ਪਟਿਆਲਾ ’ਚ ਲੈ. ਕਰਨਲ ਦੇ ਘਰ ਦੀ ਖੁਦਾਈ ਸਮੇਂ AK-47 ਤੇ ਗ੍ਰੇਨੇਡ ਸਣੇ ਭਾਰੀ ਮਾਤਰਾ ’ਚ ਮਿਲੇ ਹਥਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟਿਆਲਾ ’ਚ ਮਿਲਟਰੀ ਖੇਤਰ ਦੇ ਨੇੜੇ ਸਥਿਤ ਪ੍ਰਤਾਪ ਨਗਰ ਵਿਚ ਲਗਭੱਗ 42 ਸਾਲ ਪੁਰਾਣੇ ਘਰ ਦੀ ਖੁਦਾਈ ਦੇ ਦੌਰਾਨ ਮਜ਼ਦੂਰਾਂ ਨੂੰ ਮਿੱਟੀ ਵਿਚ ਦੱਬੇ 4 ਗਰੇਨੇਡ, AK-47...

AK-47 ,Sten Gun, Grenades Found From A Plot In Patiala

ਪਟਿਆਲਾ : ਪਟਿਆਲਾ ’ਚ ਮਿਲਟਰੀ ਖੇਤਰ ਦੇ ਨੇੜੇ ਸਥਿਤ ਪ੍ਰਤਾਪ ਨਗਰ ਵਿਚ ਲਗਭੱਗ 42 ਸਾਲ ਪੁਰਾਣੇ ਘਰ ਦੀ ਖੁਦਾਈ ਦੇ ਦੌਰਾਨ ਮਜ਼ਦੂਰਾਂ ਨੂੰ ਮਿੱਟੀ ਵਿਚ ਦੱਬੇ 4 ਗਰੇਨੇਡ, AK-47 ਰਾਇਫ਼ਲ, ਇਕ ਸਟੇਨ ਗਨ, ਇਕ ਮੈਗਜ਼ੀਨ ਸਟੇਨ ਗਨ, ਬੱਟ ਸਟੇਨਗਨ, AK-47 ਦੇ 4 ਕਾਰਤੂਸ, ਰਾਇਫ਼ਲ ਸਾਫ਼ ਕਰਨ ਵਾਲੇ ਦੋ ਫੁਲਤਰੂ (ਬਰੱਸ਼), ਸਟੇਨਗਨ  ਦੇ 15 ਕਾਰਤੂਸ ਅਤੇ ਇਕ ਡੱਬੀ ਡੈਟੋਨੇਟਰ ਮਿਲੇ ਹੈ। ਇਨ੍ਹਾਂ ਗ੍ਰੇਨੇਡਾਂ ਨੂੰ ਡਿਫ਼ਿਊਜ਼ ਕਰਨ ਲਈ ਜਲੰਧਰ ਤੋਂ ਵਿਸ਼ੇਸ਼ ਟੀਮ ਨੇ ਪਟਿਆਲਾ ਆਉਣਾ ਸੀ ਪਰ ਕੁਝ ਪ੍ਰਬੰਧਕੀ ਕਾਰਨਾਂ ਦੇ ਚਲਦੇ ਟੀਮ ਪਟਿਆਲਾ ਨਹੀਂ ਪਹੁੰਚ ਸਕੀ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰੇਨੇਡ ਸੁਰੱਖਿਅਤ ਸਥਾਨ ਉਤੇ ਰਖ ਦਿਤਾ ਗਿਆ ਹੈ ਅਤੇ ਸ਼ਨਿਚਰਵਾਰ ਨੂੰ ਟੀਮ ਵਲੋਂ ਇਨ੍ਹਾਂ ਨੂੰ ਡਿਫ਼ਿਊਜ਼ ਕਰਵਾ ਦਿਤਾ ਜਾਵੇਗਾ। ਜਿਸ ਘਰ ਦੀ ਖੁਦਾਈ ਦੇ ਦੌਰਾਨ ਇਹ ਅਸਲਾ ਮਿਲਿਆ ਹੈ ਉਹ ਲੈਫ਼ਟੀਨੈਂਟ ਕਰਨਲ ਜਸਮੇਲ ਸਿੰਘ ਦਾ ਘਰ ਹੈ ਪਰ ਇਹ ਹਥਿਆਰ ਉਨ੍ਹਾਂ ਦੇ ਘਰ ਦੇ ਹੇਠਾਂ ਕਿਵੇਂ ਆਏ ਇਸ ਸਬੰਧੀ ਉਨ੍ਹਾਂ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ। ਫ਼ਿਲਹਾਲ ਥਾਣਾ ਸਿਵਲ ਲਾਈਨ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

