ਰਾਜੋਆਣਾ ਮਾਮਲੇ 'ਚ ਕੇਂਦਰ ਨੂੰ ਦਿਤੀ ਮੋਹਲਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਵੱਖ-ਵੱਖ ਸਿੱਖ ਮਸਲਿਆਂ ਨੂੰ ਲੈ ਕੇ ਅੱਜ ਅਕਾਲ ਤਖ਼ਤ ਵਿਖੇ ਜਥੇਦਾਰਾਂ ਦੀ ਅਹਿਮ ਇਕੱਤਰਤਾ ਹੋਈ................

Jathedar Talk with Media

ਅੰਮ੍ਰਿਤਸਰ : ਵੱਖ-ਵੱਖ ਸਿੱਖ ਮਸਲਿਆਂ  ਨੂੰ ਲੈ ਕੇ ਅੱਜ ਅਕਾਲ ਤਖ਼ਤ ਵਿਖੇ ਜਥੇਦਾਰਾਂ ਦੀ ਅਹਿਮ ਇਕੱਤਰਤਾ ਹੋਈ। ਬੈਠਕ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿਚ ਕੇਂਦਰ ਨੂੰ ਸਰਕਾਰ 45 ਦਿਨ ਦਾ ਸਮਾਂ ਦਿਤਾ ਗਿਆ ਹੈ ਅਤੇ ਜੇ 45 ਦਿਨਾ ਵਿਚ ਕੋਈ ਵੀ ਫ਼ੈਸਲਾ ਨਾ ਲਿਆ ਤਾਂ ਅਗਲੇ ਅੰਦੋਲਨ ਦੀ ਰਣਨੀਤੀ ਅਕਾਲ ਤਖ਼ਤ ਵਿਖੇ ਉਲੀਕੀ ਜਾਵੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਫੇਰੀ ਦੌਰਾਨ ਦਸਤਾਰ ਦੀ ਕੀਤੀ ਕਥਿਤ ਬੇਅਦਬੀ ਬਾਰੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੋਈ ਬਿਆਨ ਨਹੀਂ ਦਿਤਾ। ਸੌਦਾ ਸਾਧ ਦੇ ਡੇਰੇ ਵੋਟਾਂ ਲੈਣ ਗਈ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਤੇ ਮਨਪ੍ਰੀਤ ਸਿੰਘ ਬਾਦਲ ਦੇ ਲੜਕੇ ਅਰਜਨ ਸਿੰਘ ਬਾਰੇ ਜਥੇਦਾਰ ਨੇ ਸਪੱਸ਼ਟ ਕੀਤਾ ਕਿ ਉਨਾਂ ਨੂੰ ਕਈ ਵਾਰ ਬੁਲਾਇਆ ਗਿਆ ਹੈ ਪਰ ਉਹ ਨਹੀਂ ਆਏ, ਇਸ ਦਾ ਉਨ੍ਹਾਂ ਨੂੰ  ਖਮਿਆਜ਼ਾ ਭੁਗਤਣਾ ਪਵੇਗਾ।  

ਜਥੇਦਾਰਾਂ ਵਲੋ  ਸ਼ਹੀਦ ਨਗਰ ਗੁ: ਸਾਹਿਬ ਬੁੱਢਾ ਜੋਹੜ ਜ਼ਿਲ੍ਹਾ ਗੰਗਾਨਗਰ ਦੇ ਕੇਸ ਨੂੰ ਵਿਚਾਰਿਆ ਗਿਆ, ਜੋ ਕਾਫ਼ੀ ਗੁੰਝਲਦਾਰ ਹੈ। ਦੋਵੇਂ ਧਿਰਾਂ ਹੀ ਛੋਟੀ-ਛੋਟੀ ਗੱਲ 'ਤੇ ਉਲਝੀਆਂ ਹੋਈਆਂ ਹਨ ਅਤੇ ਇਨ੍ਹਾਂ ਨੇ ਅਕਾਲ ਤਖ਼ਤ ਦੇ ਹੁਕਮਾਂ ਨੂੰ ਅੱਖੋਂ ਪਰੋਖੇ ਕਰ ਕੇ ਅਪਣੀ ਮਰਜੀ ਨਾਲ ਹੀ ਗੁ: ਸਾਹਿਬ ਦਾ ਸੰਵਿਧਾਨ ਤਿਆਰ ਕੀਤਾ ਹੈ ਅਤੇ ਕਮੇਟੀਆਂ ਬਣਾਈਆਂ ਹਨ। ਇਸ ਨਾਲ ਕਾਫ਼ੀ ਵਾਦ-ਵਿਵਾਦ ਵਧਿਆ ਅਤੇ ਸੰਗਤ ਵਿਚ ਰੋਸ ਹੈ।

ਇਸ ਲਈ ਜਥੇਦਾਰਾਂ ਨੇ ਇਹ ਦੋਵੇਂ ਕਮੇਟੀਆਂ ਅਤੇ ਸੰਵਿਧਾਨ ਨੂੰ ਭੰਗ ਕਰ ਕੇ ਪ੍ਰਬੰਧ ਨੌਂ ਮੈਂਬਰੀ ਕਮੇਟੀ ਨੂੰ ਸੌਂਪਿਆ ਹੈ। ਸਿੱਖ ਬੀਬੀਆਂ ਲਈ ਜਾਰੀ ਹੋਏ ਹੈਲਮਟ ਪਾਉਣ ਦੇ ਨਿਰਦੇਸ਼ ਸਬੰਧੀ ਜਥੇਦਾਰਾਂ ਨੇ ਫ਼ੈਸਲਾ ਕੀਤਾ ਹੈ ਕਿ ਜਿਸ ਬੀਬੀ ਦੇ ਨਾਂ ਨਾਲ ਕੌਰ ਹੈ ਅਤੇ ਸਾਬਤ ਸੂਰਤ ਹੈ। ਸਿੱਖ ਰਹਿਤ ਮਰਿਆਦਾ ਅਨੁਸਾਰ ਉਹ ਸਿੱਖ ਹੈ। ਉਸ ਨੂੰ ਹੈਲਮਟ ਦੀ ਛੋਟ ਲਈ ਸ਼੍ਰੋਮਣੀ ਕਮੇਟੀ ਕਾਨੂੰਨੀ ਚਾਰਾਜੋਈ ਕਰੇ।