ਰਾਜੋਆਣਾ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲੋ, ਸੁਖਬੀਰ ਨੇ ਰਾਜਨਾਥ ਨੂੰ ਮਿਲ ਕੇ ਮੰਗ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਅੱਜ ਇਕ ਉੱਚ ਪੱਧਰੀ ਪਾਰਟੀ ਵਫ਼ਦ ਦੇ ਨਾਲ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲੇ..............

During a meeting with Rajnath Singh, a delegation of SAD

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਅੱਜ ਇਕ ਉੱਚ ਪੱਧਰੀ ਪਾਰਟੀ ਵਫ਼ਦ ਦੇ ਨਾਲ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲੇ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗ੍ਰਹਿ ਮੰਤਰਾਲੇ ਕੋਲ ਸੌਂਪੇ ਜਾ ਚੁੱਕੇ ਸਿੱਖਾਂ ਦੇ ਸਾਰੇ ਲਟਕੇ ਮਸਲਿਆਂ ਨੂੰ ਤੁਰੰਤ ਹੱਲ ਕੀਤਾ ਜਾਵੇ। ਇਸ ਮੌਕੇ ਅਕਾਲੀ ਦਲ ਦੇ ਵਫ਼ਦ, ਜਿਸ ਵਿਚ ਐਸਜੀਪੀਸੀ ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ ਵੀ ਸ਼ਾਮਿਲ ਸਨ, ਵੱਲੋਂ ਗ੍ਰਹਿ ਮੰਤਰੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ

ਜਿਸ ਰਾਹੀਂ ਦਿੱਲੀ ਵਿਚ ਹੋਏ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਜਲਦੀ ਇਨਸਾਫ ਦਿਵਾਉਣ ਵਾਸਤੇ ਸਾਰੇ ਕੇਸਾਂ ਦੀ ਰੋਜ਼ਾਨਾ ਸੁਣਵਾਈ ਲਈ ਇੱਕ ਵਿਸ਼ੇਸ਼ ਅਦਾਲਤ ਕਾਇਮ ਕਰਨ ਦੀ ਮੰਗ ਕੀਤੀ ਗਈ। ਵਫ਼ਦ ਵੱਲੋਂ ਇਹ ਵੀ ਅਪੀਲ ਕੀਤੀ ਗਈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ ਜਾਵੇ ਜੋ ਕਿ ਪਿਛਲੇ 21 ਸਾਲ ਤੋਂ ਜੇਲ੍ਹ ਵਿਚ ਬੰਦ ਹੈ। ਵਫ਼ਦ ਨੇ ਸਜ਼ਾਵਾਂ ਪੂਰੀਆਂ ਕਰ ਚੁੱਕਣ ਤੋਂ ਬਾਅਦ ਵੀ ਵੱਖ ਵੱਖ ਜੇਲ੍ਹਾਂ ਵਿਚ ਬੰਦ ਸਿੱਖ ਬੰਦੀਆਂ ਨੂੰ ਤੁਰੰਤ ਰਿਹਾ ਕੀਤੇ ਜਾਣ ਦੀ ਮੰਗ ਕੀਤੀ। 

ਬੀਬੀ ਹਰਸਿਮਰਤ ਕੌਰ ਬਾਦਲ, ਸ. ਬਲਵਿੰਦਰ ਸਿੰਘ ਭੂੰਦੜ, ਸ੍ਰੀ ਨਰੇਸ਼ ਗੁਜਰਾਲ, ਸ. ਮਨਜੀਤ ਸਿੰਘ ਜੀਕੇ ਅਤੇ ਸ. ਤਰਲੋਚਨ ਸਿੰਘ ਦੀ ਹਾਜ਼ਰੀ ਵਾਲੇ ਇਸ ਵਫ਼ਦ ਨੇ ਕੇਂਦਰ ਨੂੰ ਜੋਧਪੁਰ ਦੇ ਸਾਰੇ ਸਿੱਖ ਨਜ਼ਰਬੰਦਾਂ ਨੂੰ ਮੁਆਵਜ਼ਾ ਦਿੱਤੇ ਜਾਣ ਅਪੀਲ ਕਰਦਿਆਂ ਕਿਹਾ ਕਿ 365 ਨਜ਼ਰਬੰਦਾਂ ਵਿਚੋਂ ਸਿਰਫ 40 ਨੂੰ ਹੀ ਮੁਆਵਜ਼ਾ ਦਿੱਤਾ ਗਿਆ ਹੈ। ਵਫ਼ਦ ਨੇ 1989 ਤੋਂ ਲੈ ਕੇ ਅਫਗਾਨਿਸਤਾਨ ਵਿਚੋਂ ਜਬਰੀ ਕੱਢੇ ਗਏ ਸਾਰੇ ਹਿੰਦੂ ਅਤੇ ਸਿੱਖ ਪਰਿਵਾਰਾਂ ਨੂੰ ਨਾਗਰਿਕਤਾ ਦਿੱਤੇ ਜਾਣ ਦੀ ਵੀ ਅਪੀਲ ਕੀਤੀ। 

ਇਸ ਤੋਂ ਇਲਾਵਾ ਵਫ਼ਦ ਨੇ ਗੁਰਦੁਆਰਾ ਡਾਂਗ ਮਾਰ ਸਾਹਿਬ ਨੂੰ ਦੁਬਾਰਾ ਖੋਲ੍ਹੇ ਜਾਣ ਅਤੇ ਇਸ ਦਾ ਪ੍ਰਬੰਧ ਸਿੱਖ ਭਾਈਚਾਰੇ ਨੂੰ ਸੌਂਪੇ ਜਾਣ ਦੀ ਵੀ ਅਪੀਲ ਕੀਤੀ।
ਵਫ਼ਦ ਨੇ ਭਾਰਤ ਵਿਚ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਵਿਚ ਪੈਂਦੇ ਗੁਰਦੁਆਰਾ ਕਰਤਾਰਪੁਰ ਤਕ ਰੁਕਾਵਟ-ਰਹਿਤ ਗਲਿਆਰਾ ਬਣਾਏ ਜਾਣ ਦਾ ਮੁੱਦਾ ਵੀ ਉਠਾਇਆ। ਹੋਰ ਵੀ ਬਹੁਤ ਸਾਰੇ ਸਿੱਖਾਂ ਨਾਲ ਸਬੰਧਿਤ ਮਸਲੇ ਵੀ ਵਿਚਾਰੇ ਗਏ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਸਿੱਖ ਐਸੋਸੀਏਸ਼ਨ ਦੇ ਨੁੰਮਾਇਦੇ ਖਜਿੰਦਰ ਸਿੰਘ ਅਤੇ ਤਰਵਿੰਦਰ ਸਿੰਘ ਵੀ ਇਸ ਵਫ਼ਦ ਦਾ ਹਿੱਸਾ ਸਨ।