ਫਿਰੋਜ਼ਪੁਰ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਚੋਣ ਮੈਦਾਨ ’ਚ ਉਤਾਰਿਆ ਹੰਸਰਾਜ ਗੋਲ਼ਡਨ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

13 ਲੋਕਸਭਾ ਸੀਟਾਂ ਵਿਚੋਂ ਅਲਾਇੰਸ ਵਲੋਂ ਹੁਣ ਤੱਕ ਅੱਠ ਸੰਸਦੀ ਸੀਟਾਂ ਉਤੇ ਉਮੀਦਵਾਰਾਂ ਦਾ ਐਲਾਨ

Hansraj Golden

ਫਿਰੋਜ਼ਪੁਰ : ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਫਿਰੋਜ਼ਪੁਰ ਸੰਸਦੀ ਸੀਟ ਤੋਂ ਉਮੀਦਵਾਰ ਕਾਮਰੇਡ ਹੰਸਰਾਜ ਗੋਲਡਨ ਐਲਾਨ ਕੀਤੇ ਗਏ ਹਨ। ਛੇ ਰਾਜਨੀਤਿਕ ਦਲਾਂ ਵਾਲੇ ਅਲਾਇੰਸ ਦੇ ਤਹਿਤ ਫਿਰੋਜ਼ਪੁਰ ਸੰਸਦੀ ਸੀਟ ਸੀਪੀਆਈ ਦੇ ਖਾਤੇ ਵਿਚ ਆਈ ਹੈ। ਪ੍ਰਦੇਸ਼ ਦੀਆਂ 13 ਲੋਕਸਭਾ ਸੀਟਾਂ ਵਿਚੋਂ ਅਲਾਇੰਸ ਵਲੋਂ ਹੁਣ ਤੱਕ ਅੱਠ ਸੰਸਦੀ ਸੀਟਾਂ ਉਤੇ ਉਮੀਦਵਾਰ ਦਾ ਐਲਾਨ ਹੋ ਚੁੱਕਿਆ ਹੈ। ਫਿਰੋਜ਼ਪੁਰ ਸੰਸਦੀ ਸੀਟ ਤੋਂ ਕਿਸੇ ਵੀ ਪਾਰਟੀ ਵਲੋਂ ਉਮੀਦਵਾਰ ਦੇ ਰੂਪ ਵਿਚ ਚੋਣ ਮੈਦਾਨ ਵਿਚ ਉਤਰਨ ਵਾਲੇ ਪਹਿਲੇ ਉਮੀਦਵਾਰ ਹੰਸਰਾਜ ਗੋਲਡਨ ਹਨ।

ਹੰਸਰਾਜ ਗੋਲਡਨ ਨੇ ਦੱਸਿਆ ਕਿ ਪਾਰਟੀ ਵਲੋਂ ਵੀਰਵਾਰ ਨੂੰ ਉਨ੍ਹਾਂ ਨੂੰ ਫਿਰੋਜ਼ਪੁਰ ਸੰਸਦੀ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ। ਉਹ 2007 ਵਿਚ ਜਲਾਲਾਬਾਦ ਵਿਧਾਨਸਭਾ ਖੇਤਰ ਤੋਂ ਪਾਰਟੀ ਦੀ ਟਿਕਟ ਉਤੇ ਚੋਣ ਲੜ ਚੁੱਕੇ ਹਨ। ਉਨ੍ਹਾਂ ਦੀ ਈਮਾਨਦਾਰੀ ਅਤੇ ਮਿਹਨਤ ਨੂੰ ਵੇਖਦੇ ਹੋਏ ਪਾਰਟੀ ਨੇ ਇਸ ਵਾਰ ਉਨ੍ਹਾਂ ਨੂੰ ਫਿਰੋਜ਼ਪੁਰ ਸੰਸਦੀ ਸੀਟ ਤੋਂ ਲੋਕਸਭਾ ਉਮੀਦਵਾਰ ਦੇ ਰੂਪ ਵਿਚ ਚੋਣ ਮੈਦਾਨ ਵਿਚ ਉਤਾਰਿਆ ਹੈ। ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਪਾਰਟੀ ਦੀਆਂ ਉਮੀਦਾਂ ਉਤੇ ਖਰੇ ਉਤਰਣ।

ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨ ਪਰਵਾਰ ਵਿਚੋਂ ਹਨ ਅਤੇ ਉਨ੍ਹਾਂ ਦੇ ਪਿਤਾ ਕਾਮਰੇਡ ਸਾਂਝਾਰਾਮ ਵੀ ਲੋਕ ਭਲਾਈ ਦੇ ਕਾਰਜਾਂ ਵਿਚ ਹਮੇਸ਼ਾ ਆਗੂ ਰਹੇ ਹੈ। ਹੰਸਰਾਜ ਨੇ ਦੱਸਿਆ ਕਿ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਕੁੱਲ ਛੇ ਰਾਜਨੀਤਿਕ ਦਲਾਂ ਦਾ ਹੈ। ਇਸ ਵਿਚ ਪੰਜਾਬ ਏਕਤਾ ਪਾਰਟੀ, ਬਹੁਜਨ ਸਮਾਜ ਪਾਰਟੀ, ਲੋਕ ਇਨਸਾਫ਼ ਪਾਰਟੀ, ਡਾ. ਧਰਮਵੀਰ ਗਾਂਧੀ ਦਾ ਪੰਜਾਬ ਰੰਗ ਮੰਚ, ਸੀਪੀਆਈ ਅਤੇ ਆਰਐਮਪੀਆਈ ਹਨ।

ਉਨ੍ਹਾਂ ਨੇ ਦੱਸਿਆ ਕਿ ਅਲਾਇੰਸ ਦੇ ਹੋਏ ਸਮਝੌਤੇ ਦੇ ਤਹਿਤ ਵਾਮਪੰਥੀ ਪਾਰਟੀਆਂ ਦੇ ਹਿੱਸੇ ਵਿਚ ਦੋ ਸੀਟ ਆਈਆਂ ਹਨ, ਜਿਸ ਵਿਚ ਫਿਰੋਜ਼ਪੁਰ ਸੀਟ ਸੀਪੀਆਈ ਅਤੇ ਗੁਰਦਾਸਪੁਰ ਸੀਟ ਆਰਐਮਪੀਆਈ ਦੇ ਹਿੱਸੇ ਵਿਚ ਹੈ। ਹੰਸਰਾਜ ਗੋਲਡਨ ਨੇ ਕਿਹਾ ਕਿ ਉਨ੍ਹਾਂ ਦਾ ਗਠਜੋੜ ਬਾਕੀ ਗਠਜੋੜ ਅਤੇ ਰਾਜਨੀਤਕ ਦਲਾਂ ਤੋਂ ਕਿਤੇ ਜ਼ਿਆਦਾ ਮਜ਼ਬੂਤ ਹੈ।