ ਦੇਸ਼ ਦੀ ਅਰਥਵਿਵਸਥਾ ’ਤੇ ਹਮਲਾ ਕੀਤਾ ਹੈ ਤੇ ਹਿੰਦੁਸਤਾਨ ਨੂੰ ਸੱਟ ਮਾਰੀ ਹੈ।

ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਵਿਚ ਦੋ ਸਭ ਤੋਂ ਵੱਡੀਆਂ ਚੁਣੌਤੀਆਂ ਹਨ। ਨਰਿੰਦਰ ਮੋਦੀ ਨੇ ਨੋਟਬੰਦੀ ਕੀਤੀ ਫਿਰ ਗੱਬਰ ਸਿੰਘ ਟੈਕਸ ਲਗਾਇਆ, ਜਿਸ ਕਰਕੇ ਦੇਸ਼ ਵਿਚ ਬੇਰਜ਼ੁਗਾਰੀ ਸਭ ਤੋਂ ਵੱਡੀ ਚੁਣੌਤੀ ਹੈ। ਦੂਜੀ ਚੁਣੌਤੀ ਕਿਸਾਨਾਂ ਦੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਅਨਿਲ ਅੰਬਾਨੀ ਵਰਗੇ ਉਦਯੋਗਪਤੀਆਂ ਨੂੰ ਕਈ ਕਰੋੜਾਂ ਦਾ ਕਰਜ਼ ਬੈਂਕਾਂ ਕੋਲੋਂ ਦਿਵਾਇਆ ਪਰ ਲੁਧਿਆਣਾ ਦੇ ਛੋਟੇ ਕਾਰੋਬਾਰੀਆਂ ਲਈ ਕੁਝ ਨਹੀਂ ਕੀਤਾ, ਕਿਸਾਨਾਂ ਲਈ ਕੁਝ ਨਹੀਂ ਕੀਤਾ ਤੇ ਨਾ ਹੀ ਨੌਜਵਾਨਾਂ ਲਈ ਕੁਝ ਕੀਤਾ।

ਕਿਸਾਨਾਂ ਬਾਰੇ ਗੱਲ ਕਰਦਿਆਂ ਰਾਹੁਲ ਨੇ ਕਿਹਾ ਕਿ ਸਾਡੀ ਸਰਕਾਰ ਦਾ ਸਭ ਤੋਂ ਪਹਿਲਾਂ ਕਦਮ ਕਿਸਾਨਾਂ ਦੀ ਕਰਜ਼ਾ ਮਾਫ਼ੀ ਹੋਵੇਗਾ ਕਿਉਂਕਿ ਕਿਸਾਨਾਂ ਤੋਂ ਬਿਨਾਂ ਦੇਸ਼ ਖੜ੍ਹਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ’ਤੇ ‘ਕਿਸਾਨ ਬਜਟ’ ਪੇਸ਼ ਕੀਤਾ ਜਾਵੇਗਾ। ਕਿਸਾਨ ਬਜਟ ਪੇਸ਼ ਹੋਣ ਨਾਲ ਕਿਸਾਨਾਂ ਨੂੰ ਪੂਰੇ ਸਾਲ ਦਾ ਅਪਣਾ ਸ਼ੈਡਿਊਲ ਪਤਾ ਲੱਗ ਜਾਇਆ ਕਰੇਗਾ। ਉਨ੍ਹਾਂ ਕਿਹਾ ਕਿ ਕਿਸਾਨ ਬਜਟ ਪੇਸ਼ ਹੋਣ ਤੋਂ ਬਾਅਦ ‘ਆਮ ਬਜਟ’ ਪੇਸ਼ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਮੋਦੀ ਦੀ ਸਰਕਾਰ ਵਿਚ ਅੰਬਾਨੀ ਵਰਗੇ ਉਦਯੋਗਪਤੀ ਜੇ ਬੈਂਕ ਤੋਂ ਕਰੋੜਾਂ ਦਾ ਕਰਜ਼ਾ ਲੈਂਦੇ ਹਨ ਤਾਂ ਉਨ੍ਹਾਂ ਨੂੰ ਜੇਲ੍ਹ ਨਹੀਂ ਜਾਣਾ ਪੈਂਦਾ ਪਰ ਜੇ ਕੋਈ ਛੋਟਾ ਕਿਸਾਨ ਜਾਂ ਕਾਰੋਬਾਰੀ ਬੈਂਕ ਤੋਂ 20 ਹਜ਼ਾਰ ਰੁਪਏ ਵੀ ਕਰਜ਼ਾ ਲੈ ਲਵੇ ਤੇ ਸਮੇਂ ਸਿਰ ਵਾਪਸ ਨਾ ਮੋੜੇ ਤਾਂ ਉਸ ਨੂੰ ਜੇਲ੍ਹ ਵਿਚ ਬੰਦ ਕਰ ਦਿਤਾ ਜਾਂਦਾ ਹੈ। ਪਰ 2019 ਵਿਚ ਸਾਡੀ ਸਰਕਾਰ ਆਉਣ ਤੋਂ ਬਾਅਦ ਦੇਸ਼ ਦੇ ਕਿਸੇ ਵੀ ਕਿਸਾਨ ਨੂੰ ਕਰਜ਼ਾ ਸਮੇਂ ਸਿਰ ਵਾਪਸ ਨਾ ਕਰਨ ’ਤੇ ਜੇਲ੍ਹ ਵਿਚ ਨਹੀਂ ਬੰਦ ਕੀਤਾ ਜਾ ਸਕੇਗਾ।