ਉੱਧਰ, ਥਾਣਾ ਸਿਵਲ ਲਾਈਨ ਦੇ ਐਸਐਚਓ ਰਮਨਜੀਤ ਸਿੰਘ ਨੇ ਦੱਸਿਆ ਕਿ AK-47 ਅਤੇ ਸਟੇਨਗਨ ਜ਼ਮੀਨ ਵਿਚ ਦਬਾਉਣ ਅਤੇ ਪੁਰਾਣੀ ਹੋਣ ਦੇ ਕਾਰਨ ਨਕਾਰਾ ਹੋ ਚੁੱਕੀ ਹਨ ਪਰ ਗ੍ਰੇਨੇਡ ਤੋਂ ਖ਼ਤਰਾ ਹੈ, ਇਸ ਲਈ ਗ੍ਰੇਨੇਡ ਨੂੰ ਸ਼ਹਿਰ ਤੋਂ ਬਾਹਰ ਕਿਸੇ ਸੁਰੱਖਿਅਤ ਸਥਾਨ ਉਤੇ ਰਖਵਾਇਆ ਗਿਆ ਹੈ, ਤਾਂਕਿ ਇਸ ਨਾਲ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚੇ। ਮਿਲਟਰੀ ਖੇਤਰ ਦੇ ਨੇੜੇ ਸਥਿਤ ਪ੍ਰਤਾਪ ਨਗਰ ਵਿਚ ਲੈਫ਼ਟੀਨੈਂਟ ਕਰਨਲ ਜਸਮੇਲ ਸਿੰਘ ਅਪਣੇ ਪੁਰਾਣੇ ਘਰ ਨੂੰ ਤੁੜਵਾ ਕੇ ਦੁਬਾਰਾ ਬਣਵਾ ਰਹੇ ਸਨ।

ਵੀਰਵਾਰ ਨੂੰ ਜਦੋਂ ਮਜ਼ਦੂਰਾਂ ਵਲੋਂ ਨੀਂਹ ਦੀ ਖੁਦਾਈ ਕੀਤੀ ਗਈ ਤਾਂ ਮਿੱਟੀ ਵਿਚ ਦੱਬੇ ਹੋਏ ਹਥਿਆਰ ਵਿੱਖਣੇ ਸ਼ੁਰੂ ਹੋ ਗਏ। ਲੈ. ਕਰਨਲ ਜਸਮੇਲ ਸਿੰਘ ਦਾ ਇਹ ਘਰ ਸਾਲ 1976 ਵਿਚ ਬਣਿਆ ਸੀ। ਉਸ ਸਮੇਂ ਮਿਲਟਰੀ ਖੇਤਰ ਦੇ ਨੇੜੇ ਵਾਲੇ ਇਸ ਇਲਾਕੋ ਵਿਚ ਆਬਾਦੀ ਨਾਮਾਤਰ ਸੀ। ਖਾਲੀ ਪਲਾਟ ਲੈ ਕੇ ਉਸ ਸਮੇਂ ਕਰਨਲ ਨੇ ਮਕਾਨ ਬਣਵਾਇਆ ਸੀ। ਮਿਲਟਰੀ ਤੋਂ ਰਿਟਾਇਰਡ ਅਜਾਇਬ ਸਿੰਘ ਨੇ ਦੱਸਿਆ ਕਿ ਗ੍ਰੇਨੇਡ ਕਈ ਸਾਲ ਪੁਰਾਣੇ ਸਨ ਇਸ ਲਈ ਡਰ ਸੀ ਕਿ ਉਹ ਥੋੜ੍ਹੀ ਦੇਰ ਧੁੱਪੇ ਪਏ ਰਹਿਣ ਨਾਲ ਵੀ ਫਟ ਸਕਦੇ ਸਨ।

ਇਨ੍ਹਾਂ ਗ੍ਰੇਨੇਡਾਂ ਦੀ ਰੇਂਜ ਲਗਭੱਗ 500 ਮੀਟਰ ਤੱਕ ਦੀ ਹੁੰਦੀ ਹੈ। ਚਾਹੇ ਇਹ ਧਰਤੀ ਦੇ ਹੇਠਾਂ ਸਨ ਪਰ ਇਹ ਛੱਤ ਉਤੇ ਬੈਠੇ ਵਿਅਕਤੀ ਨੂੰ ਵੀ ਜ਼ਖ਼ਮੀ ਕਰ ਸਕਦੇ ਸਨ। ਇਹ ਗ੍ਰੇਨੇਡ ਚਲਣ ਨਾਲ ਇਸ ਵਿਚੋਂ ਗੋਲੀ ਵਰਗੇ ਛੱਰੇ ਨਿਕਲਦੇ ਹਨ। ਫ਼ਿਲਹਾਲ ਸਾਰੇ ਹਥਿਆਰ ਸੁਰੱਖਿਅਤ ਥਾਣੇ ਪਹੁੰਚਾ ਦਿਤੇ ਹਨ।