ਸੁਖਬੀਰ ਬਾਦਲ ਦੇ “ਪਾਗਲ ਜਿਹਾ” ਵਾਲੇ ਬਿਆਨ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਘੱਟੋ-ਘੱਟ ਇਹ ‘ਪਾਗਲ ਜਿਹਾ’ ਤੁਹਾਡੇ ਵਾਂਗ ਪੰਜਾਬ ਨੂੰ ਨਹੀਂ ਲੁੱਟਦਾ

CM Bhagwant Mann

 

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ “ਪਾਗਲ ਜਿਹਾ” ਵਾਲੇ ਬਿਆਨ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਜ਼ਰੀਏ ਜਵਾਬ ਦਿਤਾ ਹੈ। ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਇਹ ‘ਪਾਗਲ ਜਿਹਾ’ ਤੁਹਾਡੇ ਵਾਂਗ ਪੰਜਾਬ ਨੂੰ ਨਹੀਂ ਲੁੱਟਦਾ । ਇਸ ਦੇ ਨਾਲ ਹੀ ਉਨ੍ਹਾਂ ਨੇ ਸੁਖਬੀਰ ਬਾਦਲ ਦੀ ਵੀਡੀਉ ਵੀ ਸਾਂਝੀ ਕੀਤੀ ਹੈ, ਜਿਸ ਵਿਚ ਉਹ ਮੁੱਖ ਮੰਤਰੀ ਨੂੰ ‘ਪਾਗਲ’ ਕਹਿ ਰਹੇ ਹਨ। ਦਰਅਸਲ ਇਨ੍ਹੀਂ ਦਿਨੀਂ ਪੰਜਾਬ ਦੇ ਸਿਆਸਤਦਾਨਾਂ ਵਲੋਂ ਵਰਤੀ ਜਾ ਰਹੀ ਸ਼ਬਦਾਵਲੀ ਕਾਰਨ ਸਿਆਸਤ ਦਾ ਮਿਆਰ ਡਿਗਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਲੰਡਨ ’ਚ ਮੈਰਾਥਨ ਦੌੜਾਕ ਤੇ ਕੌਂਸਲਰ ਜਗਜੀਤ ਸਿੰਘ ਨੂੰ 'ਸਿੱਖ ਐਥਲੈਟਿਕ ਸ਼ਖ਼ਸੀਅਤ ਆਫ਼ ਦਿ ਈਅਰ' ਵਾਰਡ ਨਾਲ ਕੀਤਾ ਗਿਆ ਸਨਮਾਨਿਤ  

ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ, “ਆਹ ਦੇਖੋ ਪੰਜਾਬੀਓ...ਇਨ੍ਹਾਂ ਦੀ ਬੌਖਲਾਹਟ ਜਾਂ ਦਿਮਾਗੀ ਸੰਤੁਲਨ ਖਰਾਬ…ਬਾਦਲ ਵੀ ਸਾਹਬ. ..ਬਰਨਾਲਾ ਵੀ ਸਾਹਬ...ਬੇਅੰਤ ਸਿੰਘ ਵੀ ਅਤੇ ਕੈਪਟਨ ਵੀ ਸਾਹਬ...ਮੈਨੂੰ “ਪਾਗਲ ਜਿਹਾ”। ਕੋਈ ਗੱਲ ਨੀ ਸੁਖਬੀਰ ਸਿੰਘ ਜੀ ਮੇਰੇ ਨਾਲ ਕੁਦਰਤ ਐ ...ਮੇਰੇ ਨਾਲ ਲੋਕ ਨੇ. ..ਘੱਟੋ-ਘੱਟ ਇਹ ‘ਪਾਗਲ ਜਿਹਾ’ ਤੁਹਾਡੇ ਵਾਂਗ ਪੰਜਾਬ ਨੂੰ ਲੁੱਟਦਾ ਨਹੀਂ”।

 

 

ਇਹ ਵੀ ਪੜ੍ਹੋ: ਇੰਗਲੈਂਡ ਵਿਚ ਭਾਰਤੀ ਮੂਲ ਦੀ ਹਾਕੀ ਖਿਡਾਰਨ ਸਮੇਤ ਤਿੰਨ ਲੋਕਾਂ ਦੀ ਚਾਕੂ ਮਾਰ ਕੇ ਹਤਿਆ

ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਵਿਖੇ ਸੰਬੋਧਨ ਕਰਦਿਆਂ ਪੰਜਾਬ ਦੇ ਸਾਬਕਾ ਅਤੇ ਮੌਜੂਦਾ ਮੁੱਖ ਮੰਤਰੀ ਦੇ ਕਾਰਜਕਾਲ ਦਾ ਸਮਾਂ ਦੱਸ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ਬਣਿਆ ਹੈ, ਉਦੋਂ ਤੋਂ ਸਿਰਫ਼ 4 ਮੁੱਖ ਮੰਤਰੀ ਹੀ ਬਣੇ ਹਨ। ਇਸ ਦੌਰਾਨ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀਆਂ ਦੇ ਨਾਂਅ ਨਾਲ ‘ਸਾਹਬ’ ਲਗਾ ਕੇ ਗੱਲ ਕੀਤੀ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਪਾਗਲ ਜਿਹਾ’ ਕਹਿ ਦਿਤਾ।

ਇਹ ਵੀ ਪੜ੍ਹੋ: ਕਲਯੁਗੀ ਪੋਤੇ ਨੇ ਦਾਦੀ ਦਾ ਬੇਰਹਿਮੀ ਨਾਲ ਕੀਤਾ ਕਤਲ 


ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਭਗਵੰਤ ਮਾਨ ਸੱਭ ਤੋ ਵੱਧ ਪਸੰਦ ਕੀਤੇ ਜਾਣ ਵਾਲੇ ਨੇਤਾ: ਹਰਜੋਤ ਸਿੰਘ ਬੈਂਸ