ਨੌਜਵਾਨਾਂ ਬਾਰੇ ਗੱਲ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਮੋਦੀ ਤਰ੍ਹਾਂ ਕੋਈ ਝੂਠਾ ਵਾਅਦਾ ਨਹੀਂ ਕਰਾਂਗਾ। ਇਹ ਨਹੀਂ ਕਹਾਂਗਾ ਕਿ 50 ਲੱਖ ਸਰਕਾਰੀ ਨੌਕਰੀਆਂ ਦੇਵਾਂਗਾ। ਇਸ ਸਮੇਂ ਸਿਰਫ਼ 22 ਲੱਖ ਸਰਕਾਰੀ ਨੌਕਰੀਆਂ ਖ਼ਾਲੀ ਪਈਆਂ ਹਨ ਤੇ ਅਸੀਂ ਉਹ ਸਾਰੀਆਂ ਨੌਜਵਾਨਾਂ ਨੂੰ ਦੇਵਾਂਗੇ। ਉਨ੍ਹਾਂ ਕਿਹਾ ਕਿ ਹਰ ਨੌਜਵਾਨ ਅਪਣਾ ਬਿਜ਼ਨਸ ਚਲਾਉਣਾ ਚਾਹੁੰਦਾ ਹੈ, ਫੈਕਟਰੀ ਚਲਾਉਣਾ ਚਾਹੁੰਦਾ ਹੈ ਪਰ ਉਨ੍ਹਾਂ ਨੂੰ ਸਰਕਾਰ ਕੋਲੋਂ ਮਨਜ਼ੂਰੀ ਲੈਣੀ ਪੈਂਦੀ ਹੈ ਤੇ ਬਹੁਤ ਖੱਜਲ-ਖੁਆਰ ਹੋਣਾ ਪੈਂਦਾ ਹੈ।

ਪਰ ਸਾਡੀ ਸਰਕਾਰ ਆਉਣ ’ਤੇ ਕਿਸੇ ਨੌਜਵਾਨ ਨੂੰ ਕੋਈ ਮਨਜ਼ੂਰੀ ਨਹੀਂ ਲੈਣੀ ਪਵੇਗੀ ਪਰ ਜਦੋਂ 3 ਸਾਲਾਂ ਬਾਅਦ ਬਿਜ਼ਨਸ ਪੂਰਾ ਵਧੀਆ ਤਰ੍ਹਾਂ ਚੱਲਣ ਲੱਗ ਪਵੇ ਤਾਂ ਸਰਕਾਰ ਕੋਲੋਂ ਮਨਜ਼ੂਰੀ ਲੈਣੀ ਪਵੇਗੀ।