ਮਣੀਪੁਰ ’ਤੇ ਯੂਰਪੀ ਸੰਘ ਦੀ ਸੰਸਦ 'ਚ ਚਰਚਾ ਹੋਈ ਪਰ ਪ੍ਰਧਾਨ ਮੰਤਰੀ ਨੇ ਇਕ ਸ਼ਬਦ ਨਹੀਂ ਬੋਲਿਆ: ਰਾਹੁਲ ਗਾਂਧੀ
ਕਿਹਾ, ਰਾਫੇਲ ਜ਼ਰੀਏ ਬੈਸਟਿਲ ਡੇਅ ਪਰੇਡ ਦੀਆਂ ਟਿਕਟਾਂ ਮਿਲ ਗਈਆਂ
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਮਣੀਪੁਰ ਭਾਰਤ ਦਾ ਅੰਦਰੂਨੀ ਮਾਮਲਾ ਹੈ, ਜਿਸ 'ਤੇ ਯੂਰਪੀ ਸੰਘ ਦੀ ਸੰਸਦ 'ਚ ਚਰਚਾ ਹੋਈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸ਼ਬਦ ਵੀ ਨਹੀਂ ਬੋਲਿਆ।
ਉਨ੍ਹਾਂ ਨੇ ਟਵੀਟ ਕੀਤਾ, ''ਮਣੀਪੁਰ ਸੜ ਰਿਹਾ ਹੈ। ਯੂਰਪੀ ਸੰਘ ਦੀ ਸੰਸਦ ਨੇ ਭਾਰਤ ਦੇ ਅੰਦਰੂਨੀ ਮਾਮਲੇ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਇਕ ਸ਼ਬਦ ਨਹੀਂ ਕਿਹਾ। ਇਸ ਦੌਰਾਨ ਰਾਫੇਲ ਜ਼ਰੀਏ ਬੈਸਟਿਲ ਡੇਅ ਪਰੇਡ ਦੀਆਂ ਟਿਕਟਾਂ ਮਿਲ ਗਈਆਂ”। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ਮਣੀਪੁਰ ਦੀ ਸਥਿਤੀ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਾਇਆ ਕਿ ਲੋਕਾਂ ਦੇ ਬੁਨਿਆਦੀ ਮੁੱਦਿਆਂ ਨੂੰ ਹੱਲ ਕਰਨ ਲਈ ਯਤਨ ਨਹੀਂ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਹੜ੍ਹ ਵਾਲੇ ਇਲਾਕਿਆਂ ਵਿਚ ਖੇਡਣ, ਸੈਲਫੀ ਲੈਣ ਜਾਂ ਵੀਡੀਉ ਬਣਾਉਣ ਦੀ ਕੋਸ਼ਿਸ਼ ਨਾ ਕਰੋ, ਜਾਨਲੇਵਾ ਹੋ ਸਕਦਾ ਹੈ: ਅਰਵਿੰਦ ਕੇਜਰੀਵਾਲ
ਭਾਰਤ ਨੇ ਵੀਰਵਾਰ ਨੂੰ ਮਣੀਪੁਰ ਦੀ ਸਥਿਤੀ 'ਤੇ ਯੂਰਪੀ ਸੰਘ ਦੀ ਸੰਸਦ 'ਚ ਪਾਸ ਕੀਤੇ ਮਤੇ ਨੂੰ 'ਬਸਤੀਵਾਦੀ ਮਾਨਸਿਕਤਾ' ਤੋਂ ਪ੍ਰੇਰਿਤ ਕਰਾਰ ਦਿੰਦੇ ਹੋਏ ਖਾਰਜ ਕਰ ਦਿਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਸੀ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਇਸ ਤਰ੍ਹਾਂ ਦੀ ਦਖਲਅੰਦਾਜ਼ੀ ਅਸਵੀਕਾਰਨਯੋਗ ਹੈ।