ਇਸ ਮਗਰੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਟਵੀਟ ਕੀਤਾ। ਉਨ੍ਹਾਂ ਲਿਖਿਆ, “ਸੁਖਬੀਰ ਸਿੰਘ ਬਾਦਲ ਜੀ, ਅਪਣੀ ਪਾਰਟੀ ਦਾ ਭੋਗ ਪਾਉਣ ਤੋਂ ਬਾਅਦ ਹਾਲੇ ਵੀ ਤੁਸੀਂ ਹੰਕਾਰ ਵਿਚ ਹੋ? ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਭਗਵੰਤ ਮਾਨ ਜੀ ਸੱਭ ਤੋ ਵੱਧ ਪਸੰਦ ਕੀਤੇ ਜਾਣ ਵਾਲੇ ਨੇਤਾ ਹਨ। ਤੁਸੀਂ ਸ. ਮਾਨ ਜੀ ਨੂੰ ਮੰਦਾ ਨਹੀਂ ਬੋਲਿਆ ਸਗੋਂ ਪੰਜਾਬ ਦੇ ਲੋਕਾਂ ਦਾ ਨਿਰਾਦਰ ਕੀਤਾ ਹੈ ਜੋ ਤੁਹਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ”।

ਇਹ ਵੀ ਪੜ੍ਹੋ: ਚਹੇਤੇ ਮੁਲਾਜ਼ਮਾਂ ਨੂੰ ਨਵੀਂ ਪੋਸਟਿੰਗ ’ਤੇ ਨਾਲ ਲੈ ਕੇ ਜਾਣ ਦੇ ਰੁਝਾਨ ’ਤੇ ਐਸ.ਐਸ.ਪੀ. ਕੰਵਰਦੀਪ ਕੌਰ ਨੇ ਲਗਾਇਆ ਵਿਰਾਮ!  

ਹੇਠਲੇ ਪੱਧਰ ਦੀ ਬਿਆਨਬਾਜ਼ੀ ਬੰਦ ਹੋਣੀ ਚਾਹੀਦੀ ਹੈ: ਕਰਨੈਲ ਸਿੰਘ ਪੀਰ ਮੁਹੰਮਦ

ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਦਾ ਕਹਿਣਾ ਹੈ ਕਿ ਤਲਖ਼ ਟਿਪਣੀਆਂ ਬੰਦ ਹੋਣੀਆਂ ਚਾਹੀਦੀਆਂ ਹਨ। ਅੱਜ ਦੇ ਸਮੇਂ ਵਿਚ ਸਿਆਸਤ ਵਿਚ ਨੀਵੇਂ ਪੱਧਰ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਇਸ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਨੇ ਹੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਵੀ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਬਾਰੇ ਅਜਿਹੀਆਂ ਟਿਪਣੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਕਿਸ ਸੰਦਰਭ ਵਿਚ ਅਤੇ ਕਿਵੇਂ ਗੱਲ ਕੀਤੀ ਹੈ, ਉਹ ਵੱਖਰਾ ਪਹਿਲੂ ਹੈ। ਉਨ੍ਹਾਂ ਕਿਹਾ ਕਿ ਹੇਠਲੇ ਪੱਧਰ ਦੀ ਬਿਆਨਬਾਜ਼ੀ ਹਰ ਪਾਸੇ ਤੋਂ ਬੰਦ ਹੋਣੀ ਚਾਹੀਦੀ ਹੈ।  ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਭਗਵੰਤ ਮਾਨ ਦੀ ਤੁਲਨਾ ਮਹਾਰਾਜਾ ਰਣਜੀਤ ਸਿੰਘ ਨਾਲ ਕੀਤੀ ਹੈ, ਜੋ ਕਿ ਇਤਿਹਾਸਕ ਗਲਤੀ ਹੈ।

 

ਸੁਖਬੀਰ ਬਾਦਲ ਦੀ ਸ਼ਬਦਾਵਲੀ ਛੋਟੀ ਮਾਨਸਿਕਤਾ ਦਾ ਪ੍ਰਗਟਾਵਾ: ਨੀਲ ਗਰਗ

ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਇਹ ਸ਼ਬਦਾਵਲੀ ਉਨ੍ਹਾਂ ਦੀ ਛੋਟੀ ਮਾਨਸਿਕਤਾ ਦਾ ਪ੍ਰਗਟਾਵਾ ਹੈ। ਉਨ੍ਹਾਂ ਨੇ ਇਹ ਟਿਪਣੀ 3 ਕਰੋੜ ਪੰਜਾਬੀਆਂ ਵਲੋਂ ਚੁਣੇ ਹੋਏ ਮੁੱਖ ਮੰਤਰੀ ਬਾਰੇ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਨੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਰੁਧ ਗਲਤ ਸ਼ਬਦਾਵਲੀ ਵਰਤੀ ਸੀ। ਆਮ ਘਰਾਂ ਦੇ ਲੋਕਾਂ ਦਾ ਮੰਤਰੀ ਜਾਂ ਵਿਧਾਇਕ ਬਣਨਾ ਇਨ੍ਹਾਂ ਲੋਕਾਂ ਕੋਲੋਂ ਹਜ਼ਮ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਇਨ੍ਹਾਂ ਸ਼ਬਦਾਂ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।